ਸਾਬਕਾ ਵਿਦੇਸ਼ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਪੰਜਾਬ ਦੇ ਵੱਖ-ਵੱਖ ਹਲਕਿਆਂ ਦੀਆਂ ਔਰਤਾਂ ਸਮੇਤ ਪੰਜਾਬ ਸਰਕਾਰ ਖ਼ਿਲਾਫ਼ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪ੍ਰਨੀਤ ਕੌਰ ਨੇ ਆਪਣੇ ਹੱਥਾਂ ’ਚ ਮੇਰਾ 1000 ਰੁਪਈਆ ਮਹੀਨੇ ਕਿੱਥੇ? ਵਾਲੀ ਤਖ਼ਤੀ ਫੜ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਮਗਰੋਂ ਉਨ੍ਹਾਂ ਨੇ ਡੀ. ਸੀ. ਪਟਿਆਲਾ ਨੂੰ ਪੰਜਾਬ ਸਰਕਾਰ ਦੇ ਨਾਂ ਇਕ ਮੈਮੋਰੰਡਮ ਵੀ ਸੌਂਪਿਆ। ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪਟਿਆਲਾ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਗਾਰੰਟੀ ਦਿੱਤੀ ਸੀ ਕਿ ਉਹ ਇਕ ਵਾਰ ਚੁਣੇ ਜਾਣ ’ਤੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਵੇਗੀ ਪਰ ਹੁਣ 6 ਮਹੀਨੇ ਹੋ ਗਏ ਹਨ ਅਤੇ ਸਰਕਾਰ ਵੱਲੋਂ ਆਪਣੇ ਇਸ ਵੱਡੇ ਚੋਣ ਵਾਅਦੇ ਨੂੰ ਪੂਰੇ ਕਰਨ ਦੇ ਕੋਈ ਸੰਕੇਤ ਨਹੀਂ ਦਿਖਾਈ ਦੇ ਰਹੇ।
ਇਹ ਵੀ ਪੜ੍ਹੋ- ਬੰਬੀਹਾ ਗੈਂਗ ਦੀ ਪੰਜਾਬ ਪੁਲਸ ਨੂੰ ਚੁਣੌਤੀ, ਮਨਕੀਰਤ ਔਲਖ ਦਾ ਵੀ ਕੀਤਾ ਜ਼ਿਕਰ
ਉਨ੍ਹਾਂ ਅੱਗੇ ਕਿਹਾ, ‘‘ਆਪ ਸਰਕਾਰ ਵੱਲੋਂ ਕੀਤੇ ਵਾਅਦੇ ਨੂੰ ਲਾਗੂ ਨਾ ਕੀਤੇ ਜਾਣ ਕਾਰਨ ਔਰਤਾਂ ’ਚ ਰੋਸ ਵਧ ਰਿਹਾ ਹੈ ਕਿਉਂਕਿ ਉਹ ਸਰਕਾਰ ਵੱਲੋਂ ਪੂਰੀ ਤਰ੍ਹਾਂ ਠੱਗਿਆ ਮਹਿਸੂਸ ਕਰ ਰਹੀਆਂ ਹਨ। ਇਹ ਸਾਡਾ ਬਣਦਾ ਹੱਕ ਹੈ, ਜਿਸ ਦਾ ਸਰਕਾਰ ਵੱਲੋਂ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਅਤੇ ਜੇਕਰ ਪੰਜਾਬ ਸਰਕਾਰ ਅਕਤੂਬਰ ਤੱਕ ਇਸ ਗਾਰੰਟੀ ਨੂੰ ਪੂਰਾ ਕਰਨ ’ਚ ਅਸਫ਼ਲ ਰਹਿੰਦੀ ਹੈ ਤਾਂ ਅਸੀਂ ਪੰਜਾਬ ਭਰ ’ਚ ਉਨ੍ਹਾਂ ਦੇ ਖ਼ਿਲਾਫ਼ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਾਂਗੇ।’’ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਸਨ ਬਾਰੇ ਗੱਲ ਕਰਦਿਆਂ ਪਟਿਆਲਾ ਤੋਂ ਸੰਸਦ ਮੈਂਬਰ ਨੇ ਕਿਹਾ, “ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੇਣ, ਸਥਾਨਕ ਸਰਕਾਰਾਂ ਅਤੇ ਪੰਚਾਇਤੀ ਰਾਜ ਚੋਣਾਂ ’ਚ 50 ਫੀਸਦੀ ਰਾਖਵਾਂਕਰਨ, ਸ਼ਗਨ ਦੀ ਰਾਸ਼ੀ ਵਧਾਉਣ ਵਰਗੀਆਂ ਕਈ ਔਰਤਾਂ ਪੱਖੀ ਸਕੀਮਾਂ ਅਤੇ ਹੋਰ ਬਹੁਤ ਸਾਰੀਆਂ ਨੀਤੀਆਂ ਲਾਗੂ ਕੀਤੀਆਂ।’’
ਇਹ ਵੀ ਪੜ੍ਹੋ- ਜਰਮਨੀ ‘ਚ ਲਾਂਚ ਹੋਈ ਦੁਨੀਆ ਦੀ ਪਹਿਲੀ ‘ਹਾਈਡ੍ਰੋਜਨ ਟ੍ਰੇਨ’, ਡੀਜ਼ਲ ਟ੍ਰੇਨਾਂ ਦੀ ਲਵੇਗੀ ਜਗ੍ਹਾ
ਸਿੱਧੂ ਮੂਸੇਵਾਲਾ ਦੇ ਇਨਸਾਫ਼ ਮਾਰਚ ਬਾਰੇ ਮੀਡੀਆ ਦੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਇਸ ਤਰ੍ਹਾਂ ਦੇ ਨੌਜਵਾਨ ਦਾ ਇਨ੍ਹੀਂ ਛੋਟੀ ਉਮਰ ’ਚ ਤੁਰ ਜਾਣਾ ਪੂਰੀ ਤਰ੍ਹਾਂ ਦੁੱਖਦਾਈ ਹੈ, ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ ਸੀ ਅਤੇ ਇਹ ਸਮਝਣਯੋਗ ਹੈ ਕਿ ਉਸ ਦੇ ਮਾਤਾ-ਪਿਤਾ ਇਨਸਾਫ਼ ਦੀ ਮੰਗ ਕਰ ਰਹੇ ਹਨ ਅਤੇ ਮੈਂ ਉਨ੍ਹਾਂ ਦੀ ਇਸ ਮੰਗ ’ਚ ਉਨ੍ਹਾਂ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹਾਂ।’’ ਪਟਿਆਲਾ ਦੀ ਡੀ. ਸੀ. ਸਾਕਸ਼ੀ ਸਾਹਨੀ ਨੂੰ ਪ੍ਰਨੀਤ ਕੌਰ ਨੇ ਮੰਗ ਪੱਤਰ ਸੌਂਪਦਿਆਂ ਕਿਹਾ ਕਿ ‘‘ਮੈਂ ਪੰਜਾਬ ਦੀਆਂ ਔਰਤਾਂ ਦੀ ਨੁਮਾਇੰਦਗੀ ਕਰਦੇ ਹੋਏ ਤੁਹਾਡੇ ਸਾਹਮਣੇ ਖੜ੍ਹੀ ਹਾਂ ਅਤੇ ਅਸੀਂ ਸੂਬਾ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਆਮ ਲੋਕਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਤੁਰੰਤ ਪੂਰਾ ਕਰਨ। ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਸਾਡੇ ਵਿਰੁੱਧ ਜੋ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਹਨ, ਉਸ ਖ਼ਿਲਾਫ਼ ਵੀ ਧਿਆਨ ਦਿਵਾਉਂਦੀ ਹਾਂ ਅਤੇ ਅਸੀਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ। ਸਾਡੇ ਐੱਮ.ਸੀ. ਨੂੰ ਸਿਰਫ਼ ਇਸ ਲਈ ਨਿਸ਼ਾਨਾ ਬਣਾਉਣਾ ਕਿਉਂਕਿ ਅਸੀਂ ਵਿਰੋਧੀ ਧਿਰ ’ਚ ਹਾਂ, ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਹੈ ਅਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ।’’ ਪ੍ਰਨੀਤ ਕੌਰ ਨਾਲ ਪੰਜਾਬ ਭਰ ਦੀਆਂ ਹਜ਼ਾਰਾਂ ਬੀਬੀਆਂ ਨੇ ਵੀ ਸ਼ਿਰਕਤ ਕੀਤੀ।