ਮੋਗਾ ਦੇ ਪਿੰਡ ਘੱਲਕਲਾਂ ਦੇ ਮੂਰਤੀਕਾਰ ਮਨਜੀਤ ਸਿੰਘ ਨੇ ਆਪਣੇ ਘਰ ‘ਚ ਮਹਾਨ ਦੇਸ਼ ਭਗਤ ਪਾਰਕ ਵਿੱਚ ਬਣਾਇਆ ਹੈ। ਇਸ ਪਾਰਕ ਵਿੱਚ ਭਾਰਤ ਦੇ ਸਾਰੇ ਮਹਾਨ ਭਗਤਾਂ ਦੀਆਂ ਮੂਰਤੀਆਂ ਮਨਜੀਤ ਸਿੰਘ ਨੇ ਆਪਣੇ ਹੱਥਾਂ ਨਾਲ ਬਣਾ ਕੇ ਰੱਖੀਆਂ ਹਨ। ਓਥੇ ਹੀ ਪਿਛਲੇ ਦਿਨੀਂ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਇੱਕ ਬੁੱਤ ਤਿਆਰ ਕੀਤਾ ਸੀ, ਜਿਸ ਦੀ ਸਥਾਪਨਾ ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੀਤੀ।
ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰਾ ਪੁੱਤ ਪਿੰਡ ਨਾਲ ਜੁੜਿਆ ਹੋਇਆ ਸੀ ਅਤੇ ਹਮੇਸ਼ਾ ਪਿੰਡ ਵਿੱਚ ਰਹਿ ਕੇ ਆਪਣਾ ਕੰਮ ਕਰਦਾ ਸੀ ਅਤੇ ਰਾਜਨੀਤੀ ਵਿੱਚ ਇਸ ਕਰਕੇ ਆਇਆ ਸੀ ਕਿ ਆਪਣੇ ਪਿੰਡ ਅਤੇ ਇਲਾਕੇ ਦਾ ਕੁੱਝ ਚੰਗਾ ਕਰ ਸਕੇ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ।
ਉਨ੍ਹਾਂ ਕਿਹਾ ਕਿ ਜੇਕਰ ਮੇਰੇ ਪੁੱਤ ਦੀ ਸੁਰੱਖਿਆ ਵਾਪਸ ਨਾ ਲਈ ਜਾਂਦੀ ਤਾਂ ਅੱਜ ਸਿੱਧੂ ਸਾਡੇ ਨਾਲ ਹੁੰਦਾ। ਅੱਜ ਪੰਜਾਬ ‘ਚ ਲੱਖ ਰੁਪਏ ਪਿੱਛੇ ਬੰਦਾ ਮਾਰ ਦਿੰਦੇ ਹਨ। ਇਸ ਦੇ ਪਿੱਛੇ ਕੌਣ ਹੈ , ਉਹ ਪਤਾ ਨਹੀਂ ਚੱਲਦਾ।
ਉਨ੍ਹਾਂ ਕਿਹਾ ਕਦੇ ਕਿਸੇ ਲੀਡਰ ਦੇ ਪੁੱਤ ਨੂੰ ਗੈਂਗਸਟਰ ਨੇ ਮਾਰਿਆ ਹੈ। ਉਨ੍ਹਾਂ ਸਰਕਾਰ ਨੂੰ ਕਿਹਾ ਕਿ ਹੁਣ ਤਾਂ ਕੋਈ ਨੀਤੀ ਬਣਾ ਦੋ 200-200 ਸੁਰੱਖਿਆ ਕਰਮੀ ਦੇ ਕੇ ਰੱਖਿਆ ਹੈ ਜੱਗੂ ਅਤੇ ਲਾਰੈਂਸ ਨੂੰ। ਸਾਨੂੰ ਧਮਕੀਆਂ ਮਿਲਦੀਆਂ ਹਨ ਪਰ ਸਾਨੂੰ ਪਰਵਾਹ ਨਹੀਂ। ਅੱਜ ਮੈਂ ਇੱਕ ਜ਼ਿੰਦਾ ਲਾਸ਼ ਹਾਂ, ਭਾਵੇਂ ਕਿਸੇ ਵੇਲੇ ਵੀ ਗੋਲੀ ਮਾਰਦੋ ਪਰ ਅਸੀਂ ਆਪਣੇ ਪੁੱਤਰ ਦੇ ਇਨਸਾਫ਼ ਲਈ ਲੜਾਈ ਲੜਨੀ ਹੈ।