ਵਾਹਿਦ ਸੰਧਰ ਸ਼ੂਗਰ ਮਿੱਲ ਵੱਲੋਂ 600 ਤੋਂ ਵੱਧ ਕਿਸਾਨਾਂ ਨਾਲ ਧੋਖਾਧੜੀ ,
ਮਿੱਲ ਵੱਲ ਕਿਸਾਨਾਂ ਦੇ 40 ਕਰੋੜ ਰੁਪਏ ਬਕਾਇਆ
ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਜਾਂਚ ਦੌਰਾਨ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਵਿੱਚ ਸਥਿਤ ਗੋਲਡਨ ਸੰਧਰ ਸ਼ੂਗਰ ਮਿੱਲ ਸਬੰਧੀ ਹੈਰਾਨੀਜਨਕ ਤੱਥ ਸਾਹਮਣੇ ਲਿਆਂਦੇ ਹਨ। ਮਿੱਲ, ਜਿਸ ਨੂੰ ਪਹਿਲਾਂ ਵਾਹਿਦ ਸੰਧਰ ਸ਼ੂਗਰ ਮਿੱਲ ਵਜੋਂ ਜਾਣਿਆ ਜਾਂਦਾ ਸੀ, ਪਿਛਲੇ ਚਾਰ ਸਾਲਾਂ ਤੋਂ ਗੰਨਾ ਕਾਸ਼ਤਕਾਰਾਂ ਦੇ ਬਕਾਏ ਦਾ ਨਿਬੇੜਾ ਨਹੀਂ ਕਰ ਸਕੀ ਅਤੇ ਮਿੱਲ ਵੱਲ ਕਿਸਾਨਾਂ ਦੇ ਲਗਭਗ 40 ਕਰੋੜ 71 ਲੱਖ 68 ਹਜ਼ਾਰ ਰੁਪਏ ਬਕਾਇਆ ਹਨ।
ਇਹ ਪ੍ਰਗਟਾਵਾ ਕਰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਨਵੰਬਰ ਦੇ ਪਹਿਲੇ ਹਫ਼ਤੇ ਗੰਨੇ ਦਾ ਪਿੜਾਈ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ। ਗੰਨਾ ਕਾਸ਼ਤਕਾਰਾਂ ਦੀਆਂ ਵਾਰ-ਵਾਰ ਮੰਗਾਂ ਦੇ ਬਾਵਜੂਦ, ਗੋਲਡਨ ਸੰਧਰ ਸ਼ੂਗਰ ਮਿੱਲ ਆਪਣੀ ਵਾਹਿਦ ਸੰਧਰ ਸ਼ੂਗਰ ਮਿੱਲ ਵੇਲੇ ਦੀ ਮੈਨੇਜਮੈਂਟ ਤੋਂ ਲੈ ਕੇ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਭੱਜਦੀ ਆ ਰਹੀ ਹੈ।
ਇਸ ਤੋਂ ਇਲਾਵਾ ਇੱਕ ਬਹੁਤ ਹੀ ਹੈਰਾਨੀਜਨਕਤ ਤੱਥ ਇਹ ਹੈ ਕਿ ਕਿਸਾਨਾਂ ਨੂੰ ਹੁਣ ਆਈ.ਡੀ.ਬੀ.ਆਈ. ਬੈਂਕ ਫਗਵਾੜਾ ਤੋਂ ਲੀਗਲ ਨੋਟਿਸ ਮਿਲ ਰਹੇ ਹਨ ਹਨ, ਜਿਸ ਵਿੱਚ ਉਨ੍ਹਾਂ ਨੂੰ ਪ੍ਰਤੀ ਕਿਸਾਨ ਦੇ ਹਿਸਾਬ ਨਾਲ ਬੈਂਕ ਨੂੰ ਕੁੱਲ 3,00,000 ਰੁਪਏ ਦਾ ਕੇ.ਸੀ.ਸੀ. (ਕਿਸਾਨ ਕ੍ਰੈਡਿਟ ਕਾਰਡ) ਕਰਜ਼ਾ ਮੋੜਨ ਲਈ ਕਿਹਾ ਜਾ ਰਿਹਾ ਹੈ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਿਸਾਨਾਂ ਨੂੰ ਬੈਂਕ ਤੋਂ ਕਰਜ਼ਾ ਲੈਣ ਜਾਂ ਕਰਜ਼ੇ ਦੇ ਫੰਡਾਂ ਦੀ ਵਰਤੋਂ ਕਰਨ ਬਾਰੇ ਕੁਝ ਵੀ ਪਤਾ ਨਹੀਂ ਹੈ।
ਇਸ ਉਲਝਣਤਾਣੀ ਕਾਰਨ ਬਣੇ ਹਾਲਾਤਾਂ ਕਰਕੇ ਗੰਨਾ ਕਾਸ਼ਤਕਾਰਾਂ ਨੂੰ ਕਾਫ਼ੀ ਨੁਕਸਾਨ ਝੱਲਣਾ ਪਿਆ ਹੈ ਅਤੇ ਉਨ੍ਹਾਂ ਨੂੰ ਗੰਨੇ ਦੀ ਫਸਲ ਦੀ 40 ਕਰੋੜ 71 ਲੱਖ 68 ਹਜ਼ਾਰ ਰੁਪਏ ਦੀ ਅਦਾਇਗੀ ਨਹੀਂ ਕੀਤੀ ਗਈ ਹੈ। ਇਸ ਦੇ ਨਾਲ ਹੀ ਤਕਰੀਬਨ 600 ਕਿਸਾਨ ਆਪਣੇ ਆਪ ਨੂੰ ਕੇ.ਸੀ.ਸੀ. ਕਰਜ਼ੇ ਦੀਆਂ ਦੇਣਦਾਰੀਆਂ ਸਬੰਧੀ ਬਣੇ ਜਮੂਦ ਵਿੱਚ ਫਸਿਆ ਮਹਿਸੂਸ ਕਰ ਰਹੇ ਹਨ, ਜਿਸ ਅਨੁਸਾਰ ਮਿੱਲ ਦੀ ਗਾਰੰਟਰਸ਼ਿਪ ਅਧੀਨ ਹਰੇਕ ਕਿਸਾਨ ਵੱਲ 3,00,000 ਰੁਪਏ ਦੀ ਦੇਣਦਾਰੀ ਕੱਢੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਉਲਝਣਤਾਣੀ ਦਾ ਹੱਲ ਨਿਕਲਣ ਦੀ ਉਮੀਦ ਨਾਲ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।