ਲੁਧਿਆਣਾ: ਪੰਜਾਬ ਦੇ ਲੁਧਿਆਣਾ ‘ਚ ਟਰਾਂਸਪੋਰਟ ਟੈਂਡਰ ਘੁਟਾਲੇ ਨੂੰ ਲੈ ਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ (Ravneet Bittu) ਅਤੇ ਪੰਜਾਬ ਵਿਜੀਲੈਂਸ (Punjab Vigilance) ਦੇ ਐਸਐਸਪੀ ਆਹਮੋ-ਸਾਹਮਣੇ ਆ ਗਏ ਹਨ। 22 ਅਗਸਤ ਨੂੰ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ ਦੇ ਦੋਸ਼ੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ (Bharat Bhushan Ashu) ਨੂੰ ਵਿਜੀਲੈਂਸ ਨੇ ਸੈਲੂਨ ਤੋਂ ਗ੍ਰਿਫਤਾਰ ਕੀਤਾ ਸੀ। ਜਦੋਂ ਆਸ਼ੂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਉਸ ਸਮੇਂ ਸਾਂਸਦ ਰਵਨੀਤ ਬਿੱਟੂ ਦੀ ਮੌਕੇ ‘ਤੇ ਵਿਜੀਲੈਂਸ ਅਧਿਕਾਰੀਆਂ ਨਾਲ ਕਾਫੀ ਬਹਿਸ ਹੋਈ ਸੀ। ਇਸ ਮਾਮਲੇ ਵਿੱਚ ਵਿਜੀਲੈਂਸ ਨੇ ਸੀਪੀ ਨੂੰ ਬਿੱਟੂ ਖ਼ਿਲਾਫ਼ ਕੇਸ ਦਰਜ ਕਰਨ ਲਈ ਰਿਮਾਈਂਡਰ ਭੇਜ ਦਿੱਤਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ੁੱਕਰਵਾਰ ਨੂੰ ਵੀ ਸਾਂਸਦ ਬਿੱਟੂ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸਰਕਾਰ ਅਤੇ ਵਿਜ਼ੀਲੈਂਸ ਖਿਲਾਫ ਆਪਣੀ ਭੜਾਸ ਕੱਢੀ। ਜਿਸ ਤੋਂ ਬਾਅਦ ਹੁਣ ਬਿੱਟੂ ਦੀਆਂ ਮੁਸ਼ਕਲਾਂ ‘ਚ ਵਾਧਾ ਹੋ ਸਕਦਾ ਹੈ। ਇਸ ਲਾਈਵ ਤੋਂ ਬਾਅਦ ਹੁਣ ਤਾਜ਼ਾ ਜਾਣਕਾਰੀ ਹੈ ਕਿ ਵਿਜੀਲੈਂਸ ਰਵਨੀਤ ਬਿੱਟੂ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਬਿੱਟੂ ਨੇ ਲਾਈਵ ਹੋ ਕੇ ਵਿਜੀਲੈਂਸ ਦੀ ਕਾਰਵਾਈ ‘ਤੇ ਸਵਾਲ ਚੁੱਕੇ ਸੀ।
ਬਿੱਟੂ ਨੇ ਬੀਤੇ ਦਿਨ ਲਾਈਵ ਹੋ ਕੇ ਵਿਜੀਲੈਂਸ ਨੂੰ ਸੈਟਿੰਗ ਦੀ ਦੁਕਾਨ ਕਿਹਾ। ਜਿਸ ਤੋਂ ਬਾਅਦ ਬਿੱਟੂ ‘ਤੇ ਕੇਸ ਲਈ ਡੀਏ ਦੀ ਸਲਾਹ ਲਈ ਜਾ ਰਹੀ ਹੈ। ਇਸ ਦੀ ਜਾਣਕਾਰੀ ਖੁਦ ਵਿਜੀਲੈਂਸ ਦੀ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਵਿਜੀਲੈਂਸ ਨੇ ਆਪਣੀ ਕਾਰਵਾਈ ਤੱਥਾਂ ਦੇ ਆਧਾਰ ‘ਤੇ ਕੀਤੀ ਹੈ। ਇਸ ‘ਚ ਕੋਈ ਵੀ ਗਲਤ ਕੰਮ ਨਹੀਂ ਕੀਤਾ ਜਾ ਰਿਹਾ। ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਸਭਾ ਸਾਂਸਦ ਰਵਨੀਤ ਬਿੱਟੂ ‘ਤੇ ਮਾਣਹਾਨੀ ਦਾ ਕੇਸ ਦਰਜ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਐਸਐਸਪੀ ਨੇ ਕਿਹਾ ਕਿ ਸਾਂਸਦ ਬਿੱਟੂ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਵਿਜੀਲੈਂਸ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕਰ ਕੇ ਜਾਣਬੁੱਝ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।