ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਦਰਅਸਲ, ਅਗਲੇ 5 ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ‘ਹੀਟ ਵੇਵ’ ਦੀ ਸੰਭਾਵਨਾ ਹੈ ਅਤੇ ਇਸ ਦਾ ਸਭ ਤੋਂ ਵੱਧ ਅਸਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ‘ਤੇ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਪੂਰਬੀ ਅਤੇ ਮੱਧ ਭਾਰਤ ਵਿੱਚ ਵੀ 18 ਮਈ ਤੋਂ ਗਰਮੀਆਂ ਦਾ ਮੌਸਮ ਸ਼ੁਰੂ ਹੋ ਜਾਵੇਗਾ। ਮੌਸਮ ਵਿਭਾਗ ਨੇ ਹਰਿਆਣਾ, ਪੰਜਾਬ, ਰਾਜਸਥਾਨ ਅਤੇ ਦਿੱਲੀ ਲਈ ‘ਔਰੇਂਜ ਅਲਰਟ’ ਜਾਰੀ ਕੀਤਾ ਹੈ, ਜਿਸ ਵਿੱਚ ਬੱਚਿਆਂ, ਬਜ਼ੁਰਗਾਂ, ਸਹਿ-ਰੋਗ ਵਾਲੇ ਲੋਕਾਂ ਅਤੇ ਗਰੀਬੀ ਵਿੱਚ ਰਹਿ ਰਹੇ ਲੋਕਾਂ ਲਈ ‘ਸਿਹਤ ਚਿੰਤਾਵਾਂ’ ‘ਤੇ ਜ਼ੋਰ ਦਿੱਤਾ ਗਿਆ ਹੈ। ਚੇਤਾਵਨੀ ਵਿੱਚ ਕਿਹਾ ਗਿਆ ਹੈ ਕਿ ਜੋ ਲੋਕ ਲੰਬੇ ਸਮੇਂ ਤੱਕ ਧੁੱਪ ਵਿੱਚ ਰਹਿੰਦੇ ਹਨ ਜਾਂ ਭਾਰੀ ਕੰਮ ਕਰਦੇ ਹਨ, ਉਨ੍ਹਾਂ ਵਿੱਚ ਗਰਮੀ ਨਾਲ ਸਬੰਧਤ ਬਿਮਾਰੀਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਆਈ.ਐਮ.ਡੀ ਨੇ ਕਿਹਾ, ’17-20 ਮਈ ਦੌਰਾਨ ਪੱਛਮੀ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਅਤੇ 18-20 ਮਈ ਦੌਰਾਨ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਤੇਜ਼ ਗਰਮੀ ਦੀ ਸੰਭਾਵਨਾ ਹੈ।’ ਰਾਸ਼ਟਰੀ ਰਾਜਧਾਨੀ ‘ਚ ਸ਼ਨੀਵਾਰ ਤੱਕ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।
ਇਨ੍ਹਾਂ ਰਾਜਾਂ ਲਈ ਪੈਲ ਅਲਰਟ
ਪੂਰਬੀ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਗੁਜਰਾਤ, ਝਾਰਖੰਡ, ਪੱਛਮੀ ਬੰਗਾਲ ਅਤੇ ਉੜੀਸਾ ਲਈ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਇਸ ਤੋਂ ਪਹਿਲਾਂ ਮਈ ਵਿੱਚ ਉੱਤਰੀ ਭਾਰਤ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਗਰਮੀ ਦੇ ਦਿਨਾਂ ਦੀ ਆਮ ਗਿਣਤੀ ਨਾਲੋਂ ਵੱਧ ਹੋਣ ਦੀ ਭਵਿੱਖਬਾਣੀ ਕੀਤੀ ਸੀ।