ਸੀਬੀਆਈ ਵੱਲੋਂ ਬਿਹਾਰ ’ਚ ਅੱਜ ਸਵੇਰੇ ਆਰਜੇਡੀ ਆਗੂਆਂ ਦੇ ਟਿਕਾਣਿਆਂ ’ਤੇ ਛਾਪੇ ਪੈਣ ਦੇ ਕੁੱਝ ਘੰਟਿਆਂ ਮਗਰੋਂ ਬਿਹਾਰ ’ਚ ਨਵੀਂ ਬਣੀ ਮਹਾਗਠਬੰਧਨ ਸਰਕਾਰ ਨੇ ਅੱਜ ਆਸਾਨੀ ਨਾਲ ਭਰੋਸੇ ਦਾ ਵੋਟ ਹਾਸਲ ਕਰ ਲਿਆ। ਉਧਰ ਭਾਜਪਾ ਵਿਧਾਇਕਾਂ ਨੇ ਸਦਨ ’ਚੋਂ ਵਾਕਆਊਟ ਕੀਤਾ। ਡਿਪਟੀ ਸਪੀਕਰ ਮਹੇਸ਼ਵਰ ਹਜ਼ਾਰੀ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਵਿਜੈ ਕੁਮਾਰ ਚੌਧਰੀ ਦੀ ਅਪੀਲ ’ਤੇ ਵਿਧਾਇਕਾਂ ਦੀ ਗਿਣਤੀ ਕਰਵਾਉਣ ਦੇ ਹੁਕਮ ਦਿੱਤੇ ਜਿਨ੍ਹਾਂ ਕਿਹਾ ਕਿ ਜ਼ੁਬਾਨੀ ਵੋਟਾਂ ’ਚ ਸਪੱਸ਼ਟ ਤੌਰ ’ਤੇ ਬਹੁਮਤ ਮਿਲ ਗਿਆ ਹੈ ਪਰ ਵਿਧਾਇਕਾਂ ਦੀ ਗਿਣਤੀ ਨਾਲ ਕੋਈ ਦੁਚਿੱਤੀ ਨਹੀਂ ਰਹੇਗੀ।
ਭਰੋਸੇ ਦੇ ਮਤੇ ਦੇ ਪੱਖ ’ਚ 160 ਵਿਧਾਇਕਾਂ ਨੇ ਵੋਟ ਪਾਈ ਜਦਕਿ ਵਿਰੋਧ ’ਚ ਇਕ ਵੀ ਵੋਟ ਨਹੀਂ ਪਿਆ। ਏਆਈਐੱਮਆਈਐੱਮ ਦੇ ਇਕਲੌਤੇ ਵਿਧਾਇਕ ਅਖਤਰੁਲ ਇਮਾਮ, ਜਿਸ ਦੀ ਪਾਰਟੀ ਹੁਕਮਰਾਨ ਮਹਾਗਠਬੰਧਨ ’ਚ ਸ਼ਾਮਲ ਨਹੀਂ ਹੈ, ਨੇ ਮਤੇ ਦੇ ਪੱਖ ’ਚ ਵੋਟ ਪਾਈ। ਮੁੱਖ ਮੰਤਰੀ ਨਿਤੀਸ਼ ਕੁਮਾਰ ਜਦੋਂ ਭਾਸ਼ਨ ਦੇ ਰਹੇ ਸਨ ਤਾਂ ਭਾਜਪਾ ਵਿਧਾਇਕ ਸਦਨ ’ਚੋਂ ਵਾਕਆਊਟ ਕਰ ਗਏ।
ਇਹ ਵੀ ਪੜ੍ਹੋ : ਨੌਜਵਾਨ ਕਾਂਗਰਸ ਆਗੂ ਤੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਉਂ ਦਿੱਤਾ ਅਸਤੀਫਾ ? ਪੜ੍ਹੋ..
ਡਿਪਟੀ ਸਪੀਕਰ ਨੇ ਦੱਸਿਆ ਕਿ ਵੀਰਵਾਰ ਨੂੰ ਨਵੇਂ ਸਪੀਕਰ ਦੀ ਚੋਣ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਜਾਣਗੇ ਅਤੇ ਸ਼ੁੱਕਰਵਾਰ ਨੂੰ ਚੋਣ ਹੋਵੇਗੀ। ਭਾਜਪਾ ਦੇ ਵਿਜੈ ਕੁਮਾਰ ਸਿਨਹਾ ਵੱਲੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਸਪੀਕਰ ਦਾ ਅਹੁਦਾ ਖਾਲੀ ਹੋਇਆ ਹੈ। ਆਪਣੇ ਅੱਧੇ ਘੰਟੇ ਦੇ ਭਾਸ਼ਨ ਦੌਰਾਨ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਲਏ ਬਿਨਾਂ ਭਾਜਪਾ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਬਣਨ ਦੀ ਕੋਈ ਖ਼ਾਹਿਸ਼ ਨਹੀਂ ਰਖਦੇ ਹਨ ਪਰ ਉਹ ਚਾਹੁੰਦੇ ਹਨ ਕਿ 2024 ਦੀਆਂ ਲੋਕ ਸਭਾ ਚੋਣਾਂ ਲਈ ਗ਼ੈਰ-ਭਾਜਪਾਈ ਸਾਰੀਆਂ ਪਾਰਟੀਆਂ ਇਕਜੁੱਟ ਹੋਣ।
ਜਨਤਾ ਦਲ (ਯੂ) ਆਗੂ ਨੇ ਭਾਜਪਾ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਚੇਤੇ ਕਰਦਿਆਂ ਅਟਲ ਬਿਹਾਰੀ ਵਾਜਪਾਈ, ਐੱਲ ਕੇ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੇ ਸਮੇਂ ਨੂੰ ਵਧੀਆ ਕਰਾਰ ਦਿੱਤਾ। ਪ੍ਰਧਾਨ ਮੰਤਰੀ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਿਰਫ਼ ਪ੍ਰਚਾਰ ਪ੍ਰਸਾਰ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਭਾਜਪਾ ਵਿਧਾਇਕਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਨਿਤੀਸ਼ ਨੇ ਕਿਹਾ,‘‘ਤੁਸੀਂ ਮੇਰੇ ਖ਼ਿਲਾਫ਼ ਬੋਲੋ।
ਉਨ੍ਹਾਂ ਕਿਹਾ ਕਿ ਭਾਜਪਾ ਸਮਾਜ ’ਚ ਮੁਸ਼ਕਲਾਂ ਖੜ੍ਹੀਆਂ ਕਰਦੀ ਹੈ ਅਤੇ ਵਿਰੋਧੀ ਧਿਰ ਦੇਸ਼ ਦੇ ਹਰ ਕੋਨੇ ’ਚ ਪਹੁੰਚ ਕੇ ਲੋਕਾਂ ਤੇ ਸਮਾਜ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਜਾਣੂ ਕਰਵਾਏਗੀ। ਉਨ੍ਹਾਂ ਕਿਹਾ,‘‘ਤੁਸੀਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਬਾਰੇ ਗੱਲ ਕਰਦੇ ਹੋ। ਆਜ਼ਾਦੀ ਦੇ ਸੰਘਰਸ਼ ’ਚ ਤੁਸੀਂ ਕਿੱਥੇ ਸੀ?