ਬੀਤੇ ਦਿਨ ਭਾਜਪਾ ਆਗੂ ਸੋਨਾਲੀ ਫੋਗਾਟ 42) ਦੀ ਸੋਮਵਾਰ ਦੇਰ ਰਾਤ ਗੋਆ ਵਿੱਚ, ਮੌਤ ਦੀ ਖ਼ਬਰ ਸਾਹਮਣੇ ਆਈ ਸੀ। ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ। ਪਰ ਸੋਨਾਲੀ ਫੋਗਾਟ ਦੀ ਭੈਣ ਰਮਨ ਨੇ ਕਿਹਾ ਕਿ ਮੇਰੀ ਭੈਣ ਨੂੰ ਦਿਲ ਦਾ ਦੌਰਾ ਨਹੀਂ ਪੈ ਸਕਦਾ ਕਿਉਂਕਿ ਉਹ ਬਹੁਤ ਫਿੱਟ ਸੀ। ਅਸੀਂ ਸੀਬੀਆਈ ਤੋਂ ਸਹੀ ਜਾਂਚ ਦੀ ਮੰਗ ਕਰਦੇ ਹਾਂ। ਮੇਰਾ ਪਰਿਵਾਰ ਇਹ ਮੰਨਣ ਨੂੰ ਤਿਆਰ ਨਹੀਂ ਹੈ ਕਿ ਉਸ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਉਸ ਨੂੰ ਅਜਿਹੀ ਕੋਈ ਡਾਕਟਰੀ ਸਮੱਸਿਆ ਨਹੀਂ ਸੀ।
ਅੰਜੁਨਾ ਪੁਲੀਸ ਥਾਣੇ ਵਿਚ ‘ਗੈਰਕੁਦਰਤੀ ਮੌਤ’ ਦਾ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਪਹਿਲਾਂ ਦਾਅਵਾ ਕੀਤਾ ਗਿਆ ਸੀ ਕਿ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ। ਪੁਲੀਸ ਵੱਲੋਂ ਸਬੰਧਤ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ। ਅੰਜੁਨਾ ਪੁਲੀਸ ਨੇ ਪੋਸਟਮਾਰਟਮ ਲਈ ਡਾਕਟਰਾਂ ਦਾ ਪੈਨਲ ਗਠਿਤ ਕਰਨ ਲਈ ਗੋਆ ਮੈਡੀਕਲ ਕਾਲਜ ਦੇ ਫੋਰੈਂਸਿਕ ਮੈਡੀਸਨ ਵਿਭਾਗ ਨੂੰ ਪੱਤਰ ਲਿਖਿਆ ਹੈ।
ਇਹ ਵੀ ਪੜ੍ਹੋ : ਸਿੱਖ ਔਰਤ ਦਾ ਜਬਰੀ ਧਰਮ ਬਦਲਣ ਦਾ ਮਾਮਲਾ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਪਾਕਿਸਤਾਨ ਕੋਲ ਚੁੱਕਣ-ਕੌਮੀ ਘੱਟਗਿਣਤੀ ਕਮਿਸ਼ਨ
ਸਾਬਕਾ ਟਿਕ ਟੌਕ ਸਟਾਰ ਤੇ ਰਿਐਲਿਟੀ ਟੀਵੀ ਸ਼ੋਅ ‘ਬਿੱਗ ਬੌਸ’ ਵਿੱਚ ਸ਼ਾਮਲ ਹੋਣ ਵਾਲੀ ਫੋਗਾਟ ਆਪਣੇ ਕੁਝ ਸਟਾਫ਼ ਮੈਂਬਰਾਂ ਨਾਲ ਸੋਮਵਾਰ ਨੂੰ ਹੀ ਗੋਆ ਆਈ ਸੀ। ਸੋਨਾਲੀ ਫੋਗਾਟ ਨੇ ਸੋਮਵਾਰ ਰਾਤ ਨੂੰ ਬੇਚੈਨੀ ਦੀ ਸ਼ਿਕਾਇਤ ਕੀਤੀ ਸੀ, ਜਿਸ ਮਗਰੋਂ ਉਸ ਨੂੰ ਉੱਤਰੀ ਗੋਆ ਜ਼ਿਲ੍ਹੇ ਵਿੱਚ ਅੰਜੁਨਾ ਸਥਿਤ ਸੇਂਟ ਐਂਥਨੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਪਹਿਲੀ ਨਜ਼ਰੇ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਲੱਗਦੀ ਹੈ, ਪਰ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਤੋਂ ਲੱਗੇਗਾ।