Punjab ‘Zero Bill’: ਪੰਜਾਬ ’ਚ ਸੂਬਾ ਸਰਕਾਰ ਵਲੋਂ ਚੋਣਾਂ ਦੌਰਾਨ ਕੀਤਾ ਫਰੀ ਬਿਜਲੀ ਬਿੱਲ (free electricity bill) ਦਾ ਲੋਕ ਪੂਰਾ ਫਾਇਦਾ ਲੈ ਰਹੇ ਹਨ। ਦੱਸ ਦਈਏ ਕਿ ਮਾਨ ਸਰਕਾਰ (Punjab Governmment) ਨੇ 2 ਮਹੀਨੇ 600 ਯੂਨਿਟ ਫਰੀ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਜਿਸ ਤੋਂ ਬਾਅਦ ਲੋਕਾਂ ਦਾ ਬਿਜਲੀ ਬਿੱਲ (electricity bill) ਲਗਾਤਾਰ ਜ਼ੀਰੋ ਆ ਰਿਹਾ ਹੈ। ਜਿਸ ਕਰਕੇ ਲੋਕ ਮਾਨ ਸਰਕਾਰ ਦਾ ਤਾਂ ਧੰਨਵਾਦ ਕਰਦੇ ਨਹੀਂ ਥੱਕ ਰਹੇ ਪਰ ਇਸ ਦੇ ਨਾਲ ਪਾਵਰ ਕੌਮ ਦਾ ਕੰਮ ਵੱਧ ਗਿਆ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ ਕਿਵੇਂ ਤਾਂ ਇਸ ਦਾ ਜਵਾਬ ਜਾਣਨ ਲਈ ਪੜ੍ਹੋ ਇਹ ਰਿਪੋਰਟ
ਸੂਬੇ ‘ਚ ‘ਜ਼ੀਰੋ ਬਿੱਲ’ ਪਾਉਣ ਲਈ ਪਾਵਰਕੌਮ ਕੋਲ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦਾ ਹੜ੍ਹ ਆ ਗਿਆ ਹੈ। ਜਿਨ੍ਹਾਂ ਦੀ ਘਰੇਲੂ ਬਿਜਲੀ ਦੀ ਖਪਤ ਜ਼ਿਆਦਾ ਹੈ ਤੇ 600 ਯੂਨਿਟ (ਦੋ ਮਹੀਨੇ) ਦੇ ਦਾਇਰੇ ’ਚ ਨਹੀਂ ਆਉਂਦੇ, ਉਨ੍ਹਾਂ ਨੇ ਆਪੋ ਆਪਣੇ ਘਰਾਂ ’ਚ ਨਵੇਂ ਬਿਜਲੀ ਕੁਨੈਕਸ਼ਨ ਲੈਣ ਦੀ ਜੁਗਤ ਲਗਾ ਲਈ ਹੈ।
ਹਾਲ ਹੀ ‘ਚ ਕੀਤੇ ਵੇਰਵਿਆਂ ਮੁਤਾਬਕ ਸਮੁੱਚੇ ਪੰਜਾਬ ‘ਚ ਇਸ ਸਾਲ ਪਹਿਲੀ ਜਨਵਰੀ ਤੋਂ ਸਤੰਬਰ ਮਹੀਨੇ ਤੱਕ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦੀ ਅੰਕੜਾ 2.95 ਲੱਖ ’ਤੇ ਪੁੱਜ ਗਿਆ ਹੈ ਜਦੋਂ ਕਿ ਪਿਛਲੇ ਵਰ੍ਹੇ ਇਨ੍ਹਾਂ ਮਹੀਨਿਆਂ ਦੌਰਾਨ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦੀ ਗਿਣਤੀ 2.20 ਲੱਖ ਸੀ। ਇਸ ਤੋਂ ਸਾਫ਼ ਹੈ ਕਿ ਇਨ੍ਹਾਂ ਮਹੀਨਿਆਂ ਦੌਰਾਨ ਨਵੇਂ ਕੁਨੈਕਸ਼ਨ ਲੈਣ ਵਾਲਿਆਂ ਦੀ ਗਿਣਤੀ ਵਿਚ 75 ਹਜ਼ਾਰ ਦਾ ਵਾਧਾ ਹੋ ਗਿਆ ਹੈ।
ਪਹਿਲੀ ਜੁਲਾਈ ਤੋਂ ‘ਆਪ’ ਸਰਕਾਰ ਨੇ 600 ਯੂਨਿਟ (ਦੋ ਮਹੀਨੇ) ਦੀ ਮੁਆਫ ਦਿੱਤੀ। ਇਕੱਲੇ ਜੁਲਾਈ ਮਹੀਨੇ ‘ਚ ਨਵੇਂ ਕੁਨੈਕਸ਼ਨ ਲੈਣ ਵਾਲੇ 38,064 ਲੋਕਾਂ ਨੇ ਅਪਲਾਈ ਕੀਤਾ ਜਦੋਂ ਕਿ ਜੁਲਾਈ 2021 ਵਿਚ ਇਹ ਗਿਣਤੀ 27,778 ਸੀ। ਜੁਲਾਈ ਮਹੀਨੇ ’ਚ ਹੀ ਪਿਛਲੇ ਸਾਲ ਨਾਲੋਂ ਕਰੀਬ 10,300 ਦਰਖਾਸਤਾਂ ਵੱਧ ਆਈਆਂ ਹਨ। ਸਤੰਬਰ 2022 ਵਿਚ 34 ਹਜ਼ਾਰ ਲੋਕਾਂ ਨੇ ਨਵੇਂ ਮੀਟਰ ਲਵਾਉਣ ਲਈ ਪਹੁੰਚ ਕੀਤੀ ਹੈ ਜਦੋਂ ਕਿ ਸਤੰਬਰ 2021 ਵਿਚ ਇਹ ਅੰਕੜਾ 24 ਹਜ਼ਾਰ ਦਰਖਾਸਤਾਂ ਦਾ ਸੀ। ਸਤੰਬਰ ਮਹੀਨੇ ਵਿਚ 10 ਹਜ਼ਾਰ ਦਰਖਾਸਤਾਂ ਵੱਧ ਆਈਆਂ ਹਨ।
ਦੁਆਬੇ ‘ਚ ਨਹੀਂ ਇਸ ਦਾ ਕੋਈ ਖਾਸ ਪ੍ਰਭਾਅ, ਮਾਲਵਾ ਮੋਹਰੀ
ਦੁਆਬੇ ਵਿਚ ਇਹ ਰੁਝਾਨ ਕਾਫੀ ਮੱਠਾ ਹੈ। ਮਾਲਵਾ ਇਸ ਮਾਮਲੇ ਵਿਚ ਸਭ ਤੋਂ ਮੋਹਰੀ ਬਣਿਆ ਹੈ। ਪੱਛਮੀ ਜ਼ੋਨ ਵਿਚ ਪੈਂਦੇ ਚਾਰ ਸਰਕਲਾਂ ਵਿਚ ਨਵੇਂ ਕੁਨੈਕਸ਼ਨ ਲੈਣ ਦੇ ਚਾਹਵਾਨਾਂ ਦੀ ਗਿਣਤੀ ਵਿਚ 65 ਫੀਸਦੀ ਦਾ ਵਾਧਾ ਹੋਇਆ ਹੈ ਜਦੋਂ ਸਰਹੱਦੀ ਜ਼ੋਨ ’ਚ ਪੈਂਦੇ ਸਰਕਲਾਂ ਵਿਚ 39 ਫੀਸਦੀ ਦਾ ਵਾਧਾ ਹੋਇਆ ੲੈ। ਸਭ ਤੋਂ ਘੱਟ ਉੱਤਰੀ ਜ਼ੋਨ ਵਿਚ 17 ਫੀਸਦੀ ਨਵੀਆਂ ਦਰਖਾਸਤਾਂ ਆਈਆਂ ਹਨ।
ਪਾਵਰਕੌਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਜੇਕਰ ਇੱਕੋ ਘਰ ਵਿਚ ਦੂਸਰੀ ਰਸੋਈ ਦਾ ਪ੍ਰਬੰਧ ਹੈ ਤਾਂ ਨਵਾਂ ਕੁਨੈਕਸ਼ਨ ਖਪਤਕਾਰ ਲੈ ਸਕਦੇ ਹਨ। ਹੈਰਾਨੀ ਭਰਿਆ ਰੁਝਾਨ ਹੈ ਕਿ ਲੋਕ ਹੁਣ ਜ਼ੀਰੋ ਬਿੱਲ ਦੇ ਲਾਲਚ ਵਿਚ ਖੇਤਾਂ ਵਿਚ ਵੀ ਘਰੇਲੂ ਕੁਨੈਕਸ਼ਨ ਵਾਸਤੇ ਅਪਲਾਈ ਕਰਨ ਲੱਗੇ ਹਨ। ਠੰਢ ਦੇ ਮੌਸਮ ਮਗਰੋਂ ਪਾਵਰਕੌਮ ਨੇ 76 ਫੀਸਦੀ ਘਰੇਲੂ ਖਪਤਕਾਰਾਂ ਨੂੰ ਜ਼ੀਰੋ ਬਿੱਲ ਭੇਜੇ ਹਨ। ਠੰਢੇ ਕਰਕੇ ਬਿਜਲੀ ਦੀ ਖਪਤ ਘਟੀ ਹੈ ਜਿਸ ਕਰ ਕੇ ਖਪਤਕਾਰ ਹੁਣ 600 ਯੂਨਿਟਾਂ ਦੀ ਮੁਆਫੀ ਵਾਲੇ ਘੇਰੇ ਵਿਚ ਆਉਣ ਲੱਗੇ ਹਨ।
ਇਸ ਮਾਮਲੇ ‘ਚ ਅੱਗੇ ਨਜ਼ਰ ਮਾਰੀਏ ਤਾਂ ਪੰਜਾਬ ਭਰ ਚੋਂ ਫਿਰੋਜ਼ਪੁਰ ਨੇ ਵੱਡੀ ਛਾਲ ਮਾਰੀ ਹੈ ਜਿੱਥੇ ਨਵੇਂ ਕੁਨੈਕਸ਼ਨ ਲੈਣ ਦੇ ਚਾਹਵਾਨਾਂ ਦੇ ਅੰਕੜੇ ਵਿਚ 101 ਫੀਸਦੀ ਦਾ ਵਾਧਾ ਹੋ ਗਿਆ ਹੈ। ਇਸੇ ਸਰਕਲ ਵਿਚ ਹੁਣ ਤੱਕ 13,583 ਲੋਕਾਂ ਨੇ ਨਵੇਂ ਮੀਟਰਾਂ ਵਾਸਤੇ ਅਪਲਾਈ ਕੀਤਾ ਹੈ। ਬਾਦਲਾਂ ਦੇ ਜੱਦੀ ਜ਼ਿਲ੍ਹੇ ਮੁਕਤਸਰ ਇਸ ਮਾਮਲੇ ‘ਚ ਦੂਜੇ ਨੰਬਰ ’ਤੇ ਹੈ ਜਿੱਥੇ ਨਵੇਂ ਕੁਨੈਕਸ਼ਨ ਲੈਣ ਦੇ ਇੱਛੁਕਾਂ ਵਿਚ 73 ਫੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਸ਼ਹਿਰੀ ਸਰਕਲ ਵਿਚ 71 ਫੀਸਦੀ ਅਤੇ ਤਰਨਤਾਰਨ ਸਰਕਲ ਵਿਚ 70 ਫੀਸਦੀ ਦਰਖਾਸਤਾਂ ਦੀ ਗਿਣਤੀ ਵਧੀ ਹੈ।
ਪੰਜਾਬ ਵਿਚ ਇਸੇ ਵੇਲੇ ਹਰ ਤਰ੍ਹਾਂ ਦੀ ਬਿਜਲੀ ਸਬਸਿਡੀ ਲੈਣ ਵਾਲੇ ਖਪਤਕਾਰ 97 ਫੀਸਦੀ ਹੋ ਗਏ ਹਨ। ਸਿਰਫ ਤਿੰਨ ਕੁ ਫੀਸਦੀ ਹੀ ਘਰੇਲੂ ਖਪਤਕਾਰ ਕਿਸੇ ਸਬਸਿਡੀ ਦਾ ਫਾਇਦਾ ਨਹੀਂ ਲੈ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h