Nabha School Bus Accident: ਪੰਜਾਬ ਵਿੱਚ ਸਕੂਲ ਖੁੱਲ੍ਹਦੇ ਹੀ ਇੱਕ ਵੱਡਾ ਹਾਦਸਾ ਵਾਪਰ ਗਿਆ। ਪਟਿਆਲਾ ਦੇ ਨਾਭਾ ਨੇੜੇ ਇੱਕ ਨਿੱਜੀ ਸਕੂਲ ਦੀ ਬੱਸ ਅਚਾਨਕ ਫਿਸਲ ਕੇ ਨਾਲੇ ਵਿੱਚ ਡਿੱਗ ਗਈ। ਬੱਸ ਵਿੱਚ ਲਗਭਗ 20 ਵਿਦਿਆਰਥੀ ਸਵਾਰ ਸਨ, ਜੋ ਆਮ ਵਾਂਗ ਸਕੂਲ ਜਾ ਰਹੇ ਸਨ।

ਆਸ-ਪਾਸ ਦੇ ਲੋਕਾਂ ਅਤੇ ਰਾਹਗੀਰਾਂ ਨੇ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਖੁਸ਼ਕਿਸਮਤੀ ਨਾਲ, ਸਾਰੇ ਵਿਦਿਆਰਥੀ ਸੁਰੱਖਿਅਤ ਰਹੇ, ਹਾਲਾਂਕਿ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਜਿਨ੍ਹਾਂ ਦਾ ਤੁਰੰਤ ਇਲਾਜ ਕੀਤਾ ਗਿਆ। ਜਾਣਕਾਰੀ ਅਨੁਸਾਰ ਇਹ ਹਾਦਸਾ ਨਾਭਾ ਦੇ ਇੰਡੋ-ਬ੍ਰਿਟਿਸ਼ ਪ੍ਰਾਈਵੇਟ ਸਕੂਲ ਦੀ ਬੱਸ ਨਾਲ ਹੋਇਆ। ਬੱਸ ਸਵੇਰੇ ਪਿੰਡ ਕਕਰਾਲਾ-ਦੁੱਲੜੀ ਸੜਕ ਤੋਂ ਬੱਚਿਆਂ ਨੂੰ ਲੈ ਕੇ ਸਕੂਲ ਵੱਲ ਆ ਰਹੀ ਸੀ। ਇਸ ਦੌਰਾਨ ਜਦੋਂ ਸਾਹਮਣੇ ਤੋਂ ਇੱਕ ਗੱਡੀ ਆਈ ਤਾਂ ਡਰਾਈਵਰ ਨੇ ਬੱਸ ਨੂੰ ਸਾਈਡ ‘ਤੇ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਨਾਲੇ ਵਿੱਚ ਪਲਟ ਗਈ।ਇਸਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਸਕੂਲ ਸਟਾਫ਼ ਮੌਕੇ ‘ਤੇ ਪਹੁੰਚ ਗਿਆ ਅਤੇ ਬੱਚਿਆਂ ਨੂੰ ਸੁਰੱਖਿਅਤ ਕੱਢਣ ਵਿੱਚ ਮਦਦ ਕੀਤੀ।
ਹਾਦਸੇ ਦੀ ਜਾਣਕਾਰੀ ਮਿਲਦੇ ਹੀ ਮਾਪੇ ਵੀ ਮੌਕੇ ‘ਤੇ ਪਹੁੰਚ ਗਏ। ਬੱਚਿਆਂ ਨੂੰ ਸੁਰੱਖਿਅਤ ਦੇਖ ਕੇ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ, ਪਰ ਨਾਲ ਹੀ ਉਨ੍ਹਾਂ ਸਕੂਲ ਪ੍ਰਬੰਧਨ ਅਤੇ ਬੱਸ ਮਾਲਕਾਂ ਦੀ ਲਾਪਰਵਾਹੀ ‘ਤੇ ਵੀ ਗੁੱਸਾ ਜ਼ਾਹਿਰ ਕੀਤਾ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਨਿੱਜੀ ਬੱਸਾਂ ਹਰ ਰੋਜ਼ ਬੱਚਿਆਂ ਨੂੰ ਬਿਨਾਂ ਕਿਸੇ ਜਾਂਚ ਅਤੇ ਸੁਰੱਖਿਆ ਮਾਪਦੰਡਾਂ ਦੀ ਪਰਵਾਹ ਕੀਤੇ ਲੈ ਕੇ ਜਾਂਦੀਆਂ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਿੱਜੀ ਸਕੂਲ ਬੱਸਾਂ ਦੀ ਨਿਯਮਤ ਤੌਰ ‘ਤੇ ਜਾਂਚ ਕੀਤੀ ਜਾਵੇ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ।