ਸ਼ੁੱਕਰਵਾਰ ਨੂੰ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਵੱਲੋਂ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐੱਨਡੀਏ) ਦੇ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਸੀਪੀ ਰਾਧਾਕਿਸ਼ਨਨ ਨਾਲ ਮੁਲਾਕਾਤ ਕੀਤੀ ਗਈ। ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਜਿਥੇ ਉਪ-ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਸੀਪੀ ਰਾਧਾਕਿ੍ਰਸ਼ਨਨ ਦਾ ਸਮਰਥਨ ਕੀਤਾ ਉਥੇ ਹੀ ਕਿਹਾ ਕਿ ਉਹ ਇੱਕ ਤਜਰਬੇਕਾਰ ਸਿਆਸਤਦਾਨ ਹਨ, ਜਿਨ੍ਹਾਂ ਦਾ ਸਮਾਜਿਕ ਜੀਵਨ ਦਾ ਤਜਰਬਾ ਰਾਸ਼ਟਰ ਨੂੰ ਬਹੁਤ ਲਾਭ ਪਹੁੰਚਾਏਗਾ।
ਉਪ-ਰਾਸ਼ਟਰਪਤੀ ਦੇ ਨਾਮਜ਼ਦ ਉਮੀਦਵਾਰ ਸੀਪੀ ਰਾਧਾਕਿ੍ਰਸ਼ਨਨ ਨੇ ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨਾਲ ਗੱਲਬਾਤ ਕਰਦਿਆਂ ਪੰਜਾਬ ਅਤੇ ਪੰਜਾਬ ਦੇ ਭਾਈਚਾਰੇ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਰਤ ਦੀ ਆਜ਼ਾਦੀ ਦੀ ਲੜਾਈ ਅਤੇ ਰਾਸ਼ਟਰ ਨਿਰਮਾਣ ਵਿੱਚ ਪੰਜਾਬੀ ਭਾਈਚਾਰੇ ਦੇ ਯੋਗਦਾਨ ’ਤੇ ਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਹੋਵੇ ਜਾਂ ਭਾਰਤ ਨੂੰ ਅਨਾਜ ਵਿੱਚ ਆਤਮ-ਨਿਰਭਰ ਰਾਸ਼ਟਰ ਬਣਾਉਣ ਵਿਚ ਪੰਜਾਬ ਦੇ ਕਿਸਾਨਾਂ ਦਾ ਯੋਗਦਾਨ ਹੋਵੇ। ਪੰਜਾਬੀ ਭਾਈਚਾਰੇ ਦੀ ਉੱਦਮਤਾ ਦੀ ਭਾਵਨਾ, ਨੇ ਭਾਰਤੀ ਅਰਥਵਿਵਸਥਾ ਨੂੰ ਆਕਾਰ ਦੇਣ ਵਿੱਚ ਮਦਦ ਕੀਤੀ ਹੈ। ਸੀ.ਪੀ. ਰਾਧਾਕਿ੍ਰਸ਼ਨਨ ਨੇ ਕਿਹਾ ਕਿ ਪੰਜਾਬੀ ਭਾਈਚਾਰਾ ਇੱਕ ਸੱਚਾ ਰਾਸ਼ਟਰ ਨਿਰਮਾਤਾ ਹੈ।
ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਸੀ.ਪੀ. ਰਾਧਾਕਿ੍ਰਸ਼ਨਨ ਦਾ ਸਮਰਥਨ ਕਰਦਿਆਂ ਸੰਸਦ ਮੈਂਬਰ ਸੰਧੂ ਨੇ ਕਿਹਾ ਕਿ ਸੀ.ਪੀ. ਰਾਧਾਕਿ੍ਰਸ਼ਨਨ ਕੋਲ 4 ਦਹਾਕਿਆਂ ਤੋਂ ਵੱਧ ਦਾ ਲੋਕ ਸੇਵਾ ਦਾ ਤਜਰਬਾ ਹੈ ਅਤੇ ਭਾਰਤ ਦੇ ਅਗਲੇ ਉਪ-ਰਾਸ਼ਟਰਪਤੀ ਵਜੋਂ ਉਨ੍ਹਾਂ ਦੀ ਚੋਣ ਨਾਲ ਰਾਸ਼ਟਰ ਨੂੰ ਬਹੁਤ ਲਾਭ ਮਿਲੇਗਾ। ਰਾਧਾਕਿ੍ਰਸ਼ਨਨ ਨੇ ਆਪਣੀ ਜ਼ਿੰਦਗੀ ਲੋਕ ਸੇਵਾ ਅਤੇ ਰਾਸ਼ਟਰ ਨਿਰਮਾਣ ਲਈ ਸਮਰਪਿਤ ਕੀਤੀ ਹੈ। ਐਨਡੀਏ ਨੇ ਇੱਕ ਸ਼ਾਨਦਾਰ ਚੋਣ ਕੀਤੀ ਹੈ ਅਤੇ ਇਸ ਉੱਚ ਸੰਵਿਧਾਨਕ ਅਹੁਦੇ ’ਤੇ ਉਨ੍ਹਾਂ ਦੀ ਸੇਵਾ ਨਾਲ ਪੂਰੇ ਰਾਸ਼ਟਰ ਨੂੰ ਲਾਭ ਹੋਵੇਗਾ।
ਜ਼ਿਕਰਯੋਗ ਹੈ ਕਿ ਸੀਪੀ ਰਾਧਾਕਿ੍ਰਸ਼ਨਨ ਨੇ ਭਾਜਪਾ ਦੇ ਤਾਮਿਲਨਾਡੂ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ ਹੈ ਉਹ ਦੋ ਵਾਰ ਕੋਇੰਬਟੂਰ ਤੋਂ ਲੋਕ ਸਭਾ ਲਈ ਚੁਣੇ ਗਏ ਹਨ। ਉਨ੍ਹਾਂ ਨੇ ਪੁਡੂਚੇਰੀ ਐਲਜੀ, ਝਾਰਖੰਡ ਦੇ ਰਾਜਪਾਲ ਵਜੋਂ ਸੇਵਾਵਾਂ ਨਿਭਾਈਆਂ ਹਨ ਤੇ ਉਹ ਵਰਤਮਾਨ ਸਮੇਂ ਵਿਚ ਉਹ ਮਹਾਰਾਸ਼ਟਰ ਦੇ ਰਾਜਪਾਲ ਵਜੋਂ ਸੇਵਾਵਾਂ ਨਿਭਾ ਰਹੇ ਹਨ।