ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਿੱਚ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਦੇ ਸਾਰੇ ਅਦਾਕਾਰ ਅੱਗੇ ਆ ਰਹੇ ਹਨ। ਹਰ ਅਦਾਕਾਰਾ ਕਿਸੇ ਨਾ ਕਿਸੇ ਪੱਖੋਂ ਅਵਦਾ ਫਰਜ਼ ਸਮਝ ਕੇ ਹੜ੍ਹ ਪੀੜਤਾਂ ਦਾ ਸਹਾਰਾ ਬਣ ਰਹੇ ਹਨ। ਕੁਝ ਕਲਾਕਾਰ ਸਾਮਾਨ ਮੁਹੱਈਆ ਕਰਵਾ ਰਹੇ ਹਨ ਅਤੇ ਕੁਝ ਖੁਦ ਹੜ੍ਹ ਦੇ ਪਾਣੀ ਵਿੱਚ ਉਤਰ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਪੰਜਾਬ ਦੇ ਇਨ੍ਹਾਂ ਗੰਭੀਰ ਹਾਲਾਤਾਂ ਵਿੱਚ ਪੰਜਾਬੀ ਮਸ਼ਹੂਰ ਅਦਾਕਾਰ ਨੀਰੂ ਬਾਜਵਾ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ।
ਅਦਾਕਾਰਾ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਹਾ ਕਿ ਪੰਜਾਬ ‘ਤੇ ਹੜ੍ਹਾਂ ਦੀ ਮਾਰ ਹੈ ਪਰ ਇਸ ਔਖੇ ਸਮੇਂ ਵੀ ਪੰਜਾਬ ਦੇ ਲੋਕ ਚੜ੍ਹਦੀ ਕਲਾ ਵਿਚ ਹਨ ਤੇ ਉਨ੍ਹਾਂ ਦੀ ਹਿੰਮਤ ਨੂੰ ਸਲਾਮ। ਨੀਰੂ ਬਾਜਵਾ ਨੇ ਫਿਰੋਜ਼ਪੁਰ ਦੇ 15 ਪਿੰਡਾਂ ਦੇ ਬੱਚਿਆਂ ਦੀ ਪੇਪਰਾਂ ਦੀ ਫੀਸ ਭਰਨ ਦਾ ਐਲਾਨ ਕੀਤਾ ਹੈ। ਨੀਰੂ ਬਾਜਵਾ ਨੇ ਮਦਦ ਲਈ ਬਕਾਇਦਾ ਨੰਬਰ ਵੀ ਜਾਰੀ ਕੀਤੇ ਹਨ ਅਤੇ ਕਿਹਾ ਕਿ ਮਦਦ ਕਰਨ ਵਾਲੇ ਤੇ ਮਦਦ ਲੈਣ ਵਾਲੇ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ “ਹੰਭਲਾ ਫਾਊਂਡੇਸ਼ਨ ਵੱਲੋਂ ਜੋ ਜ਼ਿੰਮੇਵਾਰੀ ਲਗਾਈ ਜਾਵੇਗੀ ਅਸੀਂ ਹਾਜ਼ਿਰ ਹਾਂ।” ਇਸ ਦੇ ਨਾਲ ਹੀ ਨੀਰੂ ਬਾਜਵਾ ਨੇ 15 ਪਿੰਡਾਂ ਦੇ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਹਰ ਮਹੀਨੇ 5 ਹਜ਼ਾਰ ਰੁਪਏ ਦੇਣ ਦਾ ਵੀ ਐਲਾਨ ਕੀਤਾ ਹੈ।