ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਅਭਿਲਾਸ਼ੀ ਨਵੇਂ ਚੰਦਰ ਰਾਕੇਟ ਦਾ ਸ਼ਨੀਵਾਰ ਨੂੰ ਉਸ ਸਮੇਂ ਫਿਰ ਤੋਂ ਖਤਰਨਾਕ ਲੀਕ ਹੋਣ ਦਾ ਅਨੁਭਵ ਹੋਇਆ ਜਦ ਇਸ ਦੇ ਪ੍ਰੀਖਣ ਦੀਆਂ ਅੰਤਿਮ ਤਿਆਰੀਆਂ ਲਈ ਇਸ ‘ਚ ਈਂਧਨ ਭਰਿਆ ਜਾ ਰਿਹਾ ਸੀ। ਪ੍ਰੀਖਣ ਦਲ ਨੇ ਇਸ ਹਫਤੇ ਆਪਣੀ ਦੂਜੀ ਕੋਸ਼ਿਸ਼ ਤਹਿਤ ਨਾਸਾ ਦੇ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ 322 ਫੁੱਟ ਲੰਬੇ ਰਾਕੇਟ ‘ਚ 10 ਲੱਖ ਗੈਲਨ ਈਂਧਨ ਭਰਨਾ ਸ਼ੁਰੂ ਕੀਤਾ ਸੀ ਪਰ ਇਹ ਲੀਕ ਹੋਣ ਲੱਗ ਪਿਆ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਕੀਤੀਆਂ ਗਈਆਂ ਕੋਸ਼ਿਸ਼ਾਂ ‘ਚ ਇੰਜਣ ਦਾ ਖਰਾਬ ਸੈਂਸਰ ਅਤੇ ਈਂਧਨ ਲੀਕ ਹੋਣ ਕਾਰਨ ਸਮੱਸਿਆ ਪੈਦਾ ਹੋਈ ਸੀ। ਨਾਸਾ ਦੇ ‘ਲਾਂਚ ਕੰਟਰੋਲਰ’ ਨੇ ਦੱਸਿਆ ਕਿ ਜਿਵੇਂ ਹੀ ਸੂਰਜ ਚੜ੍ਹਿਆ, ਅਤਿ-ਦਬਾਅ ਦਾ ਅਲਾਰਮ ਵਜ ਗਿਆ ਅਤੇ ਈਂਧਨ ਟੈਂਕੀ ਭਰਨ ਦੀ ਮੁਹਿੰਮ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਪਰ ਕੋਈ ਨੁਕਸਾਨ ਨਹੀਂ ਹੋਇਆ ਅਤੇ ਫਿਰ ਤੋਂ ਕੋਸ਼ਿਸ਼ ਕੀਤੀ ਗਈ।
ਹਾਲਾਂਕਿ, ਕੁਝ ਮਿੰਟ ਬਾਅਦ, ਰਾਕੇਟ ਦੇ ਹੇਠਲੇ ਹਿੱਸੇ ‘ਚ ਇੰਜਣ ਦੇ ਖੇਤਰ ਨਾਲ ਹਾਈਡ੍ਰੋਜਨ ਈਂਧਨ ਲੀਕ ਹੋਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਨਾਸਾ ਨੇ ਮੁਹਿੰਮ ਨੂੰ ਰੋਕ ਦਿੱਤਾ ਅਤੇ ਨਾਸਾ ਦੇ ਇੰਜੀਨੀਅਰ ਨੇ ਸੀਲ ਦੇ ਨੇੜੇ ਇਕ ਸੁਰਾਖ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਰਾਕੇਟ ਦੇ ਦੁਪਹਿਰ ‘ਚ ਉਡਾਣ ਭਰਨ ਲਈ ਉਲਟੀ ਗਿਣਤੀ ਸ਼ੁਰੂ ਹੋ ਗਈ ਸੀ ਅਤੇ ਇਸ ਦੇ ਲਈ ਨਾਸਾ ਕੋਲ ਸ਼ਨੀਵਾਰ ਨੂੰ ਦੋ ਘੰਟੇ ਦਾ ਸਮਾਂ ਸੀ। ਨਾਸਾ ਰਾਕੇਟ ਰਾਹੀਂ ਚੰਦਰਮਾ ਦੇ ਨੇੜੇ ‘ਕਰੂ ਕੈਪਸੂਲ’ ਭੇਜਣਾ ਚਾਹੁੰਦਾ ਹੈ ਅਤੇ ਇਸ ਤੋਂ ਬਾਅਦ ਪੁਲਾੜ ਯਾਤਰੀਆਂ ਨੂੰ ਅਗਲੀ ਉਡਾਣ ਤੋਂ ਚੰਦਰਮਾ ‘ਤੇ ਭੇਜਣ ਦੀ ਯੋਜਨਾ ਹੈ।