ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਸੋਮਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਐਨਆਈਏ ਵੱਲੋਂ ਮੂਸੇਵਾਲਾ ਦੀ ਹੱਤਿਆ ਨਾਲ ਜੁੜੇ ਸ਼ੱਕੀ ਅੱਤਵਾਦੀ ਗਿਰੋਹ ਦੇ ਸਬੰਧ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਿਛਲੇ ਦੋ ਮਹੀਨਿਆਂ ਵਿੱਚ ਕੇਂਦਰ ਨੇ ਪੰਜਾਬ ਵਿੱਚ ਗੈਂਗ ਵਾਰ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਕਈ ਅਲਰਟ ਭੇਜੇ ਹਨ। ਕਈ ਅੱਤਵਾਦੀ ਮਾਮਲਿਆਂ ਦੀ ਜਾਂਚ ‘ਚ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਗਠਜੋੜ ਦਾ ਪਰਦਾਫਾਸ਼ ਹੋਇਆ ਹੈ। ਕਈ ਗੈਂਗਸਟਰ ਸਲਾਖਾਂ ਦੇ ਪਿੱਛੇ ਵੀ ਕੰਮ ਕਰ ਰਹੇ ਹਨ। ਹਾਲ ਹੀ ਵਿੱਚ ਦਿੱਲੀ ਪੁਲਿਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਕਈ ਗੈਂਗਸਟਰਾਂ ਖਿਲਾਫ ਯੂ.ਏ.ਪੀ.ਏ.
ਜਿਕਰਯੋਗ ਹੈ ਕਿ ਚੰਡੀਗੜ੍ਹ ਪੁਲਿਸ ਨੇ ਐਤਵਾਰ ਨੂੰ ਮੂਸੇ ਵਾਲਾ ਕਤਲ ਕਾਂਡ ਦੇ ਆਖ਼ਰੀ ਮੁਲਜ਼ਮ ਸ਼ੂਟਰ ਦੀਪਕ ਮੁੰਡੀ ਨੂੰ ਉਸ ਦੇ ਦੋ ਸਾਥੀਆਂ ਸਮੇਤ ਪੱਛਮੀ ਬੰਗਾਲ ਦੀ ਭਾਰਤ-ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਹੈ। ਮੂਸੇਵਾਲਾ ਦੇ ਬੇਰਹਿਮੀ ਨਾਲ ਕਤਲ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਹੁਣ ਤਕ 23 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਚੰਡੀਗੜ੍ਹ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਗ੍ਰਿਫਤਾਰ ਕੀਤੇ ਗਏ ਹੋਰ ਦੋ ਵਿਅਕਤੀਆਂ ਦੀ ਪਛਾਣ ਕਪਿਲ ਪੰਡਿਤ ਅਤੇ ਰਜਿੰਦਰ ਉਰਫ ਜੋਕਰ ਵਜੋਂ ਹੋਈ ਹੈ।
NIA ਦੀ ਟੀਮ ਹਰਿਆਣਾ ਦੇ ਯਮੁਨਾਨਗਰ ਸਥਿਤ ਗੈਂਗਸਟਰ ਕਾਲਾ ਰਾਣਾ ਦੇ ਘਰ ਵੀ ਪਹੁੰਚ ਗਈ ਹੈ। ਰਾਣਾ ਦੇ ਘਰ ਦੇ ਬਾਹਰ ਭਾਰੀ ਪੁਲਿਸ ਫੋਰਸ ਤਾਇਨਾਤ ਹੈ ਅਤੇ ਉਸਦੇ ਮਾਪਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਗੈਂਗਸਟਰ ਸ਼ੁਭਮ ਦੇ ਮਜੀਠਾ ਰੋਡ ਸਥਿਤ ਘਰ ‘ਤੇ ਵੀ NIA ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਦੀ ਟੀਮ ਉਸ ਦੇ ਘਰ ਦੀ ਤਲਾਸ਼ੀ ਲੈ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਮੁਕਤਸਰ ‘ਚ ਗੋਲਡੀ ਬਰਾੜ ਦੇ ਘਰ ਅਤੇ ਗੁਰਦਾਸਪੁਰ ‘ਚ ਜੱਗੂ ਭਗਵਾਨਪੁਰੀਆ ਦੇ ਘਰ ਛਾਪੇਮਾਰੀ ਹੋ ਰਹੀ ਹੈ। ਦੋਵੇਂ ਸਿੱਧੂ ਮੂਸੇਵਾਲਾ ਕੇਸ ਦੇ ਦੋਸ਼ੀ ਹਨ।