ਪਟਿਆਲਾ : ਰੋਡ ਰੇਜ਼ ਮਾਮਲੇ ਸਬੰਧੀ ਕੇਂਦਰੀ ਜੇਲ੍ਹ ਵਿਚ ਬੰਦ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਰੋਜ਼ਾਨਾ 15 ਕਿਲੋਮੀਟਰ ਦੀ ਸੈਰ ਕਰ ਰਹੇ ਹਨ। ਉਨ੍ਹਾਂ ਨੇ ਕਰੀਬ 30 ਕਿਲੋ ਤਕ ਭਾਰ ਘਟਾ ਲਿਆ ਹੈ। ਸਿਹਤ ਪੱਖੋਂ ਤੰਦਰੁਸਤ ਰਹਿਣ ਲਈ ਸਿੱਧੂ ਜਿੱਥੇ ਰੋਜ਼ਾਨਾ ਸੈਰ ਤੇ ਕਸਰਤ ਕਰ ਰਹੇ ਹਨ, ਉਥੇ ਮਾਨਸਿਕ ਤੌਰ ’ਤੇ ਫਿੱਟ ਰਹਿਣ ਲਈ ਕਾਫੀ ਸਮਾਂ ਭਗਤੀ ਵੀ ਕਰਦੇ ਹਨ।
ਜੇਲ੍ਹ ਵਿਚ ਰਹਿੰਦਿਆਂ ਜੋਡ਼ਾਂ ਦੇ ਦਰਦ ਤੇ ਉੱਠਣ ਬੈਠਣ ਵਿਚ ਤਕਲੀਫ਼ ਹੋਣ ’ਤੇ ਸਿੱਧੂ ਨੇ ਬੀਤੇ ਮਹੀਨੇ ਡਾਕਟਰੀ ਜਾਂਚ ਕਰਵਾਈ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਭਾਰ ਘਟਾਉਣ ਤੇ ਕਸਰਤ ਕਰਨ ਦੀ ਸਲਾਹ ਦਿੱਤੀ ਸੀ। ਇਸ ’ਤੇ ਅਮਲ ਕਰਦਿਆਂ ਉਨ੍ਹਾਂ ਨੇ ਸੈਰ ਤੇ ਕਸਰਤ ਨੂੰ ਰੁਟੀਨ ਵਿਚ ਸ਼ਾਮਲ ਕਰ ਲਿਆ ਹੈ ਅਤੇ ਹੁਣ ਸਿਹਤ ਵਿਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ।
ਸ਼ੁੱਕਰਵਾਰ ਨੂੰ ਉਨ੍ਹਾਂ ਨਾਲ ਜੇਲ੍ਹ ਵਿਚ ਸਾਬਕਾ ਵਿਧਾਇਕ ਪਿਰਮਲ ਸਿੰਘ ਖ਼ਾਲਸਾ, ਨਾਜਰ ਸਿੰਘ ਮਾਨਸ਼ਾਹੀਆ ਤੇ ਕਾਕਾ ਲੋਹਗਡ਼੍ਹ ਨੇ ਮੁਲਾਕਾਤ ਕੀਤੀ। ਕਰੀਬ ਅੱਧਾ ਘੰਟਾ ਹੋਈ ਮੁਲਾਕਾਤ ਬਾਰੇ ਸਾਬਕਾ ਵਿਧਾਇਕ ਖ਼ਾਲਸਾ ਨੇ ਦੱਸਿਆ ਕਿ ਸਿੱਧੂ ਸਿਹਤ ਪੱਖੋਂ ਤੰਦਰੁਸਤ ਹਨ। ਉਹ ਪੰਜਾਬ ਲਈ ਚਿੰਤਤ ਹਨ ਤੇ ਮੁਡ਼ ਤੋਂ ਸੂਬੇ ਦੀ ਸੇਵਾ ਲਈ ਸਰੀਰਕ ਤੇ ਮਾਨਸਿਕ ਪੱਖੋਂ ਖ਼ੁਦ ਨੂੰ ਤਿਆਰ ਕਰਨ ਲਈ ਕਸਰਤ ਕਰ ਰਹੇ ਹਨ ਤੇ ਰੱਬ ਦੀ ਭਗਤੀ ਕਰ ਰਹੇ ਹਨ। ਸਿੱਧੂ ਨੇ ਲੋਕ ਦੀ ਆਵਾਜ਼ ਬਨਣ ਲਈ ਅਤੇ ਲਾਮਬੰਦ ਰਹਿਣ ਲਈ ਪ੍ਰੇਰਿਤ ਕੀਤਾ ਹੈ।