ਚੰਡੀਗੜ੍ਹ ਦੀ ਇਕ ਕੁੜੀ ਨੇ ਆਨਲਾਈਨ ਫੂਡ ਡਿਲੀਵਰੀ ਕੰਪਨੀ ਸਵਿਗੀ ਰਾਹੀਂ ਚੰਡੀਗੜ੍ਹ ਦੇ ਸੈਕਟਰ-35 ਸਥਿਤ ਇਕ ਰੈਸਟੋਰੈਂਟ ਤੋਂ ਸ਼ਾਕਾਹਾਰੀ ਹੌਟ ਡਾਗ ਮੰਗਵਾਇਆ ਸੀ ਪਰ ਉਸ ਨੂੰ ਮਾਸਾਹਾਰੀ ਹੌਟ ਡਾਗ ਭੇਜ ਦਿੱਤਾ ਗਿਆ। ਇਸ ਨੂੰ ਖਾ ਕੇ ਲੜਕੀ ਬੀਮਾਰ ਹੋ ਗਈ। ਸੈਕਟਰ-38 ਦੀ ਰਹਿਣ ਵਾਲੀ ਜੋਤੀ ਠਾਕੁਰ ਨੇ ਸੈਕਟਰ-35 ਸਥਿਤ ਅੰਕਲ ਜੈਕਜ਼ ਰੈਸਟੋਰੈਂਟ ਅਤੇ ਸਵਿਗੀ ਇੰਡੀਆ ਖ਼ਿਲਾਫ਼ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਕਮਿਸ਼ਨ ਨੇ ਦੋਵਾਂ ਨੂੰ ਸੇਵਾ ਵਿੱਚ ਲਾਪਰਵਾਹੀ ਦਾ ਦੋਸ਼ੀ ਠਹਿਰਾਉਂਦਿਆਂ ਲੜਕੀ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ 15,000 ਰੁਪਏ ਅਤੇ ਮੁਕੱਦਮੇਬਾਜ਼ੀ ਦੇ ਖਰਚੇ ਵਜੋਂ 10,000 ਰੁਪਏ ਅਦਾ ਕਰਨ ਦੇ ਹੁਕਮ ਦਿੱਤੇ ਹਨ।
ਜੋਤੀ ਠਾਕੁਰ ਨੇ ਖਪਤਕਾਰ ਕਮਿਸ਼ਨ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 26 ਅਪ੍ਰੈਲ 2022 ਨੂੰ ਉਸ ਨੇ ਅੰਕਲ ਜੈਕ ਦੇ ਰੈਸਟੋਰੈਂਟ ਤੋਂ ਵੇਜ ਹਾਟ ਡੌਗ ਅਤੇ ਕੋਲਡ ਕੌਫੀ ਬਿਟਰਸ ਸ਼ੇਕ ਦਾ ਆਰਡਰ ਦਿੱਤਾ ਸੀ। ਇਸ ਦੇ ਲਈ ਜੋਤੀ ਨੇ ਆਨਲਾਈਨ ਮੋਡ ਵਿੱਚ 306 ਰੁਪਏ ਦਾ ਭੁਗਤਾਨ ਕੀਤਾ ਸੀ। ਕਰੀਬ 10 ਤੋਂ 15 ਮਿੰਟ ਬਾਅਦ ਸਵਿਗੀ ਦੇ ਫੂਡ ਡਿਲੀਵਰੀ ਬੁਆਏ ਨੇ ਆਰਡਰ ਡਿਲੀਵਰ ਕਰ ਦਿੱਤਾ। ਸ਼ਿਕਾਇਤਕਰਤਾ ਨੇ ਜਦੋਂ ਡੱਬਾ ਖੋਲ੍ਹਿਆ ਤਾਂ ਅੰਦਰ ਖਾਣ-ਪੀਣ ਦਾ ਸਮਾਨ ਖਿਲਰਿਆ ਪਿਆ ਸੀ। ਜਦੋਂ ਲੜਕੀ ਨੇ ਇਸ ਦੀ ਸ਼ਿਕਾਇਤ ਸਵਿਗੀ ਨੂੰ ਕੀਤੀ ਤਾਂ ਸਵਿਗੀ ਨੇ ਗਲਤੀ ਮੰਨ ਲਈ ਅਤੇ 130 ਰੁਪਏ ਵਾਪਸ ਕਰ ਦਿੱਤੇ।
ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਵਿੱਚ ਜੋਤੀ ਠਾਕੁਰ ਨੇ ਕਿਹਾ ਕਿ ਜਦੋਂ ਉਸ ਨੇ ਹਾਟ ਡੌਗ ਖਾਣ ਤੋਂ ਬਾਅਦ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਵੇਜ ਨਹੀਂ ਸਗੋਂ ਮਾਸਾਹਾਰੀ ਸੀ। ਇਸ ਨੂੰ ਖਾਣ ਤੋਂ ਬਾਅਦ ਸ਼ਿਕਾਇਤਕਰਤਾ ਦੀ ਸਿਹਤ ਵਿਗੜ ਗਈ। ਉਹ ਉਲਟੀਆਂ ਅਤੇ ਦਸਤ ਤੋਂ ਪੀੜਤ ਹੋ ਗਈ।
ਮਾਸਾਹਾਰੀ ਹੌਟ ਡਾਗ ਨੂੰ ਖਾਣ ਨਾਲ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਸ ਨੇ ਰੈਸਟੋਰੈਂਟ ਅਤੇ ਸਵਿਗੀ ਨੂੰ ਸ਼ਿਕਾਇਤ ਕੀਤੀ ਅਤੇ ਆਰਡਰ ਲਈ ਖਰਚ ਕੀਤੇ ਪੈਸੇ ਵਾਪਸ ਕਰਨ ਲਈ ਕਿਹਾ। ਪਰ ਕੋਈ ਸੁਣਵਾਈ ਨਹੀਂ ਹੋਈ।