ਹਰ ਵਰ੍ਹੇ ਜਦੋਂ ਪੋਹ ਦਾ ਮਹੀਨਾ ਆਉਂਦਾ ਹੈ, ਮਨ ਅਜੀਬ ਜਿਹੀ ਉਦਾਸੀਨਤਾ ‘ਚ ਗਵਾਚ ਜਾਂਦਾ ਹੈ। ਗੁਰੂ ਦਸਮ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਊਂਦੇ ਦੀਵਾਰਾਂ ‘ਚ ਚਿਣੇ ਜਾਣ ਦੀ ਕਲਪਨਾ ਕਰਦਿਆਂ ਹੀ ਰੂਹ ਕੰਬ ਉੱਠਦੀ ਹੈ। ਇਕ ਭਾਵਮਈ ਵਿਕਰਾਲ ਪੀੜਾ ਦੀ ਕਸਕ ਕਲੇਜੇ ‘ਚ ਧੂਹ ਪਾਵਣ ਲੱਗਦੀ ਹੈ। ਸੋਚਣ ਲੱਗ ਪੈਂਦਾ ਹਾਂ ਕਿ ਇਹ ਸਾਰਾ ਕੁਝ ਕਿੰਝ ਵਾਪਰਿਆ ਹੋਵੇਗਾ। ਗਿਆਰਾਂ ਪੋਹ (25 ਦਸੰਬਰ) ਦੀ ਸਰਦ ਰਾਤ, ਆਖਰਾਂ ਦੀ ਠੰਡ ‘ਚ, ਮਾਤਾ ਗੁਜਰੀ ਨੇ ਸਰਹੰਦ ਦੇ ਠੰਡੇ ਬੁਰਜ ‘ਚ ਆਪਣੇ ਦੋ ਲਾਡਲੇ ਪੋਤਰਿਆਂ ਬਾਬਾ ਜ਼ੋਰਾਵਰ ਸਿੰਘ (ਉਮਰ ਨੌਂ ਸਾਲ) ਅਤੇ ਬਾਬਾ ਫਤਿਹ ਸਿੰਘ (ਉਮਰ ਸੱਤ ਸਾਲ) ਨਾਲ, ਕਿਸੇ ਓਡਨ ਤੇ ਬਿਸਤਰ ਤੋਂ ਬਗੈਰ ਕਿੰਝ ਗੁਜ਼ਾਰੀ ਹੋਵੇਗੀ। ਮਾਸੂਮ ਸਾਹਿਬਜ਼ਾਦਿਆਂ ਦੇ ਅਨੇਕਾਂ ਹੀ ਸਵਾਲਾਂ ਦੇ ਜਵਾਬ ਮਾਤਾ ਗੁਜਰੀ ਨੇ ਕਿੰਝ ਦਿੱਤੇ ਹੋਣਗੇ। ਦੂਸਰੀ ਸਵੇਰ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਵਜੀਦ ਖਾਂ ਦੀ ਕਚਹਿਰੀ ਵੱਲ ਤੋਰ ਕੇ ਮਾਤਾ ਗੁਜਰੀ ਜੀ ‘ਤੇ ਕੀ ਗੁਜ਼ਰੀ ਹੋਵੇਗੀ?
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਪੁੱਤਰ ਬਾਬਾ ਜ਼ੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3 ਸੰਮਤ 1753, ਸੰਨ 1696 ਈਸਵੀ ਤੇ ਬਾਬਾ ਫਤਿਹ ਸਿੰਘ ਦਾ ਜਨਮ ਫੱਗਣ ਸੁਦੀ 7 ਸੰਮਤ 1755, ਸੰਨ 1698 ਈ. ਨੂੰ ਹੋਇਆ ਸੀ। ਪਿਆਰਾ ਸਿੰਘ ਪਦਮ ਅਨੁਸਾਰ ਬਾਬਾ ਜ਼ੋਰਾਵਰ ਸਿੰਘ ਦਾ ਜਨਮ ਮੱਘਰ ਸੁਦੀ 3, ਸੰਮਤ 1753 ਬਿਕਰਮੀ ਨੂੰ ਮਾਤਾ ਜਤੋ ਜੀ ਦੀ ਕੁੱਖੋਂ ਆਨੰਦਪੁਰ ਵਿਚ ਹੋਇਆ ਤੇ ਸ਼ਹੀਦੀ 3 ਪੋਹ ਸੰਮਤ 1762 ਬਿਕਰਮੀ ਨੂੰ ਸਰਹਿੰਦ ਵਿਖੇ ਹੋਈ। ਬਾਬਾ ਫਤਿਹ ਸਿੰਘ ਦਾ ਜਨਮ ਫੱਗਣ ਸੁਦੀ ਇਕਾਦਸੀ 1755 ਬਿਕਰਮੀ ਨੂੰ ਮਾਤਾ ਜੀਤੋ ਜੀ ਦੀ ਕੁੱਖੋਂ ਹੋਇਆ ਅਤੇ ਸ਼ਹੀਦੀ ਸਰਹਿੰਦ ਵਿਖੇ ਹੋਈ। ਕਿਉਂਕਿ ਦੋ-ਦੋ ਸਾਹਿਬਜ਼ਾਦੇ ਇਕੱਠੇ ਸ਼ਹੀਦ ਹੋਏ, ਇਸ ਕਰਕੇ ਇਨ੍ਹਾਂ ਨੂੰ ‘ਵੱਡੇ ਸਾਹਿਬਜ਼ਾਦੇ’ ਤੇ ‘ਛੋਟੇ ਸਾਹਿਬਜ਼ਾਦੇ’ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ।
”ਨਉਂ ਸਾਲ ਅਵਸਥਾ ਜ਼ੋਰਾਵਰ ਸਿੰਘ ਜੀ ਭਏ।
ਸਾਢੇ ਸੱਤ ਸਾਲ ਅਵਸਥਾ ਫਤੇ ਸਿੰਘ ਜੀ ਲਏ।
ਜ਼ੋਰਾਵਰ ਸਿੰਘ ਦੇ ਪ੍ਰਾਨ ਖੰਡੇ ਨਾਲ ਬੇਗ ਛੁਟ ਗਏ।
ਅੱਧੀ ਘੜੀ ਫਤੇ ਸਿੰਘ ਜੀ ਚਰਨ ਮਾਰਦੇ ਭਏ£”
(ਭਾਵ ਬਾਬਾ ਜ਼ੋਰਾਵਰ ਸਿੰਘ ਜੀ ਦੀ ਉਮਰ ਸ਼ਹੀਦੀ ਦੇ ਸਮੇਂ 9 ਸਾਲ ਦੀ ਸੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਉਮਰ 7 ਸਾਲ 6 ਮਹੀਨੇ ਦੀ ਸੀ। ਬਾਬਾ ਜ਼ੋਰਾਵਰ ਸਿੰਘ ਜੀ ਕਟਾਰ ਦੇ ਵਾਰ ਨਾਲ ਸੀਸ ਕੱਟ ਦਿੱਤੇ ਜਾਣ ਨਾਲ ਤੁਰੰਤ ਹੀ ਜੋਤੀ ਜੋਤ ਸਮਾ ਗਏ ਐਪਰ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਸੀਸ ਕੱਟ ਦਿੱਤੇ ਜਾਣ ਤੋਂ ਬਾਅਦ ਵੀ ਅੱਧੀ ਘੜੀ, ਭਾਵ 12-13 ਮਿੰਟ ਤੱਕ ਪੈਰ ਮਾਰਦੇ ਰਹੇ ਤੇ ਤੜਫਦੇ ਰਹੇ)
ਉਸੇ ਹੀ ਦਿਨ ਜਦੋਂ ਮਾਤਾ ਗੁਜਰੀ ਜੀ ਨੂੰ ਸਰਹੰਦ ਦੇ ਠੰਡੇ ਬੁਰਜ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤੇ ਜਾਣ ਦੀ ਖਬਰ ਮਿਲੀ, ਤਾਂ ਮਾਤਾ ਜੀ ਵੀ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਜੋਤੀ ਜੋਤ ਸਮਾ ਗਏ ਅਤੇ ਅਕਾਲ ਪੁਰਖ ਦੀ ਗੋਦ ਵਿਚ ਆਪਣੇ ਪਿਆਰੇ ਪੋਤਰਿਆਂ ਨੂੰ ਜਾ ਮਿਲੇ। ਮਨੁੱਖਤਾ ਦੇ ਇਤਿਹਾਸ ਵਿਚ ਇਸ ਅਦੁੱਤੀ ਸ਼ਹਾਦਤ ਜਿਹਾ ਭਿਆਨਕ ਮੰਜ਼ਰ ਹੋਰ ਕਿਧਰੇ ਵੀ ਦਿਖਾਈ ਨਹੀਂ ਦਿੰਦਾ।
ਗੁਰੂ ਜੀ ਦੇ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਪੰਜ ਦਿਨ ਦੇ ਵਕਫੇ ਅੰਦਰ- ਅੰਦਰ ਹੀ ਸ਼ਹੀਦੀਆਂ ਪਾ ਗਏ। ਇਨ੍ਹਾਂ ਸ਼ਹਾਦਤਾਂ ਨੂੰ ਹਾਲੇ 313 ਵਰ੍ਹੇ ਹੋਏ ਹਨ। ਕੌਮਾਂ ਦੀ ਤਵਾਰੀਖ ਦੀ ਸਮੀਖਿਆ ਕਰਨ ਸਮੇਂ ਇਹ ਅਵਧੀ ਕੋਈ ਏਨੀ ਵੀ ਜ਼ਿਆਦਾ ਨਹੀਂ ਕਿ ਸਿੱਖਾਂ ਦੇ ਚੇਤਿਆਂ ਵਿਚੋਂ ਛੋਟੇ ਸਾਹਿਬਜ਼ਾਦਿਆਂ ਵਰਗੇ ਸ਼ਹੀਦ ਤੇ ਉਨ੍ਹਾਂ ਦੀ ਸ਼ਹਾਦਤ ਦੇ ਦਰਦਨਾਕ ਪ੍ਰਸੰਗ ਮਨਫੀ ਹੋ ਜਾਣ! ਸ਼ਹੀਦਾਂ ਨੂੰ ਇਕ ਖਸੂਸਨ ਅਦਬ ਅਤੇ ਮਰਿਆਦਾ ਨਾਲ ਯਾਦ ਕਰਨਾ ਹੀ ਆਪਣੇ ਅਕੀਦੇ ਪ੍ਰਤੀ ਸੱਚੀ ਵਫਾਦਾਰੀ ਹੁੰਦੀ ਹੈ।
ਗੁਰਪ੍ਰਣਾਲੀ, ਗੁਲਾਬ ਸਿੰਘ ਵਿਚ ਸ਼ਹਾਦਤ ਦਾ ਸਮਾਂ ਇਸ ਤਰ੍ਹਾਂ ਅੰਕਿਤ ਕੀਤਾ ਗਿਆ ਹੈ :
”ਸਵਾ ਪਹਰ ਦਿਨ ਚੜ੍ਹੇ ਕਾਮ ਭਯੋ ਹੈ”
ਭਾਵ ਸਵਾ ਪਹਿਰ ਦਿਨ ਚੜ੍ਹੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਦਸਵੇਂ ਗੁਰੂ ਜੀ ਦੇ ਸਮਕਾਲੀ ਭਾਈ ਦੁੱਨਾ ਸਿੰਘ ਹੰਡੂਰੀਆਂ ਦੀ ਅਪ੍ਰਕਾਸ਼ਿਤ ਕ੍ਰਿਤ, ‘ਕਥਾ ਗੁਰੂ ਜੀ ਕੇ ਸੁਤਨ ਕੀ’ ਅਨੁਸਾਰ ਛੋਟੇ ਸਾਹਿਬਜ਼ਾਦਿਆਂ ਦੇ ਸੀਸ ਕਟਾਰ ਨਾਲ ਧੜ ਤੋਂ ਜੁਦਾ ਕਰਨ ਤੋਂ ਪਹਿਲਾਂ ਜ਼ਾਲਮਾਂ ਨੇ ਉਨ੍ਹਾਂ ਮਾਸੂਮਾਂ ਨੂੰ ਚਾਬਕਾਂ ਤੇ ਕੋਰੜੇ ਵੀ ਮਾਰੇ ਸਨ
”ਖਮਚੀ ਸਾਥ ਜੁ ਲਗੇ ਤਬੈ ਦੁਖ ਦੇਵਨੰ
ਏਹ ਸੁ ਬਾਲਕ ਫੂਲ, ਧੂਪ ਨਹਿ ਖੇਵਨੰ
ਤਬ ਮਲੇਰੀਏ ਕਹਯੋ; ‘ਜੜਾਂ ਤੁਮ ਜਾਂਹਿ ਹੀ
ਇਹ ਮਾਸੂਮ ਹੈਂ ਬਾਲ ਦੁਖਾਵਹੁ ਨਾਹਿ ਹੀ”
(ਇਥੇ ਖਮਚੀ ਤੋਂ ਭਾਵ ਹੈ ਛਾਂਟਾ ਅਰਥਾਤ ਕੋਰੜਾ)
”ਜਬ ਦੁਸ਼ਟੀਂ ਐਸੇ ਦੁਖ। ਬਹੁਰੋ ਫੇਸ ਸੀਸ ਕਢਵਾਏ
ਰਜ ਕੋ ਪਾਇ ਪੀਪਲਹ ਬਾਂਧੇ। ਦੁਸ਼ਟ ਗੁਲੇਲੇ ਤੀਰ ਸੁ ਸਾਂਧੇ”
ਇਥੇ ਇਹ ਜ਼ਿਕਰ ਕਰਨਾ ਵੀ ਅਜ਼ਹਦ ਜ਼ਰੂਰੀ ਹੈ ਕਿ ਨਵਾਬ ਸ਼ੇਰ ਮੁਹੰਮਦ ਖਾਨ ਮਾਲੇਰਕੋਟਲਾ ਨੇ ਨਾ ਸਿਰਫ ਹਾਅ ਦਾ ਨਾਅਰਾ ਹੀ ਮਾਰਿਆਂ, ਸਗੋਂ ਉਸ ਨੇ ਮਾਸੂਮ ਸਾਹਿਬਜ਼ਾਦਿਆਂ ‘ਤੇ ਜ਼ੁਲਮ ਰੋਕਣ ਲਈ ਬੜੇ ਲਹੂਰ ਅਤੇ ਤਰਲੇ ਵੀ ਲਏ, ਲਾਹਨਤਾਂ ਵੀ ਪਾਈਆਂ ਪਰ ਜ਼ਾਲਮ ਵਜ਼ੀਰ ਖਾਂ ਨੇ ਉਸ ਦੀ ਇਕ ਨਾ ਸੁਣੀ। ਸਰਹੰਦ ਦੀ ਤਵਾਰੀਖ਼ ਦਾ ਜ਼ਿਕਰ ਕਰਦਿਆਂ ਇਹ ਬੜੇ ਅਦਬ ਨਾਲ ਕਹਿਣਾ ਬਣਦਾ ਹੈ ਕਿ ਸਿੱਖ ਕੌਮ ਦੇ ਇਤਿਹਾਸ ਦੇ ਅਜਿਹੇ ਨਾਜ਼ੁਕ ਅਤੇ ਭਿਆਨਕ ਮਰਹਲੇ ‘ਤੇ ਨਵਾਬ ਸ਼ੇਰ ਮੁਹੰਮਦ ਖਾਨ ਮਾਲੇਰਕੋਟਲਾ ਵਲੋਂ ਨਿਭਾਈ ਨਾਕਾਬਿਲ-ਏ-ਫਰਾਮੋਸ਼ ਤਵਾਰੀਖੀ ਭੂਮਿਕਾ ਲਈ ਸਿੱਖ ਕੌਮ ਰਹਿੰਦੇ ਸਮਿਆਂ ਤਕ ਅਹਿਸਾਨਮੰਦ ਰਹੇਗੀ।
ਭਾਵੇਂ ਸਮੁੱਚੀ ਸਿੱਖ ਕੌਮ ਦੇ ਅਮਲਾਂ ਵਿਚ ਇਨ੍ਹਾਂ ਦਰਦਨਾਕ ਪਲਾਂ ਨੂੰ ਸ਼ਰਧਾ ਅਤੇ ਅਕੀਦਤ ਨਾਲ ਨਿਯਮਿਤ ਕਰਨਾ ਨਿਸ਼ਚੇ ਹੀ ਸਿੱਖ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਜ਼ਿੰਮੇਵਾਰੀ ਬਣਦੀ ਹੈ, ਪ੍ਰੰਤੂ ਫਿਰ ਵੀ ਮੈਂ ਇਸ ਨਿਬੰਧ ਰਾਹੀਂ ਸਮੁੱਚੀ ਸਿੱਖ ਕੌਮ, ਸਿੱਖ ਤਖ਼ਤਾਂ ਦੇ ਜਥੇਦਾਰ ਸਾਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸੰਤਾਂ-ਮਹਾਪੁਰਖਾਂ, ਸਿੰਘ ਸਭਾਵਾਂ, ਦੇਸ਼-ਪ੍ਰਦੇਸ਼ ਦੇ ਗੁਰਦੁਆਰਾ ਸਾਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਸਟੂਡੈਂਟਸ ਫੈਡਰੇਸ਼ਨ, ਖਾਲਸਾ ਕਾਲਜਾਂ ਅਤੇ ਖਾਲਸਾ ਸਕੂਲਾਂ ਦੇ ਸਮੂਹ ਪ੍ਰਬੰਧਕਾਂ ਅਤੇ ਮੁਖੀਆਂ, ਸਮੂਹ ਸਿੱਖ ਪਰਿਵਾਰਾਂ ਅਤੇ ਸਿੱਖ-ਪੰਥ ਦੇ ਦਰਦਮੰਦਾਂ ਅੱਗੇ ਇਕ ਵਾਸਤਾ ਪਾਉਂਦਾ ਹਾਂ, ਮੇਰਾ ਤਰਲਾ ਹੈ ਕਿ ਗੰਭੀਰਤਾ ਨਾਲ ਸੋਚੋ ਕਿ ਵਿਸ਼ਵ ਭਰ ਦੇ ਈਸਾਈਅਤ ਨੂੰ ਮੰਨਣ ਵਾਲੇ ਪੈਰੋਕਾਰਾਂ ਨੂੰ ਤਾਂ 2017 ਸਾਲ ਬਾਅਦ ਵੀ ਹਜ਼ਰਤ ਈਸਾ ਦੀ ਸਲੀਬਕਸ਼ੀ ਸਮੇਂ ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਵਿਚ ਗੱਡੀਆਂ ਮੇਖਾਂ ਦੇ ਜ਼ਖ਼ਮਾਂ ‘ਚੋਂ ਸਿੰਮਦਾ ਖੂਨ ਨਜ਼ਰ ਆਉਂਦਾ ਹੈ ਅਤੇ ਉਸ ਦੀ ਪੀੜਾ ਦਾ ਗਹਿਰਾ ਅਹਿਸਾਸ ਵੀ ਹੁੰਦਾ ਹੈ। ਇਸਲਾਮ ਦੇ ਪੈਰੋਕਾਰਾਂ ਨੂੰ 1337 ਸਾਲ ਬਾਅਦ ਵੀ ‘ਕਰਬਲਾ’ ਦਾ ਕਹਿਰ ਯਾਦ ਹੈ, ਮੁਹੱਰਮ ਦੇ ਮੌਕੇ ਹਰ ਮੁਸਲਮਾਨ ਆਪਣੇ ਆਪ ਨੂੰ ਕਰਬਲਾ ਦੀ ਪੀੜਾ ਵਿਚ ਗੁੰਮ ਕਰ ਲੈਂਦਾ ਹੈ ਅਤੇ ਆਪਣੇ ਪੈਗੰਬਰ ਦੀ ਵੇਦਨਾ ਨਾਲ ਇਕਸੁਰ ਹੋ ਜਾਂਦਾ ਹੈ।
ਦਰੇਗ ਤਾਂ ਇਸ ਗੱਲ ਦਾ ਹੈ ਕਿ ਸਿੱਖ ਕੌਮ 313 ਸਾਲਾਂ ਦੇ ਸਮੇਂ ਅੰਦਰ ਹੀ ਨੀਹਾਂ ਵਿਚ ਚਿਣ ਕੇ ਸ਼ਹੀਦ ਹੋਏ ਦਸਮੇਸ਼ ਗੁਰੂ ਜੀ ਦੇ ਮਾਸੂਮ ਸਾਹਿਬਜ਼ਾਦਿਆਂ ਦੀ ਦਰਦਨਾਕ ਸ਼ਹੀਦੀ ਨੂੰ ਕਿਉਂ ਵਿਸਰ ਗਈ ਹੈ? ਕਿਸੇ ਉਰਦੂ ਦੇ ਸ਼ਾਇਰ ਨੇ ਸ਼ਹੀਦੀ ਸਮੇਂ ਸਾਹਿਬਜ਼ਾਦਿਆਂ ਦੀ ਮਾਸੂਮੀਅਤ ਨੂੰ ਬਿਆਨ ਕਰਦਿਆਂ ਠੀਕ ਕਿਹਾ ਹੈ ਕਿ
”ਜਿਨਕਾ ਮੂੰਹ ਸੂੰਘਨੇ ਸੇ ਦੂਧ ਕੀ ਬੂ ਆਤੀ ਥੀ,
ਐਸੇ ਮਾਸੂਮ ਭੀ ਮੇਰੀ ਕੌਮ ਕੇ ਰਾਹਬਰ ਨਿਕਲੇ”
ਅੱਜ ਸਮੁੱਚੀ ਸਿੱਖ ਕੌਮ ਲਈ ਆਪਣੇ ਸਵੈ ਅੰਦਰ ਝਾਤੀ ਮਾਰ ਕੇ ਗੰਭੀਰ ਸਮੀਖਿਆ ਕਰਨ ਦਾ ਸਮਾਂ ਹੈ। ਕੌਮਾਂ ਦੇ ਇਤਿਹਾਸ ਵਿਚ ਅਜਿਹਾ ਸਮਾਂ ਕਦੇ-ਕਦੇ ਆਉਂਦਾ ਹੈ, ਜਦੋਂ ਕੌਮਾਂ ਆਪਣੇ ਬੀਤ ਚੁੱਕੇ ਆਪੇ ਦਾ ਨਿਰੀਖਣ ਕਰਦੀਆਂ ਹਨ ਅਤੇ ਆਉਣ ਵਾਲੇ ਸਮੇਂ ਲਈ ਸਜਗ ਹੁੰਦੀਆਂ ਹਨ।
ਆਓ ਸਾਰੇ ਪ੍ਰਣ ਕਰੀਏ ਕਿ 13 ਪੋਹ ਅਰਥਾਤ 27 ਦਸੰਬਰ ਨੂੰ ਸਵੇਰ ਦੇ ਠੀਕ 10 ਵਜੇ ਤੋਂ 11 ਵਜੇ ਤੱਕ ਇਕ ਘੰਟਾ ਹਰ ਸਿੱਖ, ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕਿਉਂ ਨਾ ਹੋਵੇ ਤੇ ਕਿਸੇ ਵੀ ਵਰਤਾਰੇ ਵਿਚ ਮਸ਼ਰੂਫ਼ ਕਿਉਂ ਨਾ ਹੋਵੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿਚ ਜੁੜ ਕੇ ਸਤਿਨਾਮੁ ਵਾਹਿਗੁਰੂ ਦਾ ਜਾਪ ਕਰੇ। ਜ਼ਰਾ ਸੋਚੋ! ਜਦੋਂ ਸਾਡੇ ਕਿਸੇ ਬੱਚੇ ਦੇ ਜ਼ਰਾ ਜਿੰਨੀ ਸੱਟ ਲੱਗ ਜਾਂਦੀ ਹੈ ਤਾਂ ਸਾਡੇ ਮੂੰਹੋਂ ਆਪ-ਮੁਹਾਰੇ ਹੀ ਨਿਕਲ ਜਾਂਦਾ ਹੈ, ‘ਹੇ ਵਾਹਿਗੁਰੂ’ ਰਹਿਮ ਕਰੋ, ਕ੍ਰਿਪਾ ਕਰੋ।
ਕੀ ਅਸੀਂ ਹਰ ਸਾਲ ਇਹ ਥੋੜ੍ਹਾ ਜਿਹਾ ਸਮਾਂ ਕੱਢ ਕੇ ਕਿਸੇ ਨਿਵੇਕਲੇ ਅਸਥਾਨ ‘ਤੇ ਬੈਠ ਕੇ ਆਪਣੇ ਗੁਰੂ ਅਤੇ ਮਾਸੂਮ ਸਾਹਿਬਜ਼ਾਦਿਆਂ ਦੀ ਯਾਦ ਵਿਚ ਸਮਰਪਿਤ ਹੋ ਕੇ ‘ਸਤਿਨਾਮੁ ਵਾਹਿਗੁਰੂ’ ਨਹੀਂ ਜਪ ਸਕਦੇ, ਜਿਨ੍ਹਾਂ ਨੇ ਧਰਮ ਅਤੇ ਸਿੱਖੀ ਸਿਦਕ ਦੀ ਰੱਖਿਆ ਲਈ ਆਪਣੇ ਜੀਵਨ ਬਲੀਦਾਨ ਕਰ ਦਿੱਤੇ, ਖਾਸ ਕਰਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਤਾਂ ਇਸ ਨਿਸ਼ਚਿਤ ਸਮੇਂ ‘ਤੇ ਸ਼ਹੀਦੀ ਜੋੜ ਮੇਲ ਸਮੇਂ ਹਰ ਵਿਅਕਤੀ ਆਪਣੀ-ਆਪਣੀ ਜਗ੍ਹਾ ਬੈਠ ਕੇ ਇਸ ਇਕ ਘੰਟੇ ਲਈ ਬੰਦਗੀ ਵਿਚ ਜੁੜ ਜਾਵੇ, ਇਸ ਇਕ ਘੰਟੇ ਲਈ ਤਾਂ ਇੰਝ ਜਾਪੇ ਜਿਵੇਂ ਸਮੁੱਚਾ ਜਨਜੀਵਨ ਹੀ ‘ਮਾਸੂਮ ਸਾਹਿਬਜ਼ਾਦਿਆਂ’ ਦੀ ਯਾਦ ਵਿਚ ਜੁੜ ਕੇ ਖਾਮੋਸ਼ ਹੋ ਗਿਆ ਹੈ।