ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਡੇਰਾ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਮਾਂ ਦਾ ਮੰਗਲਸੂਤਰ ਦੇਸ਼ ਲਈ ਕੁਰਬਾਨ ਹੋਇਆ ਹੈ।ਪ੍ਰਿਯੰਕਾ ਨੇ ਪੀਐੱਮਮੋਦੀ ‘ਤੇ ਭੜਕਾਊ ਅਤੇ ਧਿਆਨ ਭਟਕਾਉਣ ਵਾਲੇ ਬਿਆਨ ਦੇਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਹ ਕਾਂਗਰਸ ਦੀ ਸਰਕਾਰ ਬਣਨ ‘ਤੇ ਔਰਤਾਂ ਦਾ ਮੰਗਲਸੂਤਰ ਖੋਹਣ ਦੀ ਗੱਲ ਕਰ ਰਹੇ ਹਨ ਪਰ ਸੱਚ ਇਹ ਹੈ ਕਿ ਮੇਰੀ ਮਾਂ ਦਾ ਮੰਗਲਸੂਤਰ ਦੇਸ਼ ਲਈ ਕੁਰਬਾਨ ਹੋਇਆ ਹੈ।
ਪ੍ਰਿਯੰਕਾ ਨੇ ਜਨਤਾ ਤੋਂ ਸਵਾਲ ਕੀਤਾ ਕਿ ਦੇਸ਼ ‘ਚ 55 ਸਾਲ ਤੱਕ ਕਾਂਗਰਸ ਦੀ ਸਰਕਾਰ ਰਹੀ ਹੈ।ਕਿਸੇ ਨੇ ਤੁਹਾਡੇ ਤੋਂ ਤੁਹਾਡਾ ਸੋਨਾ ਅਤੇ ਮੰਗਲਸੂਤਰ ਖੋਹਿਆ।ਇੰਦਰਾ ਗਾਂਧੀ ਨੇ ਜੰਗ ‘ਚ ਆਪਣਾ ਸੋਨਾ ਦੇਸ਼ ਨੂੰ ਦਿੱਤਾ ਸੀ।ਉਨ੍ਹਾਂ ਕਿਹਾ, ਮੇਰੀ ਮਾਂ ਸੋਨੀਆ ਗਾਂਧੀ ਦਾ ਮੰਗਲਸੂਤਰ ਇਸ ਦੇਸ਼ ‘ਤੇ ਕੁਰਬਾਨ ਹੋਇਆ ਹੈ ਅਤੇ ਪੀਐੱਮ ਮੋਦੀ ਕਹਿ ਰਹੇ ਹਨ ਕਿ ਕਾਂਗਰਸ ਔਰਤਾਂ ਦਾ ਮੰਗਲਸੂਤਰ ਅਤੇ ਸੋਨਾ ਖੋਹ ਲਵੇਗੀ।ਮੋਦੀ ਜੀ ਮੰਗਲਸੂਤਰ ਦਾ ਮਹੱਤਵ ਸਮਝਦੇ ਤਾਂ ਅਜਿਹੀਆਂ ਅਨੈਤਿਕ ਗੱਲਾਂ ਨਹੀਂ ਕਰਦੇ।ਕਿਸਾਨ ‘ਤੇ ਕਰਜ਼ ਚੜ੍ਹਦਾ ਹੈ ਤਾਂ ਉਸਦੀ ਪਤਨੀ ਆਪਣੇ ਗਹਿਣੇ ਗਿਰਵੀ ਰੱਖਦੀ ਹੈ।
ਬੱਚਿਆਂ ਦਾ ਵਿਆਹ ਹੁੰਦਾ ਹੈ ਤਾਂ ਔਰਤਾਂ ਆਪਣਾ ਸੋਨਾ ਗਿਰਵੀ ਰੱਖਦੀਆਂ ਹਨ।
ਪ੍ਰਿਯੰਕਾ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ‘ਤੇ ਵੀ ਹਮਲਾ ਕੀਤਾ ਅਤੇ ਕਿਹਾ, ਨੋਟਬੰਦੀ ‘ਚ ਜਦੋਂ ਔਰਤਾਂ ਦੀ ਬਚਤ ਲੈ ਲਈ ਗਈ, ਉਦੋਂ ਮੋਦੀ ਜੀ ਕਿਥੇ ਸੀ।ਲਾਕਡਾਊਨ ‘ਚ ਜਦੋਂ ਮਜ਼ਦੂਰ ਪੈਦਲ ਤੁਰੇ, ਔਰਤਾਂ ਨੇ ਆਪਣੇ ਗਹਿਣੇ ਗਿਰਵੀ ਰੱਖੇ ਉਦੋਂ ਮੋਦੀ ਜੀ ਕਿਥੇ ਸਨ।ਕਿਸਾਨ ਅੰਦੋਲਨ ‘ਚ ਸੈਂਕੜੇ ਕਿਸਾਨ ਸ਼ਹੀਦ ਹੋ ਗਏ, ਉਨਾਂ ਦੀਆਂ ਵਿਧਵਾਵਾਂ ਦੇ ਮੰਗਲਸੂਤਰ ਬਾਰੇ ਮੋਦੀ ਜੀ ਨੇ ਨਹੀਂ ਸੋਚਿਆ।ਮਣੀਪੁਰ ‘ਚ ਇਕ ਜਵਾਨ ਦੀ ਪਤਨੀ ਨੂੰ ਨਗਨ ਕਰਕੇ ਘੁਮਾਇਆ ਗਿਆ, ਉਦੋਂ ਉਨ੍ਹਾਂ ਦੇ ਮੰਗਲਸੂਤਰ ਬਾਰੇ ਨਹੀਂ ਸੋਚਿਆ।ਅੱਜ ਵੋਟ ਪਾਉਣ ਲਈ ਔਰਤਾਂ ਨੂੰ ਡਰਾ ਰਹੇ ਹਨ ਮੋਦੀ ਜੀ ਨੂੰ ਸ਼ਰਮਾ ਆਉਣੀ ਚਾਹੀਦੀ ਹੈ।
ਉਨ੍ਹਾਂ ਕਿਹਾ, ਇਹ ਚੋਣਾਂ ਜਨਤਾ ਅਤੇ ਝੂਠ ਦੀ ਸੱਤਾ ਦਰਮਿਆਨ ਹਨ।ਜਨਤਾ ਕਹਿ ਰਹੀ ਹੈ ਕਿ ਉਹ ਬੇਰੁਜ਼ਗਾਰੀ, ਮਹਿੰਗਾਈ ਅਤੇ ਆਰਥਿਕ ਸੰਕਟ ਤੋਂ ਪ੍ਰੇਸ਼ਾਨ ਹੈ ਪਰ ਹੰਕਾਰੀ ਸੱਤਾ ਅਸਲੀ ਮੁੱਦਿਆਂ ਤੋਂ ਧਿਆਨ ਭਟਕਾਉਣ, ਝੂਠ ਫੈਲਾਉਣ ਅਤੇ ਭੜਕਾਉਣ ‘ਚ ਲੱਗੀ ਹੈ।ਦੇਸ਼ ਦੀ ਜਨਤਾ ਨੇ ਤੈਅ ਕਰ ਲਿਆ ਹੈ ਕਿ ਉਹ ਭਟਕਾਉਣ ਅਤੇ ਭੜਕਾਉਣ ਦੀ ਰਾਜਨੀਤੀ ਤੋਂ ਛੁਟਕਾਰਾ ਪਾ ਕੇ ਰਹੇਗੀ।