Punjab Green Hydrogen Policy: ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਨੂੰ ਦੇਸ਼ ਭਰ ਵਿੱਚ ਗ਼ੈਰ-ਰਵਾਇਤੀ ਊਰਜਾ ਉਤਪਾਦਨ ਵਿੱਚ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਲਦ ਹੀ ਗਰੀਨ ਹਾਈਡ੍ਰੋਜਨ ਨੀਤੀ ਲਿਆਂਦੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਲ 2030 ਤੱਕ ਨਵਿਆਉਣਯੋਗ ਊਰਜਾ ਦੀ ਵਰਤੋਂ ਦੇ ਹਿੱਸੇ ਨੂੰ 30 ਫ਼ੀਸਦ ਤੱਕ ਵਧਾਉਣ ਲਈ ਵੀ ਠੋਸ ਯਤਨ ਕੀਤੇ ਜਾ ਰਹੇ ਹਨ ਅਤੇ ਮੁੱਖ ਟੀਚਾ ਹਰੇਕ ਊਰਜਾ ਖ਼ਪਤਕਾਰ ਨੂੰ ਉਤਪਾਦਕ ਬਣਾਉਣਾ ਹੈ।
5ਵੇਂ ਈਐਲਈਟੀਐਸ ਕੌਮੀ ਊਰਜਾ ਸੰਮੇਲਨ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਧਰਤੀ ਨੂੰ ਬਚਾਉਣ ਲਈ ਰਵਾਇਤੀ ਬਿਜਲੀ ਉਤਪਾਦਨ ਤੋਂ ਨਵਿਆਉਣਯੋਗ ਊਰਜਾ ਸਰੋਤਾਂ ਵੱਲ ਜਾਣ ਦਾ ਇਹ ਸਹੀ ਸਮਾਂ ਹੈ। ਉਨ੍ਹਾਂ ਕਿਹਾ ਕਿ ਲਗਪਗ 3200 ਮੈਗਾਵਾਟ ਸਮਰੱਥਾ ਦੇ ਨਵਿਆਉਣਯੋਗ ਊਰਜਾ ਪ੍ਰਾਜੈਕਟ, ਜਿਨ੍ਹਾਂ ਵਿੱਚ 2000 ਮੈਗਾਵਾਟ ਸਮਰੱਥਾ ਦੇ ਸੋਲਰ ਪਲਾਂਟ ਵੀ ਸ਼ਾਮਲ ਹਨ, ਸੂਬੇ ਵਿੱਚ ਸਥਾਪਿਤ ਕੀਤੇ ਗਏ ਹਨ, ਜੋ ਪੰਜਾਬ ਵਿੱਚ ਸਥਾਪਿਤ ਕੀਤੀ ਕੁੱਲ ਸਮਰੱਥਾ ਦਾ ਲਗਪਗ 21 ਫ਼ੀਸਦ ਬਣਦਾ ਹੈ। ਕੌਮੀ ਐਨਡੀਸੀ ਤੇ ਐਸਡੀਜੀ ਟੀਚਿਆਂ ਨੂੰ ਪੂਰਾ ਕਰਨ ਲਈ ਨਵਿਆਉਣਯੋਗ ਊਰਜਾ ਦਾ ਹਿੱਸਾ ਸਾਲ 2030 ਤੱਕ 30 ਫ਼ੀਸਦ ਤੱਕ ਵਧਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੈੱਟ ਜ਼ੀਰੋ ਮਿਸ਼ਨ ਨੂੰ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਵਿਆਉਣਯੋਗ ਊਰਜਾ ਦੀ ਵੱਡੀ ਸੰਭਾਵਨਾ ਹੈ ਕਿਉਂਕਿ ਹਰ ਸਾਲ 20 ਮਿਲੀਅਨ ਟਨ ਤੋਂ ਵੱਧ ਝੋਨੇ ਦੀ ਪਰਾਲੀ ਦਾ ਉਤਪਾਦਨ ਹੋ ਰਿਹਾ ਹੈ ਅਤੇ ਸਿਰਫ਼ 7-8 ਮਿਲੀਅਨ ਟਨ ਪਰਾਲੀ ਦਾ ਖੇਤਾਂ ਵਿੱਚ ਅਤੇ ਖੇਤਾਂ ਤੋਂ ਬਾਹਰ ਪ੍ਰਬੰਧਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਝੋਨੇ ਦੀ ਪਰਾਲੀ ਨੂੰ ਕਿਸਾਨਾਂ ਲਈ ਸੰਪਤੀ ਵਿੱਚ ਤਬਦੀਲ ਕਰਨ ਲਈ ਸਖ਼ਤ ਯਤਨ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਅਤੇ ਖੇਤੀ ਰਹਿੰਦ-ਖੂੰਹਦ ‘ਤੇ ਆਧਾਰਿਤ 43 ਕੰਪਰੈੱਸਡ ਬਾਇਓਗੈਸ (ਸੀਬੀਜੀ) ਪ੍ਰਾਜੈਕਟ ਪਹਿਲਾਂ ਹੀ ਅਲਾਟ ਕੀਤੇ ਜਾ ਚੁੱਕੇ ਹਨ ਅਤੇ 33 ਟਨ ਪ੍ਰਤੀ ਦਿਨ (ਟੀਪੀਡੀ) ਤੋਂ ਵੱਧ ਸਮਰੱਥਾ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਸੀਬੀਜੀ ਪਲਾਂਟ ਸੰਗਰੂਰ ਜ਼ਿਲ੍ਹੇ ਵਿੱਚ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਕੰਮਲ ਹੋਣ ‘ਤੇ, ਇਹ ਸਾਰੇ ਪ੍ਰਾਜੈਕਟ 515.58 ਟੀਪੀਡੀ ਸੀਬੀਜੀ ਉਤਪਾਦਨ ਤੋਂ ਇਲਾਵਾ 2 ਮਿਲੀਅਨ ਟਨ ਝੋਨੇ ਦੀ ਪਰਾਲੀ ਦੀ ਸਾਲਾਨਾ ਖ਼ਪਤ ਹੋਵੇਗੀ।
ਕੈਬਨਿਟ ਮੰਤਰੀ ਵੱਲੋਂ ਈ-ਜੀਓਵੀ ਮੈਗਜ਼ੀਨ ਦਾ ਵਿਸ਼ੇਸ਼ ਅੰਕ ਵੀ ਜਾਰੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਕਾਸ ਲਈ ਊਰਜਾ ਦੀ ਅਹਿਮ ਭੂਮਿਕਾ ਹੈ ਅਤੇ ਨਵਿਆਉਣਯੋਗ ਊਰਜਾ ਸੂਬੇ ਦੇ ਵਿਕਾਸ ਨੂੰ ਹੋਰ ਅੱਗੇ ਵਧਾ ਸਕਦੀ ਹੈ ਕਿਉਂ ਜੋ ਊਰਜਾ ਦਾ ਸਭ ਤੋਂ ਸਸਤਾ ਅਤੇ ਵਾਤਾਵਰਣ ਪੱਖੀ ਸਰੋਤ ਨਵਿਆਉਣਯੋਗ ਊਰਜਾ ਹੀ ਹੈ।
ਪੇਡਾ ਦੇ ਚੇਅਰਮੈਨ ਐਚਐਸ ਹੰਸਪਾਲ ਨੇ ਨਵਿਆਉਣਯੋਗ ਊਰਜਾ ਨੂੰ ਅਪਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਨਾਲ ਹੀ ਬਿਜਲੀ ਦੀ ਮੰਗ ਤੇ ਸਪਲਾਈ ਵਿਚਲੇ ਪਾੜੇ ਨੂੰ ਪੂਰਨ ਲਈ ਸੂਬੇ ਵਿਚ ਊਰਜਾ ਦੀ ਸੰਭਾਲ ਤੇ ਊਰਜਾ ਕੁਸ਼ਲਤਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਊਰਜਾ ਸੰਭਾਲ ਤੇ ਊਰਜਾ ਕੁਸ਼ਲਤਾ ਦੇ ਉਪਾਅ ਅਪਣਾ ਕੇ ਬਿਜਲੀ ਨੂੰ ਸਮਝਦਾਰੀ ਨਾਲ ਵਰਤਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।
ਪੰਜਾਬ ਜੈਨਕੋ ਲਿਮਟਿਡ ਦੇ ਚੇਅਰਮੈਨ ਨਵਜੋਤ ਸਿੰਘ ਮੰਡੇਰ (ਜਰਗ) ਨੇ ਕਿਹਾ ਕਿ ਇਹ ਸੰਮੇਲਨ ਉਦਯੋਗਪਤੀਆਂ, ਨੀਤੀ ਨਿਰਮਾਤਾਵਾਂ ਅਤੇ ਨਿਵੇਸ਼ਕਾਂ ਦਰਮਿਆਨ ਗਿਆਨ ਦੀ ਸਾਂਝ ਅਤੇ ਨੈੱਟਵਰਕਿੰਗ ਦੀ ਸਹੂਲਤ ਪ੍ਰਦਾਨ ਕਰੇਗਾ, ਜਿਸ ਵਿੱਚ ਊਰਜਾ ਤਬਦੀਲੀ, ਸੌਰ ਊਰਜਾ, ਬਾਇਓਮਾਸ, ਗਰੀਨ ਹਾਈਡ੍ਰੋਜਨ ਸਮੇਤ ਹਰੀ ਊਰਜਾ ਅਤੇ ਊਰਜਾ ਕੁਸ਼ਲਤਾ ਵਰਗੇ ਕਈ ਵਿਸ਼ਿਆਂ ਨੂੰ ਕਵਰ ਕੀਤਾ ਜਾਵੇਗਾ।
ਵਧੀਕ ਮੁੱਖ ਸਕੱਤਰ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਏ ਵੇਣੂ ਪ੍ਰਸਾਦ ਨੇ ਸਾਫ਼-ਸੁਥਰੀ ਤੇ ਗਰੀਨ ਊਰਜਾ ਨੂੰ ਉਤਸ਼ਾਹਿਤ ਕਰਨ ਦੇ ਸੁਪਨਮਈ ਟੀਚੇ ਵਾਸਤੇ ਪੇਡਾ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸੰਮੇਲਨ ਬਿਜਲੀ ਖੇਤਰ ਦੀਆਂ ਚੁਣੌਤੀਆਂ, ਨਵੇਂ ਰੁਝਾਨਾਂ ਅਤੇ ਤਕਨਾਲੋਜੀ, ਕੁਦਰਤੀ ਊਰਜਾ, ਜਲਵਾਯੂ ਤਬਦੀਲੀ ਅਤੇ ਊਰਜਾ ਕੁਸ਼ਲਤਾ ਲਈ ਅੰਤਰਰਾਸ਼ਟਰੀ ਪੱਧਰ ‘ਤੇ ਕੀਤੇ ਜਾ ਰਹੇ ਯਤਨਾਂ ਬਾਰੇ ਚਰਚਾ ਕਰਨ ਲਈ ਮੁੱਖ ਭਾਈਵਾਲਾਂ ਲਈ ਗਿਆਨ ਦੇ ਆਦਾਨ-ਪ੍ਰਦਾਨ ਪਲੇਟਫਾਰਮ ਵਜੋਂ ਕੰਮ ਕਰੇਗਾ।
While addressing 5th elets National Energy Summit, New & Renewable Energy Sources Minister @AroraAmanSunam said that Punjab Govt. will soon come up with Green Hydrogen Policy & concerted efforts are being made to increase share of Renewable Energy upto 30% by 2030. pic.twitter.com/FF1IElnsYm
— Government of Punjab (@PunjabGovtIndia) May 24, 2023
ਬਿਜਲੀ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਨੇ ਕਿਹਾ ਕਿ ਸਥਿਰਤਾ, ਉਪਲਬਧਤਾ, ਕਿਫਾਇਤੀ, ਗੁਣਵੱਤਾ ਅਤੇ ਵਾਤਾਵਰਣ ਪੱਖੀ ਬਿਜਲੀ ਮੁੱਖ ਟੀਚਾ ਹੈ ਅਤੇ ਨਵਿਆਉਣਯੋਗ ਊਰਜਾ ਖੇਤਰ ਜ਼ਰੀਏ ਹੀ ਇਸ ਟੀਚੇ ਨੂੰ ਹਾਸਲ ਕੀਤਾ ਜਾ ਸਕਦਾ ਹੈ।
ਪੇਡਾ ਦੇ ਡਾਇਰੈਕਟਰ ਐਮਪੀ ਸਿੰਘ ਨੇ ਸੂਬੇ ਵਿੱਚ ਨਵਿਆਉਣਯੋਗ ਤੇ ਊਰਜਾ ਸੰਭਾਲ ਪ੍ਰੋਗਰਾਮਾਂ ਵਿੱਚ ਏਜੰਸੀ ਦੁਆਰਾ ਕੀਤੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਪੇਡਾ ਸੀਏਪੀਈਐਕਸ ਮੋਡ ਤਹਿਤ ਵੱਖ-ਵੱਖ ਸਰਕਾਰੀ ਇਮਾਰਤਾਂ/ਸੰਸਥਾਨਾਂ ਦੀਆਂ ਛੱਤਾਂ ‘ਤੇ ਗਰਿੱਡ ਇੰਟਰਐਕਟਿਵ ਰੂਫਟਾਪ ਸੋਲਰ ਪਾਵਰ ਪਲਾਂਟ ਸਥਾਪਤ ਕਰ ਰਿਹਾ ਹੈ। ਇਸ ਦੇ ਨਾਲ ਹੀ ਵਿਭਾਗ 100 ਫ਼ੀਸਦ ਆਰ.ਈ. ਸਿਟੀ ਪ੍ਰਾਜੈਕਟ ਤਹਿਤ ਸੋਲਰ ਪਾਵਰ ਪਲਾਂਟ ਸਥਾਪਤ ਕਰਨ ਦੀ ਪ੍ਰਕਿਰਿਆ ਅਧੀਨ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h