ਪੰਜਾਬ ਖੇਤੀ ਯੂਨੀਵਰਸਿਟੀ ਦੇ ਵੀਸੀ ਦੀ ਨਿਯੁਕਤੀ ਦੇ ਮਾਮਲੇ ’ਚ ਪੰਜਾਬ ਸਰਕਾਰ ਤੇ ਰਾਜਪਾਲ ਵਿਚਾਲੇ ਚੱਲ ਰਿਹਾ ਵਿਵਾਦ ਹੋਰ ਗਰਮ ਹੋ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਅੱਜ ਸ਼ੁਕਰਵਾਰ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ‘ਚ ਉਹ ਸਰਕਾਰ ਖਿਲਾਫ ਮੋਰਚਾ ਖੋਲਦੇ ਹੋਏ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਜਿਸ ਯੂਨੀਵਰਸਿਟੀ ਐਕਟ ਦਾ ਸਰਕਾਰ ਜਿਕਰ ਕਰ ਰਹੀ ਹੈ ਉਸ ਯੂਨੀਵਰਸਿਟੀ ਐਕਟ ਤਹਿਤ ਵੀ ਚਾਂਸਲਰ ਨੂੰ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਚਾਂਸਲਰ ਸਾਰੀਆਂ ਯੂਨੀਵਰਸਿਟੀਆਂ ਦਾ ਹੈੱਡ ਹੁੰਦਾ ਹੈ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਸੰਵਿਧਾਨ ਦੇ ਅਹੁਦੇ ‘ਤੇ ਹਾਂ ਤੇ ਮੈਂ ਆਪਣੀ ਡਿਊਟੀ ਨਿਭਾ ਰਿਹਾ ਹਾਂ ਤੇ ਮੈਂ ਅੱਗੇ ਆਪਣਾ ਕੰਮ ਇਸੇ ਤਰ੍ਹਾਂ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ 3 ਸਾਲ ਮੈਂ ਤਮਿਲਨਾਡੂ ‘ਚ ਗਵਰਨਰ ਰਿਹਾ ਹਾਂ ਤੇ ਮੈਂ ਉਥੇ ਇਨੇ ਸਮੇਂ 27 ਵਾਈਸਚਾਂਸਲਰ ਲਗਾਏ ਹਨ। ਇਸ ਤੋਂ ਅਸਮ ‘ਚ 5 ਵਾਈਸਚਾਂਸਲਰ ਨਿਯੁਕਤ ਕੀਤੇ ਹਨ। ਮੈਂ ਇਸ ਐਕਟ ਬਾਰੇ ਪੂਰੀ ਤਰ੍ਹਾਂ ਜਾਨੂੰ ਹਾਂ। ਉਨ੍ਹਾਂ ਕਿਹਾ ਕਿ ਸਰਕਾਰ ਮੇਰੇ ‘ਤੇ ਇਲਜ਼ਾਮ ਲਗਾਉਂਦੀ ਹੈ ਕਿ ਮੈਂ ਦਖਲ ਅੰਦਾਜੀ ਕਰ ਰਿਹਾ ਹਾਂ ਜਦੋਂ ਕਿ ਇਹ ਉਲਟਾ ਇਹ ਰਾਜਪਾਲ ਦਾ ਅਧਿਕਾਰ ਖੇਤਰ ਹੈ ਤੇ ਸਰਕਾਰ ਇਸ ‘ਚ ਦਖਲਅੰਦਾਜੀ ਕਰ ਰਹੀ ਹੈ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਵੱਲੋਂ ਲਿਖੀਆਂ ਚਿੱਠੀਆਂ ਦਾ ਬੂਰਾ ਵੀ ਮਣਾਇਆ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਜਿਹੀਆਂ ਟਿਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਮੈਂ ਕਦੇ ਵੀ ਕਿਸੇ ‘ਤੇ ਟਿਪਣੀ ਨਹੀਂ ਕਰਦਾ। ਮੈਂ ਤਾਂ ਹਮੇਸ਼ਾ ਸਵਿਧਾਨ ਦੀ ਗੱਲ ਕੀਤੀ ਹੈ ਤੇ ਹਮੇਸ਼ਾ ਕਰਦਾ ਰਹਾਂਗਾ।
CM ਤੇ ਰਾਜਪਾਲ ਵਿਚਾਲੇ ਚਿੱਠੀ ਵਾਰ
ਦੱਸ ਦੇਈਏ ਕਿ CM ਤੇ ਰਾਜਪਾਲ ਵਿਚਾਲੇ ਚਿੱਠੀ ਵਾਰ ਵੀ ਦੇਖਣ ਨੂੰ ਮਿਲੀ ਸੀ। ਜਿਸ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਰਾਜਪਾਲ ਦੇ ਉਸ ਪੱਤਰ ਦਾ ਜਵਾਬ ਦਿੱਤਾ ਜਿਸ ਵਿਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀਸੀ ਦੀ ਨਿਯੁਕਤੀ ਰੱਦ ਕਰ ਕੇ ਨਵੇਂ ਵੀਸੀ ਦੀ ਨਿਯੁਕਤੀ ਦੀ ਪ੍ਰਕਿਰਿਆ ਨੂੰ ਅਮਲ ’ਚ ਲਿਆਉਣ ਲਈ ਕਿਹਾ ਸੀ। ਮੁੱਖ ਮੰਤਰੀ ਮਾਨ ਨੇ ਪੰਜਾਬੀ ’ਚ ਲਿਖੇ ਇਸ ਪੱਤਰ ਨੂੰ ਟਵੀਟ ਕਰ ਕੇ ਸ਼ੇਅਰ ਕੀਤਾ। ਇਸ ਪੱਤਰ ’ਚ ਮਾਨ ਨੇ ਵੀਸੀ ਦੀ ਨਿਯੁਕਤੀ ਨੂੰ ਸਹੀ ਠਹਿਰਾਉਂਦੇ ਹੋਏ ਰਾਜਪਾਲ ਨੂੰ ਲੁਕਵੀਂ ਜੰਗ ’ਚ ਸ਼ਾਮਲ ਨਾ ਹੋਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਰਾਜਪਾਲ ਨੂੰ ਕਈ ਸਵਾਲ ਵੀ ਕੀਤੇ ਹਨ। ਪਰ ਪੰਜਾਬੀ ’ਚ ਲਿਖੇ ਗਏ ਇਸ ਪੱਤਰ ਨੂੰ ਲੈ ਕੇ ਹੀ ਵਿਵਾਦ ਖਡ਼੍ਹਾ ਹੋ ਗਿਆ ਹੈ। ਇਸ ਨੂੰ ਲੈ ਕੇ ਰਾਜ ਭਵਨ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਜਿਹਡ਼ਾ ਪੱਤਰ ਮਿਲਿਆ ਹੈ, ਉਹ ਅੰਗਰੇਜ਼ੀ ਭਾਸ਼ਾ ’ਚ ਹੈ, ਨਾ ਕਿ ਪੰਜਾਬੀ ’ਚ। ਰਾਜਪਾਲ ਨੇ ਮੁੱਖ ਮੰਤਰੀ ਨੂੰ ਸਪਸ਼ਟ ਕਰਨ ਲਈ ਕਿਹਾ ਹੈ ਕਿ ਜਿਹਡ਼ਾ ਪੱਤਰ ਅੰਗਰੇਜ਼ੀ ’ਚ ਮਿਲਿਆ ਤੇ ਜਿਹਡ਼ਾ ਇੰਟਰਨੈੱਟ ਮੀਡੀਆ ’ਤੇ ਪੰਜਾਬੀ ’ਚ ਵਾਇਰਲ ਹੋਇਆ ਹੈ, ਉਸ ਵਿਚੋਂ ਸਹੀ ਕਿਹਡ਼ਾ ਹੈ? ਮੁੱਖ ਮੰਤਰੀ ਨੇ ਜਿਹਡ਼ਾ ਪੱਤਰ ਟਵੀਟ ਕੀਤਾ ਹੈ, ਉਹ ਸਿਰਫ਼ ਇਕ ਸਫੇ ਦਾ ਹੈ ਤੇ ਜਿਹਡ਼ਾ ਪੱਤਰ ਰਾਜਪਾਲ ਨੂੰ ਸਰਕਾਰੀ ਤੌਰ ’ਤੇ ਭੇਜਿਆ ਗਿਆ ਹੈ, ਉਹ ਅੰਗਰੇਜ਼ੀ ’ਚ ਹੈ ਤੇ ਉਹ ਪੰਜ ਸਫ਼ਿਆਂ ’ਚ ਹੈ। ਦੋਵਾਂ ਦੀ ਸ਼ਬਦਾਵਲੀ ’ਚ ਵੀ ਭਾਰੀ ਫ਼ਰਕ ਹੈ।