ਕੇਂਦਰ ਸਰਕਾਰ ਜਲਦ ਹੀ ਕਾਲਿੰਗ ਅਤੇ ਮੈਸੇਜਿੰਗ ਐਪਸ ਜਿਵੇਂ WhatsApp, Facebook, Google Duo ਅਤੇ Telegram ਨੂੰ ਦੂਰਸੰਚਾਰ ਕਾਨੂੰਨਾਂ ਦੇ ਦਾਇਰੇ ਵਿੱਚ ਲਿਆਉਣ ਦੀ ਤਿਆਰੀ ਕਰ ਰਹੀ ਹੈ। ਇਸ ਸਬੰਧੀ ਸਰਕਾਰ ਵੱਲੋਂ ਬਿੱਲ ਦਾ ਖਰੜਾ ਤਿਆਰ ਕੀਤਾ ਗਿਆ ਹੈ। ਜਿਸ ਦੇ ਮੁਤਾਬਕ ਓਵਰ ਦਾ ਟਾਪ (OTT) ਮਤਲਬ ਅਜਿਹੀਆਂ ਸੇਵਾਵਾਂ ਜੋ ਇੰਟਰਨੈੱਟ ਦੀ ਮਦਦ ਨਾਲ ਕੰਮ ਕਰਦੀਆਂ ਹਨ, ਦੂਰਸੰਚਾਰ ਕਾਨੂੰਨਾਂ ਦੇ ਦਾਇਰੇ ‘ਚ ਆਉਣਗੀਆਂ। ਮੀਡੀਆ ਰਿਪੋਰਟਾਂ ਮੁਤਾਬਕ ਕੇਂਦਰ ਸਰਕਾਰ ਨੇ ਡਰਾਫਟ ਟੈਲੀਕਮਿਊਨੀਕੇਸ਼ਨ ਬਿੱਲ 2022 ‘ਚ ਅਜਿਹੇ ਕਈ ਪ੍ਰਸਤਾਵ ਪੇਸ਼ ਕੀਤੇ ਹਨ। ਇਹ ਇੰਟਰਨੈੱਟ ਆਧਾਰਿਤ ਕਾਲਿੰਗ ਅਤੇ ਮੈਸੇਜਿੰਗ ਸੇਵਾਵਾਂ ਦੂਰਸੰਚਾਰ ਕਾਨੂੰਨਾਂ ਦੇ ਦਾਇਰੇ ‘ਚ ਆਉਣ ਤੋਂ ਬਾਅਦ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਮੋਬਾਈਲ ਅਤੇ ਇੰਟਰਨੈੱਟ ਉਪਭੋਗਤਾਵਾਂ ‘ਤੇ ਇਸ ਦਾ ਸਿੱਧਾ ਅਸਰ ਪਵੇਗਾ।
ਬਿੱਲ ਦੇ ਖਰੜੇ ਮੁਤਾਬਕ ਓਟੀਟੀ ਸੇਵਾਵਾਂ ਨੂੰ ਵੀ ਹੁਣ ਟੈਲੀਕਾਮ ਸੇਵਾਵਾਂ ਦਾ ਹਿੱਸਾ ਮੰਨਿਆ ਜਾਵੇਗਾ। ਇਹ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਹੁਣ ਇਨ੍ਹਾਂ ਸੇਵਾਵਾਂ ਲਈ ਲਾਇਸੈਂਸ ਲੈਣਾ ਹੋਵੇਗਾ। ਜਿਸ ਦਾ ਸਿੱਧਾ ਅਸਰ ਮੋਬਾਈਲ ਉਪਭੋਗਤਾਵਾਂ ਦੀਆਂ ਜੇਬਾਂ ‘ਤੇ ਪਵੇਗਾ। ਬਿੱਲ ਦੇ ਖਰੜੇ ਅਨੁਸਾਰ ਇਹ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਨੂੰ ਲਾਇਸੈਂਸ ਦੀ ਫੀਸ ਜਮ੍ਹਾ ਕਰਵਾਉਣੀ ਪਵੇਗੀ, ਜੇਕਰ ਕੰਪਨੀ ਇਸ ਲਾਇਸੈਂਸ ਨੂੰ ਸਰੰਡਰ ਕਰਦੀ ਹੈ ਤਾਂ ਉਨ੍ਹਾਂ ਨੂੰ ਫੀਸ ਵਾਪਸ ਕਰ ਦਿੱਤੀ ਜਾਵੇਗੀ।
ਡਰਾਫਟ ਬਿੱਲ ਬਾਰੇ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਦਾ ਕਹਿਣਾ ਹੈ ਕਿ ਨਵੇਂ ਟੈਲੀਕਾਮ ਬਿੱਲ ਨਾਲ ਉਦਯੋਗ ਦੇ ਪੁਨਰਗਠਨ ਅਤੇ ਨਵੀਂ ਤਕਨੀਕ ਨੂੰ ਅਪਣਾਉਣ ਦਾ ਰੋਡਮੈਪ ਤਿਆਰ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ 20 ਅਕਤੂਬਰ ਤੱਕ ਇਸ ਡਰਾਫਟ ‘ਤੇ ਇੰਡਸਟਰੀ ਅਤੇ ਲੋਕਾਂ ਤੋਂ ਸੁਝਾਅ ਮੰਗੇ ਹਨ।
ਦੂਰਸੰਚਾਰ ਬਿੱਲ 2022 ਲਿਆਉਣ ਦਾ ਉਦੇਸ਼
ਭਵਿੱਖ ਵਿੱਚ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕਰਨਾ
ਨਵੇਂ ਟੈਲੀਕਾਮ ਐਕਟ ਦੇ ਅਨੁਸਾਰ ਟੈਲੀਕਾਮ ਸੈਕਟਰ ਵਿੱਚ ਵਰਤੇ ਗਏ ਨਾਵਾਂ ਅਤੇ ਉਨ੍ਹਾਂ ਦੀਆਂ ਪਰਿਭਾਸ਼ਾਵਾਂ ਨੂੰ ਦੁਬਾਰਾ ਤਿਆਰ ਕਰਨਾ।
ਸਪੈਕਟ੍ਰਮ ਪ੍ਰਬੰਧਨ ਲਈ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕਰਨਾ
ਸਾਈਬਰ ਸੁਰੱਖਿਆ, ਰਾਸ਼ਟਰੀ ਸੁਰੱਖਿਆ ਅਤੇ ਹੋਰ ਖਤਰਿਆਂ ਨਾਲ ਨਜਿੱਠਣ ਦੀ ਤਿਆਰੀ
ਟੈਲੀਕਾਮ ਅਤੇ ਇੰਟਰਨੈੱਟ ਸੇਵਾ ਪ੍ਰਦਾਤਾਵਾਂ ‘ਤੇ ਜੁਰਮਾਨਾ ਲਗਾਉਣ ਦੀ ਪ੍ਰਕਿਰਿਆ ਨੂੰ ਤਰਕਸੰਗਤ ਬਣਾਉਣ ਲਈ।
ਇਹ ਸੇਵਾਵਾਂ ਵੀ ਟੈਲੀਕਾਮ ਐਕਟ ਦੇ ਦਾਇਰੇ ‘ਚ ਆਉਣਗੀਆਂ।
ਨਵੇਂ ਦੂਰਸੰਚਾਰ ਬਿੱਲ 2022 ਦੇ ਡਰਾਫਟ ਮੁਤਾਬਕ ਫੇਸਬੁੱਕ, ਵਟਸਐਪ, ਗੂਗਲ ਡੂਓ, ਗੂਗਲ ਮੀਟ, ਟੈਲੀਗ੍ਰਾਮ ਅਤੇ ਜ਼ੂਮ ਵਰਗੀਆਂ ਸੇਵਾਵਾਂ ਇਸ ਦੇ ਦਾਇਰੇ ‘ਚ ਆਉਣਗੀਆਂ। ਪ੍ਰਸਾਰਣ ਸੇਵਾਵਾਂ, ਈਮੇਲ, ਵੌਇਸ, ਵੀਡੀਓ ਅਤੇ ਡਾਟਾ ਸੰਚਾਰ ਸੇਵਾਵਾਂ, ਵੌਇਸ ਮੇਲ, ਫਿਕਸਡ ਅਤੇ ਮੋਬਾਈਲ ਸੇਵਾਵਾਂ, ਇੰਟਰਨੈਟ ਅਤੇ ਬ੍ਰੌਡਬੈਂਡ ਸੇਵਾਵਾਂ, ਆਡੀਓਟੈਕਸ ਸੇਵਾਵਾਂ, ਵੀਡੀਓਟੈਕਸ ਸੇਵਾਵਾਂ, ਸੈਟੇਲਾਈਟ ਅਧਾਰਤ ਸੰਚਾਰ ਸੇਵਾਵਾਂ, ਵਾਕੀ-ਟਾਕੀਜ਼, ਮਸ਼ੀਨ ਤੋਂ ਮਸ਼ੀਨ ਸੇਵਾਵਾਂ, ਇੰਟਰਨੈਟ ਤੇ ਆਧਾਰਿਤ ਸੰਚਾਰ ਸੇਵਾਵਾਂ ਇਸ ਦੇ ਦਾਇਰੇ ਵਿੱਚ ਆਉਣਗੀਆਂ।
ਵਟਸਐਪ ਦੀ ਮੁਫਤ ਕਾਲਿੰਗ ਸੇਵਾ ਖਤਮ ਹੋ ਜਾਵੇਗੀ?
ਹਾਲਾਂਕਿ, ਅਸੀਂ ਇੰਟਰਨੈਟ ਰਾਹੀਂ ਕਿਸੇ ਵੀ ਐਪ ਤੋਂ ਵੀਡੀਓ ਜਾਂ ਆਡੀਓ ਕਾਲਿੰਗ ਕਰਨ ਲਈ ਡਾਟਾ ਲਾਗਤ ਦੇ ਤੌਰ ‘ਤੇ ਚਾਰਜ ਕਰਦੇ ਹਾਂ। ਪਰ ਇਹ ਸੰਭਵ ਹੈ ਕਿ ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ, ਵਟਸਐਪ ਜਾਂ ਕਾਲਿੰਗ ਸੇਵਾ ਪ੍ਰਦਾਨ ਕਰਨ ਵਾਲੀ ਹੋਰ ਕੰਪਨੀ ਇਸ ਲਈ ਵਾਧੂ ਚਾਰਜ ਲੈਣਾ ਸ਼ੁਰੂ ਕਰ ਦੇਣ। ਜਾਂ ਤੁਹਾਨੂੰ ਕੁਝ ਸੇਵਾਵਾਂ ਲਈ ਮੈਂਬਰਸ਼ਿਪ ਲੈਣੀ ਪਵੇਗੀ। ਕਿਉਂਕਿ ਕੰਪਨੀਆਂ ਲਾਇਸੈਂਸ ਖਰੀਦਣ ‘ਤੇ ਖਰਚ ਕੀਤੇ ਪੈਸੇ ਦੀ ਵਸੂਲੀ ਖਪਤਕਾਰਾਂ ਤੋਂ ਹੀ ਕਰਨਗੀਆਂ।