ਸਰਕਾਰ ਖੇਤੀਬਾੜੀ ਵਿਸਥਾਰ ‘ਤੇ ਉਪ ਮਿਸ਼ਨ (ਐਸ.ਐਮ.ਏ.ਈ.) ਦੇ ਤਹਿਤ ਕੌਮੀ ਪੱਧਰ ‘ਤੇ ਪੇਂਡੂ ਨੌਜਵਾਨਾਂ ਲਈ ਹੁਨਰ ਵਿਕਾਸ ਸਿਖਲਾਈ (ਐਸ.ਟੀ.ਆਰ.ਵਾਈ.) ਪ੍ਰੋਗਰਾਮ ਚਲਾ ਰਹੀ ਹੈ। ਇਸ ਦਾ ਉਦੇਸ਼ ਕਿਸਾਨਾਂ ਸਮੇਤ ਪੇਂਡੂ ਨੌਜਵਾਨਾਂ ਲਈ ਖੇਤੀਬਾੜੀ ਅਤੇ ਸਹਾਇਕ ਖੇਤਰਾਂ ‘ਚ ਕਿੱਤਾਮੁਖੀ ਖੇਤਰਾਂ ਵਿੱਚ ਛੋਟੀ ਮਿਆਦ ਵਾਲੇ ਹੁਨਰ ਵਿਕਾਸ ਸਿਖਲਾਈ ਪ੍ਰੋਗਰਾਮ ਕਰਵਾਉਣਾ ਹੈ। ਇਨ੍ਹਾਂ ਸਕੀਮਾਂ ਦੇ ਤਹਿਤ ਕਿਸਾਨੀ ਕਿੱਤੇ ਨਾਲ ਜੁੜੇ ਦੇਸ਼ ਭਰ ‘ਚ ਇੱਕ ਕਰੋੜ ਤੋਂ ਵੀ ਵੱਧ ਲੋਕਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਜਦਕਿ ਪੰਜਾਬ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਭਲਾਈ ਸਕੀਮਾਂ ਦਾ ਖ਼ੂਬ ਲਾਹਾ ਲਿਆ ਹੈ। ਇਹ ਜਾਣਕਾਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਰਾਮ ਨਾਥ ਠਾਕੁਰ ਨੇ ਸੰਸਦ ਮੈਂਬਰ (ਰਾਜ ਸਭਾ) ਸ. ਸਤਨਾਮ ਸਿੰਘ ਸੰਧੂ ਦੇ ਸਵਾਲ ਦੇ ਲਿਖਤੀ ਜਵਾਬ ‘ਚ ਸਾਂਝੀ ਕੀਤੀ।
ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਰਾਜ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਇਹ ਸਵਾਲ ਕੀਤਾ ਸੀ ਕਿ ਕੀ ਕਿਸਾਨਾਂ ਦੀ ਆਧੁਨਿਕ ਤਕਨੀਕਾਂ, ਖੇਤੀ ਪ੍ਰੋਸੈਸਿੰਗ ਜਾਂ ਖੇਤੀ-ਨਿਰਯਾਤ ਵਿੱਚ ਸਮਰੱਥਾ ਵਧਾਉਣ ਲਈ ਹੁਨਰ ਵਿਕਾਸ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸੰਧੂ ਨੇ ਇਹ ਵੀ ਪੁੱਛਿਆ ਕਿ ਇਨ੍ਹਾਂ ਪ੍ਰੋਗਰਾਮਾਂ ਦੇ ਤਹਿਤ ਪਿਛਲੇ ਤਿੰਨ ਸਾਲਾਂ ਵਿੱਚ ਕਿੰਨੇ ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ। ਨਾਲ ਹੀ ਐਮਪੀ ਨੇ ਇਹ ਵੀ ਸਵਾਲ ਕੀਤਾ ਕਿ ਇਨ੍ਹਾਂ ਵਿੱਚੋਂ ਕਿਹੜੀਆਂ ਕਿਸਾਨ ਭਲਾਈ ਸਕੀਮਾਂ ਪੰਜਾਬ ਵਿੱਚ ਚੱਲ ਰਹੀਆਂ ਹਨ। ਸੰਸਦ ਮੈਂਬਰ ਸਤਨਾਮ ਸੰਧੂ ਨੇ ਸਰਕਾਰ ਤੋਂ ਇਨ੍ਹਾਂ ਸਕੀਮਾਂ ਦਾ ਜ਼ਿਲ੍ਹਾ ਵਾਰ ਵੇਰਵਾ ਵੀ ਮੰਗਿਆ।
ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਨੇ ਅੱਗੇ ਦੱਸਿਆ ਕਿ ਐਸ.ਟੀ.ਆਰ.ਵਾਈ. ਪ੍ਰੋਗਰਾਮ ‘ਚ ਹੁਨਰ ਵਿਕਾਸ ਦੇ 55 ਸੰਕੇਤਕ ਖੇਤਰ ਉਪਲਬਧ ਹਨ, ਜਿਨ੍ਹਾਂ ਵਿੱਚ ਫ਼ੂਡ ਪ੍ਰੋਸੈਸਿੰਗ ਅਤੇ ਮੁੱਲ ਵਾਧਾ, ਫਲ਼ਾਂ ਅਤੇ ਸਬਜ਼ੀਆਂ ਦੀ ਵਾਢੀ ਤੋਂ ਉਨ੍ਹਾਂ ਦਾ ਪ੍ਰਬੰਧਨ ਤੇ ਪੈਕੇਜਿੰਗ, ਫ਼ੂਡ ਪ੍ਰੋਸੈਸਿੰਗ ਮਸ਼ੀਨਰੀ ਦੀ ਸਥਾਪਨਾ ਅਤੇ ਦੇਖਭਾਲ, ਮਧੂ-ਮੱਖੀ ਪਾਲਣ, ਵਰਮੀਕੰਪੋਸਟਿੰਗ, ਸਾਫ਼ ਦੁੱਧ ਦਾ ਉਤਪਾਦਨ, ਉਤਪਾਦਨ ਤਕਨੀਕਾਂ ਦੇ ਆਧੁਨਿਕ ਤਰੀਕੇ, ਖੇਤੀਬਾੜੀ ਪ੍ਰੋਸੈਸਿੰਗ ਆਦਿ ਵਰਗੇ ਪ੍ਰੋਗਰਾਮ ਸ਼ਾਮਲ ਹਨ। ਇਨ੍ਹਾਂ ਪ੍ਰੋਗਰਾਮਾਂ ਬਾਰੇ ਸਿਖਲਾਈ ਲੈਕੇ ਅੱਜ ਕਰੋੜਾਂ ਲੋਕ ਆਤਮ ਨਿਰਭਰ ਹੋ ਰਹੇ ਹਨ।
ਇਸ ਦੇ ਨਾਲ ਹੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਰਾਮ ਨਾਥ ਠਾਕੁਰ ਨੇ ਜਾਣਕਾਰੀ ਦਿੱਤੀ ਕਿ ਕੇਂਦਰੀ ਤੌਰ ‘ਤੇ ਸਪੌਂਸਰ ਕੀਤੀ ਗਈ ਯੋਜਨਾ ‘ਵਿਸਥਾਰ ਸੁਧਾਰਾਂ ਲਈ ਰਾਜ ਵਿਸਥਾਰ ਪ੍ਰੋਗਰਾਮਾਂ ਨੂੰ ਸਮਰਥਨ, ਜਿਸ ਨੂੰ ‘ਆਤਮਾ’ (ਏ.ਟੀ.ਐਮ.ਏ.) ਵਜੋਂ ਜਾਣਿਆ ਜਾਂਦਾ ਹੈ, ਦੇਸ਼ ਦੇ 28 ਸੂਬਿਆਂ ਤੇ 5 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਾਰੇ 740 ਜ਼ਿਲ੍ਹਿਆਂ ਵਿੱਚ ਚਲਾਇਆ ਜਾ ਰਿਹਾ ਹੈ। ਇਹ ਯੋਜਨਾ ਦੇਸ਼ ਵਿੱਚ ਵਿਕੇਂਦਰੀਕ੍ਰਿਤ ਕਿਸਾਨ-ਅਨੁਕੂਲ ਵਿਸਥਾਰ ਪ੍ਰਣਾਲੀ ਨੂੰ ਉਤਸ਼ਾਹਿਤ ਕਰਦੀ ਹੈ। ਇਸ ਯੋਜਨਾ ਦੇ ਤਹਿਤ, ਰਾਜ ਸਰਕਾਰਾਂ ਨੂੰ ਫ਼ੰਡ ਜਾਰੀ ਕੀਤੇ ਜਾਂਦੇ ਹਨ, ਜਿਸ ਨਾਲ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਦੇ ਵੱਖ-ਵੱਖ ਥੀਮੈਟਿਕ ਖੇਤਰਾਂ ਵਿੱਚ ਕਿਸਾਨਾਂ ‘ਚ ਨਵੀਨਤਮ ਖੇਤੀਬਾੜੀ ਤਕਨਾਲੋਜੀਆਂ ਅਤੇ ਚੰਗੇ ਖੇਤੀਬਾੜੀ ਅਭਿਆਸਾਂ ਨੂੰ ਉਪਲਬਧ ਕਰਵਾਇਆ ਜਾਂਦਾ ਹੈ। ਇਨ੍ਹਾਂ ਫੰਡਾਂ ਦੀ ਸਹਾਇਤਾ ਨਾਲ ਸੂਬਾ ਸਰਕਾਰਾਂ ਆਧੁਨਿਕ ਤਕਨਾਲੋਜੀਆਂ ਦੀ ਵਰਤੋਂ, ਕਿਸਾਨ ਸਿਖਲਾਈ ਰਾਹੀਂ ਖੇਤੀਬਾੜੀ ਪ੍ਰੋਸੈਸਿੰਗ ਪ੍ਰਦਰਸ਼ਨ, ਐਕਸਪੋਜ਼ਰ ਦੌਰੇ, ਕਿਸਾਨ ਮੇਲਾ, ਕਿਸਾਨ ਹਿੱਤ ਸਮੂਹਾਂ ਨੂੰ ਲਾਮਬੰਦ ਕਰਨਾ ਅਤੇ ਪੁਰਸਕਾਰ ਜੇਤੂ ਕਿਸਾਨਾਂ ਦੇ ਖੇਤਰ ਵਿੱਚ ਕਿਸਾਨੀ ਸਕੂਲਾਂ ਦੀ ਸਥਾਪਨਾ ਕਰਵਾਉਂਦੀਆਂ ਹਨ।
ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ, “ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈਸੀਏਆਰ) ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਸਿਖਲਾਈ ਪ੍ਰਦਾਨ ਕਰਦੀ ਹੈ, ਜਿਸ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਨਾਲ ਸਬੰਧਤ ਨਵੀਆਂ ਤਕਨੀਕਾਂ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਇਸ ਦੀ ਵਰਤੋਂ ਕਰਕੇ ਪੈਸੇ ਕਮਾਉਣ ਦਾ ਢੰਗ ਵੀ ਸਿਖਾਇਆ ਜਾਂਦਾ ਹੈ। ਆਪਣੀਆਂ ਗਤੀਵਿਧੀਆਂ ਦੇ ਹਿੱਸੇ ਵਜੋਂ ਕ੍ਰਿਸ਼ੀ ਵਿਗਿਆਨ ਕੇਂਦਰ ਕਿਸਾਨਾਂ, ਕਿਸਾਨ ਔਰਤਾਂ ਅਤੇ ਪੇਂਡੂ ਨੌਜਵਾਨਾਂ ਨੂੰ ਖੇਤੀਬਾੜੀ ਅਤੇ ਸਹਾਇਕ ਖੇਤਰਾਂ (ਫ਼ਸਲ ਉਤਪਾਦਨ, ਬਾਗ਼ਬਾਨੀ, ਮਿੱਟੀ ਸਿਹਤ ਅਤੇ ਉਪਜਾਊ ਸ਼ਕਤੀ ਪ੍ਰਬੰਧਨ, ਪਸ਼ੂ ਉਤਪਾਦਨ ਅਤੇ ਪ੍ਰਬੰਧਨ, ਗ੍ਰਹਿ ਵਿਗਿਆਨ/ਮਹਿਲਾ ਸਸ਼ਕਤੀਕਰਨ, ਖੇਤੀਬਾੜੀ ਇੰਜਨੀਅਰਿੰਗ, ਪੌਦਾ ਸੁਰੱਖਿਆ, ਮੱਛੀ ਪਾਲਣ, ਖੇਤੀਬਾੜੀ ਜੰਗਲਾਤ) ਦੇ ਵੱਖ-ਵੱਖ ਪਹਿਲੂਆਂ ‘ਤੇ ਉਨ੍ਹਾਂ ਦੀ ਸਮਰੱਥਾ ਨਿਰਮਾਣ ਤੇ ਹੁਨਰ ਵਿਕਾਸ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ।
ਐਸਟੀਆਰਵਾਈ ਪ੍ਰੋਗਰਾਮ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਵਿੱਚ ਸਟੇਟ ਐਗਰੀਕਲਚਰਲ ਮੈਨੇਜਮੈਂਟ ਅਤੇ ਐਕਸਟੈਂਸ਼ਨ ਟ੍ਰੇਨਿੰਗ ਇੰਸਟੀਚਿਊਟਸ (ਐਸ.ਏ.ਐਮ.ਈ.ਟੀ.ਆਈ.) ਰਾਹੀਂ ਕਰਵਾਏ ਜਾਂਦੇ ਹਨ। ਕ੍ਰਿਸ਼ੀ ਵਿਗਿਆਨ ਕੇਂਦਰ ਪੰਜਾਬ ਵਿੱਚ ਹੁਨਰ ਸਿਖਲਾਈ ਪ੍ਰੋਗਰਾਮ ਵੀ ਚਲਾਉਂਦੇ ਹਨ।
ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਦੇ ਅਨੁਸਾਰ, ਕੇਂਦਰ ਸਰਕਾਰ ਦੀਆਂ ਤਿੰਨ ਮੁੱਖ ਸਕੀਮਾਂ ਦੇ ਤਹਿਤ ਹੁਣ ਤੱਕ ਦੇਸ਼ ਦੇ ਕੁੱਲ 1 ਕਰੋੜ 22 ਲੱਖ 18 ਹਜ਼ਾਰ 458 ਕਿਸਾਨੀ ਨਾਲ ਜੁੜੇ ਲੋਕਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ। ਪੇਂਡੂ ਨੌਜਵਾਨਾਂ ਲਈ ਹੁਨਰ ਸਿਖਲਾਈ ਪ੍ਰੋਗਰਾਮ ਤਹਿਤ 45,565 ਨੌਜਵਾਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਵਿਸਥਾਰ ਸੁਧਾਰਾਂ ਲਈ ਰਾਜ ਵਿਸਥਾਰ ਪ੍ਰੋਗਰਾਮਾਂ ਨੂੰ ਸਮਰਥਨ (ਆਤਮਾ) ਦੇ ਤਹਿਤ 1 ਕਰੋੜ 15 ਲੱਖ 76 ਹਜ਼ਾਰ 893 ਲੋਕਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ, ਜਦਕਿ ਕ੍ਰਿਸ਼ੀ ਵਿਗਿਆਨ ਕੇਂਦਰ ਪ੍ਰੋਗਰਾਮ ਰਾਹੀਂ 5,96,000 ਲੋਕ ਸਿਖਲਾਈ ਲੈ ਚੁੱਕੇ ਹਨ।
ਦੂਜੇ ਪਾਸੇ, ਇਕੱਲੇ ਪੰਜਾਬ ‘ਚ ਕੇਂਦਰ ਸਰਕਾਰ ਦੇ ‘ਪੇਂਡੂ ਨੌਜਵਾਨਾਂ ਲਈ ਹੁਨਰ ਸਿਖਲਾਈ’ (ਐਸਟੀਆਰਵਾਈ) 2547 ਲੋਕਾਂ ਨੂੰ ਖੇਤੀਬਾੜੀ ਸਬੰਧੀ ਸਿਖਲਾਈ ਦਿੱਤੀ ਜਾ ਚੁੱਕੀ ਹੈ, ਜਦਕਿ ‘ਕ੍ਰਿਸ਼ੀ ਵਿਗਿਆਨ ਕੇਂਦਰ’ (ਕੇਵੀਕੇ) ਪ੍ਰੋਗਰਾਮਾਂ ਦੇ ਤਹਿਤ ਕਿਸਾਨੀ ਨਾਲ ਜੁੜੇ ਕੁੱਲ 99,162 ਲੋਕਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਇਹ ਪੂਰੇ ਦੇਸ਼ ਵਿੱਚ ਕੇਵੀਕੇ ਪ੍ਰੋਗਰਾਮ ਦੇ ਅਧੀਨ ਟ੍ਰੇਨਿੰਗ ਲੈਣ ਵਾਲੇ ਕਿਸਾਨਾਂ ‘ਚੋਂ ਸਭ ਤੋਂ ਜ਼ਿਆਦਾ ਅੰਕੜਾ ਹੈ। ਭਾਵ ਇਹ ਹੈ ਕਿ ਇਕੱਲੇ ਪੰਜਾਬ ਦੇ 17 ਫ਼ੀਸਦੀ ਦੇ ਕਰੀਬ ਕਿਸਾਨਾਂ ਨੇ ਇਸ ਸਕੀਮ ਦਾ ਸਭ ਤੋਂ ਜ਼ਿਆਦਾ ਲਾਹਾ ਲਿਆ ਹੈ। ਜ਼ਿਲ੍ਹਵਾਰ ਦੇਖੀਏ ਤਾਂ ਕੇਂਦਰ ਦੀਆਂ ਕਿਸਾਨ ਭਲਾਈ ਸਕੀਮਾਂ ਦਾ ਲਾਹਾ ਲੈਣ ‘ਚ ਜ਼ਿਲ੍ਹਾ ਪਠਾਨਕੋਟ ਮੋਹਰੀ ਹੈ, ਇੱਥੇ ਸਰਕਾਰ ਦੇ ਕੇਵੀਕੇ ਪ੍ਰੋਗਰਾਮ ਦੇ ਤਹਿਤ ਕੁੱਲ 8,455 ਲੋਕਾਂ ਨੇ ਟ੍ਰੇਨਿੰਗ ਲਈ ਹੈ, ਜਦਕਿ ਇਸ ਸੂਚੀ ‘ਚ ਦੂਜੇ ਅਤੇ ਤੀਜੇ ਪਾਇਦਾਨ ‘ਤੇ ਕ੍ਰਮਵਾਰ ਬਠਿੰਡਾ (6273) ਅਤੇ ਤਰਨਤਾਰਨ (6022) ਹੈ।
ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਦੇ ਲਿਖਤੀ ਜਵਾਬ ਦੇ ਮੁਤਾਬਿਕ ‘’ਐਸ.ਏ.ਐਮ.ਈ.ਟੀ.ਆਈ. ਦੁਆਰਾ ਕ੍ਰਿਸ਼ੀ ਵਿਗਿਆਨ ਕੇਂਦਰਾਂ ਸਮੇਤ ਵੱਖ-ਵੱਖ ਸਿਖਲਾਈ ਭਾਈਵਾਲਾਂ ਰਾਹੀਂ ਥੋੜ੍ਹੇ ਸਮੇਂ ਦੇ ਹੁਨਰ ਆਧਾਰਿਤ ਸਿਖਲਾਈ ਪ੍ਰੋਗਰਾਮ ਕਰਵਾਏ ਜਾਂਦੇ ਹਨ। ਕੇਵੀਕੇ ਯਾਨਿ ਕ੍ਰਿਸ਼ੀ ਵਿਗਿਆਨ ਕੇਂਦਰ ਪ੍ਰੋਗਰਾਮ ਨੂੰ ਡਿਜ਼ਾਈਨ ਕਰਨ, ਸਰੋਤ ਵਿਅਕਤੀਆਂ ਦਾ ਪ੍ਰਬੰਧ ਕਰਨ, ਸਿਖਲਾਈ ਸਮੱਗਰੀ ਵਿਕਸਤ ਕਰਨ ਅਤੇ ਮੁਲਾਂਕਣ ਤੇ ਸਰਟੀਫ਼ਿਕੇਸ਼ਨ ਲਈ ਜ਼ਿੰਮੇਵਾਰ ਹਨ। ਪੰਜਾਬ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੇ ਫ਼ਸਲਾਂ ਦੀ ਰਹਿੰਦ ਖੂੰਹਦ ਪ੍ਰਬੰਧਨ, ਬਾਇਓ-ਇਨਪੁਟਸ, ਸਮਾਰਟ ਸਿੰਚਾਈ ਪ੍ਰਣਾਲੀਆਂ, ਸ਼ੁੱਧਤਾ ਖੇਤੀ ਅਤੇ ਵਾਢੀ ਤੋਂ ਬਾਅਦ ਮੁੱਲ ਜੋੜਨ ਵਰਗੇ ਖੇਤਰਾਂ ਵਿੱਚ ਸਟਾਰਟਅੱਪਸ ਦੀ ਤਕਨੀਕੀ ਮੁਹਾਰਤ ਦਾ ਲਾਭ ਉਠਾ ਕੇ ਕਿਸਾਨਾਂ ਲਈ ਢਾਂਚਾਗਤ ਹੁਨਰ ਆਧਾਰਿਤ ਸਿਖਲਾਈ ਦੀ ਸਹੂਲਤ ਲਈ ਲੁਧਿਆਣਾ ਸਥਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਭਾਈਵਾਲੀ ਕੀਤੀ ਹੈ। ਇਹ ਪ੍ਰੋਗਰਾਮ ਨਾ ਸਿਰਫ਼ ਆਧੁਨਿਕ ਖੇਤੀਬਾੜੀ ਤਕਨਾਲੋਜੀਆਂ ਅਤੇ ਖੇਤੀਬਾੜੀ ਪ੍ਰੋਸੈਸਿੰਗ ਵਿੱਚ ਕਿਸਾਨਾਂ ਦੀ ਸਮਰੱਥਾ ਨੂੰ ਵਧਾਉਂਦੇ ਹਨ, ਸਗੋਂ ਸਿਖਲਾਈ ਨੂੰ ਬਾਜ਼ਾਰ ਦੀ ਮੰਗ ਅਨੁਸਾਰ ਇਕਸਾਰ ਕਰਕੇ ਖੇਤੀਬਾੜੀ-ਨਿਰਯਾਤ ਨੂੰ ਵਧਾਉਣ ਵਿੱਚ ਵੀ ਮਦਦ ਕਰਦੇ ਹਨ। ਇਨ੍ਹਾਂ ਸਮਰੱਥਾ ਨਿਰਮਾਣ ਪਹਿਲਕਦਮੀਆਂ ਵਿੱਚ ਸਟਾਰਟਅੱਪਸ ਦਾ ਏਕੀਕਰਨ ਅਸਲ ਸਮੇਂ ਦੀ ਸਮੱਸਿਆ ਦੇ ਹੱਲ, ਜ਼ਮੀਨੀ ਪੱਧਰ ‘ਤੇ ਨਵੀਨਤਾ ਨੂੰ ਅਪਣਾਉਣ ਅਤੇ ਇੱਕ ਉਦਮੀ ਪੇਂਡੂ ਵਾਤਾਵਰਣ ਪ੍ਰਣਾਲੀ ਦੇ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ।