Cactus Farming- ਕਿਸਾਨਾਂ ਦੀ ਆਮਦਨ ਵਧਾਉਣ ਦੀ ਕੋਸ਼ਿਸ਼ ਕਰਦਿਆਂ ਕੇਂਦਰ ਸਰਕਾਰ ਨੇ ਹੁਣ ਕੈਕਟਸ ਦੀ ਕਾਸ਼ਤ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਦੀ ਯੋਜਨਾ ਬਣਾਈ ਹੈ। ਸਰਕਾਰ ਦਾ ਇਰਾਦਾ ਬੰਜਰ ਤੇ ਘੱਟ ਉਪਜਾਊ ਜ਼ਮੀਨ ‘ਤੇ ਕੈਕਟਸ ਦੀ ਖੇਤੀ ਕਰਨਾ ਹੈ। ਸਰਕਾਰ ਨੇ ਬਾਇਓ-ਫਿਊਲ ਤੇ ਬਾਇਓ-ਫਰਟੀਲਾਈਜ਼ਰ ਦੇ ਉਤਪਾਦਨ ‘ਚ ਕੈਕਟਸ ਦੀ ਵਪਾਰਕ ਵਰਤੋਂ ਨੂੰ ਉਤਸ਼ਾਹਿਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਤੇ ਇਸ ਨਾਲ ਦੋਹਰਾ ਫਾਇਦਾ ਹੋਵੇਗਾ। ਸਭ ਤੋਂ ਪਹਿਲਾਂ ਕੈਕਟਸ ਦੀ ਮੰਗ ਵਧਣ ਨਾਲ ਕਿਸਾਨਾਂ ਨੂੰ ਚੰਗਾ ਪੈਸਾ ਮਿਲੇਗਾ। ਦੂਜਾ, ਬਾਇਓਫਿਊਲ ਉਤਪਾਦਨ ਵਧਣ ਕਾਰਨ ਸਰਕਾਰ ਨੂੰ ਕੱਚੇ ਤੇਲ ‘ਤੇ ਘੱਟ ਖਰਚ ਕਰਨਾ ਪਵੇਗਾ।
ਕੇਂਦਰੀ ਪੇਂਡੂ ਵਿਕਾਸ ਮੰਤਰੀ ਗਿਰੀਰਾਜ ਸਿੰਘ ਨੇ ‘ਕੈਕਟਸ ਪਲਾਂਟਿੰਗ ਤੇ ਇਸ ਦੀ ਆਰਥਿਕ ਵਰਤੋਂ’ ਵਿਸ਼ੇ ’ਤੇ ਮੀਟਿੰਗ ਕੀਤੀ। ਚਿਲੀ, ਮੈਕਸੀਕੋ, ਬ੍ਰਾਜ਼ੀਲ, ਮੋਰੋਕੋ, ਟਿਊਨੀਸ਼ੀਆ, ਇਟਲੀ, ਦੱਖਣੀ ਅਫਰੀਕਾ ਤੇ ਭਾਰਤ ਦੇ ਮਾਹਿਰਾਂ ਨੇ ਵੀ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ‘ਚ ਹਿੱਸਾ ਲਿਆ। ਗਿਰੀਰਾਜ ਸਿੰਘ ਨੇ ਕਿਹਾ ਕਿ ਜੈਵਿਕ ਬਾਲਣ, ਭੋਜਨ ਤੇ ਜੈਵਿਕ ਖਾਦ ਦੇ ਰੂਪ ‘ਚ ਇਸਦੀ ਵਰਤੋਂ ਦੇ ਲਾਭਾਂ ਨੂੰ ਸਮਝਣ ਲਈ ਘੱਟ ਉਪਜਾਊ ਜ਼ਮੀਨਾਂ ‘ਚ ਕੈਕਟਸ ਬੀਜਣ ਲਈ ਵੱਖ-ਵੱਖ ਵਿਕਲਪਾਂ ਦੀ ਖੋਜ ਕਰਨੀ ਚਾਹੀਦੀ ਹੈ।
ਭਾਰਤ ‘ਚ ਵੀ ਹੁਣ ਕੈਕਟਸ ਦੀ ਵਪਾਰਕ ਵਰਤੋਂ ਵੱਲ ਕਦਮ ਪੁੱਟੇ ਜਾ ਰਹੇ ਹਨ। ਮੱਧ ਪ੍ਰਦੇਸ਼ ‘ਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਕੈਕਟਸ ਤੇ ਕੁਝ ਹੋਰ ਪੌਦਿਆਂ ਤੋਂ ਬਾਇਓਫਿਊਲ ਦੇ ਉਤਪਾਦਨ ਲਈ ਖੁਸ਼ਕ ਭੂਮੀ ਖੇਤਰਾਂ ‘ਚ ਅੰਤਰਰਾਸ਼ਟਰੀ ਖੇਤੀ ਖੋਜ ਕੇਂਦਰ ਦੇ ਸਹਿਯੋਗ ਨਾਲ ਇੱਕ ਪਾਇਲਟ ਪ੍ਰੋਜੈਕਟ ਸਥਾਪਤ ਕੀਤਾ ਜਾ ਰਿਹਾ ਹੈ। ਪੈਟਰੋਲੀਅਮ ਮੰਤਰਾਲਾ ਇਸ ਉੱਦਮ ‘ਚ ਤਕਨੀਕੀ ਸਹਾਇਤਾ ਪ੍ਰਦਾਨ ਕਰੇਗਾ।
ਦੁਨੀਆ ਦੇ ਘੱਟੋ-ਘੱਟ 20 ਦੇਸ਼ਾਂ ‘ਚ, ਕੈਕਟਸ ਇੱਕ ਵਪਾਰਕ ਫਸਲ ਵਜੋਂ ਭਾਰਤ ਦੇ ਖੁਸ਼ਕ ਖੇਤਰਾਂ ਵਰਗੇ ਵਾਤਾਵਰਣ ‘ਚ ਹੀ ਉਗਾਇਆ ਜਾਂਦਾ ਹੈ। ਕੈਕਟਸ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ। ਇਹ ਇੱਕ ਸਦੀਵੀ ਪੌਦਾ ਹੈ ਜੋ ਇੱਕ ਫਸਲ ਪੈਦਾ ਕਰਦਾ ਹੈ ਤੇ ਇਸਦੇ ਗੱਦੇਦਾਰ ਤਣਿਆਂ ਦੀ ਕਟਾਈ ਤੋਂ ਬਾਅਦ ਦੁਬਾਰਾ ਪੈਦਾ ਹੁੰਦਾ ਹੈ। ਇਸ ਦੀ ਵਰਤੋਂ ਨਾ ਸਿਰਫ ਬਾਇਓ-ਫਿਊਲ, ਬਾਇਓ-ਫਰਟੀਲਾਈਜ਼ਰ ਬਣਾਉਣ ‘ਚ ਕੀਤੀ ਜਾਂਦੀ ਹੈ, ਸਗੋਂ ਇਸ ਨੂੰ ਜਾਨਵਰਾਂ ਦੀ ਖੁਰਾਕ ਵਜੋਂ ਵੀ ਵਰਤਿਆ ਜਾ ਸਕਦਾ ਹੈ। ਭਾਰਤ ‘ਚ 20 ਲੱਖ ਹੈਕਟੇਅਰ ‘ਚ ਕੈਕਟਸ ਦੀ ਕਾਸ਼ਤ ਕੀਤੀ ਜਾ ਸਕਦੀ ਹੈ।
ਮੈਕਸੀਕੋ ‘ਚ ਕੈਕਟਸ ਦੀ ਖੇਤੀ ਨੇ ਕਿਸਾਨਾਂ ਦੀ ਕਿਸਮਤ ਹੀ ਬਦਲ ਦਿੱਤੀ ਹੈ। ਮੈਕਸੀਕੋ ਦੇ ਮਾਰੂਥਲ ‘ਚ ਨੋਪਲ ਕੈਕਟਸ ਨਾਂ ਦਾ ਇੱਕ ਕੈਕਟਸ ਦਾ ਬੂਟਾ ਉੱਗਦਾ ਹੈ, ਜਿਸ ਨੂੰ ‘ਗਰੀਨ ਗੋਲਡ’ ਕਿਹਾ ਜਾਂਦਾ ਹੈ। ਇਸ ਨੂੰ ਸਲਾਦ ਦੇ ਤੌਰ ‘ਤੇ ਖਾਧਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਤੋਂ ਚਿਪਸ ਤੇ ਸ਼ੇਕ ਵੀ ਬਣਾਏ ਜਾ ਰਹੇ ਹਨ। ਇਸ ਦੇ ਨਾਲ ਹੀ ਨੇਪਾਲ ਦੇ ਬਾਕੀ ਰਹਿੰਦ-ਖੂੰਹਦ ਤੋਂ ਵੀ ਵੱਡੇ ਪੱਧਰ ‘ਤੇ ਬਾਇਓਫਿਊਲ ਤਿਆਰ ਕੀਤਾ ਜਾ ਰਿਹਾ ਹੈ। ਮੱਕੀ ਨਾਲੋਂ ਕੈਕਟਸ ਤੋਂ ਬਾਇਓਫਿਊਲ ਬਣਾਉਣਾ ਸਸਤਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h