‘ਖੇਡਾਂ ਵਤਨ ਪੰਜਾਬ ਦੀਆਂ‘ ਮਸ਼ਾਲ ਮਾਰਚ ਦਾ ਫ਼ਿਰੋਜ਼ਪੁਰ ਵਿਖੇ ਪਹੁੰਚਣ ‘ਤੇ ਵਿਧਾਇਕਾਂ ਅਤੇ ਡੀ.ਸੀ. ਵੱਲੋਂ ਸਵਾਗਤ
– ਮਸ਼ਾਲ ਮਾਰਚ ਨੂੰ ਹਰੀ ਝੰਡੀ ਦੇ ਕੇ ਤਰਨਤਾਰਨ ਲਈ ਕੀਤਾ ਰਵਾਨਾ
– ਸਥਾਨਕ ਉੱਘੇ ਖਿਡਾਰੀ, ਵਿਧਾਇਕ ਅਤੇ ਜ਼ਿਲ੍ਹੇ ਦੇ ਕਈ ਉੱਚ ਅਧਿਕਾਰੀ ਵੀ ਹੋਏ ਸ਼ਾਮਲ
ਫ਼ਿਰੋਜ਼ਪੁਰ, 23 ਅਗਸਤ 2023: ਸਿਹਤਮੰਦ ਤੇ ਰੰਗਲੇ ਪੰਜਾਬ ਦੀ ਸਿਰਜਣਾ ਅਤੇ ਰਾਜ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਦੇ ਮੰਤਵ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿੱਚ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਸ਼ਾਲ ਮਾਰਚ ਦਾ ਫ਼ਿਰੋਜ਼ਪੁਰ ਵਿਖੇ ਪਹੁੰਚਣ ‘ਤੇ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ, ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਆ, ਵਿਧਾਇਕ ਗੁਰੂਹਰਸਹਾਏ ਫੌਜਾ ਸਿੰਘ ਸਰਾਰੀ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਆਈ.ਏ.ਐਸ. ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ, ਰਜਨੀਸ਼ ਦਹੀਆ ਤੇ ਫੌਜਾ ਸਿੰਘ ਸਰਾਰੀ ਨੇ ਸਮੂਹ ਖੇਡ ਪ੍ਰੇਮੀਆਂ, ਖਿਡਾਰੀਆਂ ਅਤੇ ਕੋਚਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ, ਨਰੋਏ ਤੇ ਰੰਗਲੇ ਪੰਜਾਬ ਦੀ ਸਿਰਜਣਾ ਅਤੇ ਰਾਜ ਨੂੰ ਖੇਡਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੂਮਾਈ ‘ਚ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਤੋਂ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ‘ ਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ‘ਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਅਤੇ ਫ਼ਿਰੋਜ਼ਪੁਰ ਤੋਂ ਸ਼ੁਰੂ ਕੀਤੀ ਗਈ ‘ਹਰ ਪਿੰਡ ਇਕ ਖੇਡ ਮੈਦਾਨ‘ ਮੁਹਿੰਮ ਨਾਲ ਖਿਡਾਰੀਆਂ ਨੂੰ ਅੰਤਰਾਸ਼ਟਰੀ ਪੱਧਰ ਦਾ ਖਿਡਾਰੀ ਬਣਾਉਣ ਲਈ ਇਕ ਚੰਗਾ ਮੰਚ ਪ੍ਰਦਾਨ ਕੀਤਾ ਹੈ।
ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਵੱਧ ਤੋਂ ਵੱਧ ਖਿਡਾਰੀਆਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ‘ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਨ੍ਹਾਂ ਖੇਡ ਈਵੈਂਟ ਵਿੱਚ ਬਲਾਕ, ਜ਼ਿਲ੍ਹਾ ਅਤੇ ਰਾਜ ਪੱਧਰ ਤੱਕ ਖੇਡਾਂ ਕਰਾਈਆਂ ਜਾਣਗੀਆਂ ਅਤੇ ਖਿਡਾਰੀਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਖਿਡਾਰੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਹਿੱਸਾ ਲੈਣ ਆਨਲਾਈਨ ਰਜਿਸਟ੍ਰੇਸ਼ਨ ਕਰਾਉਣ ਦੀ ਅਪੀਲ ਕੀਤੀ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਪਹਿਲੇ ਸੀਜ਼ਨ ਦੀ ਲੁਧਿਆਣਾ ਵਿਖੇ ਸਮਾਪਤੀ ਹੋਈ ਸੀ ਜਿਸ ਕਾਰਨ ਮਸ਼ਾਲ ਮਾਰਚ ਦੇ ਦੂਜੇ ਸੀਜ਼ਨ ਤੋਂ ਪਹਿਲਾਂ ਮਸ਼ਾਲ ਲੁਧਿਆਣਾ ਤੋਂ ਹੀ ਸ਼ੁਰੂ ਕੀਤੀ ਗਈ ਅਤੇ ਇਹ ਮਸ਼ਾਲ ਪੂਰੇ ਪੰਜਾਬ ਵਿੱਚ ਮਾਰਚ ਕਰਨ ਤੋਂ ਬਾਅਦ ਬਠਿੰਡਾ ਵਿਖੇ 29 ਅਗਸਤ ਨੂੰ ਪਹੁੰਚੇਗੀ ਜਿੱਥੇ ਖੇਡਾਂ ਦੇ ਦੂਜੇ ਸੀਜ਼ਨ ਦਾ ਉਦਘਾਟਨ ਹੋਵੇਗਾ। ਹਰ ਜ਼ਿਲਾ ਹੈਡਕੁਆਟਰ ਉਤੇ ਮਸ਼ਾਲ ਮਾਰਚ ਵਿੱਚ ਸਥਾਨਕ ਉੱਘੇ ਖਿਡਾਰੀ, ਖੇਡ ਵਿਭਾਗ ਦੇ ਕਰਮਚਾਰੀ, ਸਥਾਨਕ ਨੁਮਾਇੰਦੇ ਅਤੇ ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਣਗੇ।
ਇਸ ਮੌਕੇ ਵਿਧਾਇਕ ਰਣਬੀਰ ਸਿੰਘ ਭੁੱਲਰ, ਸ੍ਰੀ ਰਜਨੀਸ਼ ਦਹੀਆ, ਫੌਜਾ ਸਿੰਘ ਸਰਾਰੀ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਮਸ਼ਾਲ ਮਾਰਚ ਨੂੰ ਹਰੀ ਝੰਡੀ ਦੇ ਕੇ ਤਰਨਤਾਰਨ ਜ਼ਿਲ੍ਹੇ ਲਈ ਰਵਾਨਾ ਕੀਤਾ ਗਿਆ ਅਤੇ ਇਹ ਮਸ਼ਾਲ ਮਾਰਚ ਤਰਨਤਾਰਨ ਤੇ ਅੰਮ੍ਰਿਤਸਰ ਤੋਂ ਹੋ ਕੇ 24 ਅਗਸਤ ਨੂੰ ਗੁਰਦਾਸਪੁਰ, ਪਠਾਨਕੋਟ ਤੇ ਹੁਸ਼ਿਆਰਪੁਰ, 25 ਅਗਸਤ ਨੂੰ ਜਲੰਧਰ ਤੇ ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਤੇ ਰੂਪਨਗਰ, 26 ਅਗਸਤ ਨੂੰ ਐਸ.ਏ.ਐਸ.ਨਗਰ, ਫਤਹਿਗੜ੍ਹ ਸਾਹਿਬ ਤੇ ਮਾਲੇਰਕੋਟਲਾ, 27 ਅਗਸਤ ਨੂੰ ਪਟਿਆਲਾ, ਸੰਗਰੂਰ ਤੇ ਮਾਨਸਾ, 28 ਅਗਸਤ ਨੂੰ ਬਰਨਾਲਾ, ਫਰੀਦਕੋਟ ਤੇ ਫਾਜ਼ਿਲਕਾ ਅਤੇ 29 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਤੇ ਬਠਿੰਡਾ ਵਿਖੇ ਮਸ਼ਾਲ ਮਾਰਚ ਪਹੁੰਚੇਗੀ।
ਇਸ ਅਵਸਰ ‘ਤੇ ਜ਼ਿਲ੍ਹਾ ਖੇਡ ਅਫ਼ਸਰ ਬਲਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸਤੀਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ, ਚੇਅਰਮੈਨ ਮਾਰਕੀਟ ਕਮੇਟੀ ਬਲਰਾਜ ਕਟੋਰਾ, ਸਾਬਕਾ ਡਿਪਟੀ ਡਾਇਰੈਕਟਰ ਸੁਨੀਲ ਸ਼ਰਮਾ, ਸਾਬਕਾ ਜ਼ਿਲ੍ਹਾ ਖੇਡ ਅਫ਼ਸਰ ਹਰਨਰੈਣ ਸਿੰਘ ਲਾਡੀ ਤੋਂ ਇਲਾਵਾ ਜ਼ਿਲ੍ਹੇ ਦੇ ਅਧਿਕਾਰੀ, ਖਿਡਾਰੀ, ਕੋਚ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ।