History of Khalsa Sajna Diwas: ਸਰਬੰਸਦਾਨੀ, ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਨੂੰ ਵੈਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਖਾਲਸਾ ਪੰਥ ਦੀ ਸਾਜਨਾ ਕੀਤੀ। ਖਾਲਸਾ ਸਾਜਨਾ ਦਾ ਮੰਤਵ ਬੜਾ ਸਪੱਸ਼ਟ ਅਤੇ ਪਵਿੱਤਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਦਾ ਆਦਰਸ਼ ਮਨੁੱਖਤਾ ਨੂੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਬੰਧਨਾਂ ਤੋਂ ਮੁਕਤ ਕਰਵਾ ਕੇ ਆਜ਼ਾਦ ਕੌਮ ਦੇ ਰੂਪ ਵਿਚ ਪੇਸ਼ ਕਰਨਾ ਸੀ। ਗੁਰੂ ਸਾਹਿਬਾਨ ਜੀ ਨੇ ਇਸੇ ਦਿਸ਼ਾ ਵਿਚ ਕਾਰਜ ਕੀਤਾ ਅਤੇ ਮਿਥੇ ਟੀਚੇ ਦੀ ਪ੍ਰਾਪਤੀ ਲਈ ਯਤਨ ਕੀਤੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਕਲਪ ਦੀ ਸੇਧ ਵਿਚ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਸਾਜਨਾ ਨਾਲ ਲਿਤਾੜੇ ਤੇ ਨਿਮਾਣੇ ਲੋਕਾਂ ਵਿਚ ਅਜਿਹੀ ਸ਼ਕਤੀ ਦਾ ਸੰਚਾਰ ਕੀਤਾ ਕਿ ਉਹ ਗਿੱਦੜਾਂ ਤੋਂ ਸ਼ੇਰ ਬਣ ਸਵਾ-ਸਵਾ ਲੱਖ ਅਤਿਆਚਾਰੀਆਂ ਨਾਲ ਟੱਕਰ ਲੈਣ ਦੇ ਸਮਰੱਥ ਹੋ ਗਏ। ਉਨ੍ਹਾਂ ਨੇ ਏਕਤਾ, ਸਮਾਨਤਾ ਤੇ ਨਿਆਂ ਦਾ ਝੰਡਾ ਬੁਲੰਦ ਰੱਖਣ ਲਈ ਸਮੇਂ ਦੀ ਵੱਡੀ ਤੋਂ ਵੱਡੀ ਤਾਕਤ ਨਾਲ ਟੱਕਰ ਲਈ। ਸਿੱਖ ਇਤਿਹਾਸ ਵਿਚ ਅੰਕਿਤ ਸਿੱਖ ਸੂਰਮਗਤੀ ਦੀਆਂ ਅਨੇਕਾਂ ਮਿਸਾਲਾਂ ਇਸ ਗੱਲ ਦੀ ਤਸਦੀਕ ਵਜੋਂ ਹਨ।
‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ’ ਦੇ ਅੰਤਰਗਤ ਆਦਰਸ਼ਕ ਭਾਵ ਹਲੇਮੀ ਸਮਾਜ ਦੀ ਸਥਾਪਤੀ ਲਈ ਖਾਲਸਾ ਸਾਜਨਾ ਇੱਕ ਮਹੱਤਵਪੂਰਨ ਘਟਨਾ ਹੈ, ਜਿਸ ਨੇ ਦੁਨੀਆਂ ਦੇ ਧਾਰਮਿਕ ਇਤਿਹਾਸ ਨੂੰ ਕ੍ਰਾਂਤੀਕਾਰੀ ਮੋੜ ਦਿੱਤਾ। ਇਹ ਆਮ ਗੱਲ ਨਹੀਂ, ਸਗੋਂ ‘ਪ੍ਰਮਾਤਮ ਕੀ ਮੌਜ’ ਦਾ ਅਲੌਕਿਕ ਪ੍ਰਗਟਾ ਸੀ। ਖ਼ਾਲਸਾ ਪੰਥ ਦੀ ਸਿਰਜਣਾ ਕਰਨ ਸਮੇਂ ਦਸਮ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਵਿਚ ਵੱਖ-ਵੱਖ ਥਾਵਾਂ ਤੋਂ ਆਏ ਭਿੰਨ-ਭਿੰਨ ਜਾਤਾਂ ਦੇ ਲੋਕਾਂ ਨੂੰ ਸ਼ਾਮਲ ਕਰਕੇ, ਜਾਤ ਪਾਤ ਤੇ ਭੇਦ ਭਾਵ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ। ਜਾਤ-ਪਾਤ, ਭੇਦ ਭਾਵ ਤੇ ਵਰਣ ਵੰਡ ਉਸ ਸਮੇਂ ਸਮਾਜ ਨੂੰ ਇੱਕ ਭਿਆਨਕ ਬੀਮਾਰੀ ਦੀ ਤਰ੍ਹਾਂ ਚੰਬੜੀ ਹੋਈ ਸੀ। ਇਹ ਮਨੁੱਖੀ ਸਵੈਮਾਣ ਨੂੰ ਭਾਰੀ ਸੱਟ ਮਾਰਦਿਆਂ ਮਨੁੱਖਤਾ ਦਾ ਮੂੰਹ ਚਿੜਾ ਰਹੀ ਸੀ।
‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਦੇ ਸਿਧਾਂਤ ਨੂੰ ਅਮਲ ਵਿਚ ਲਿਆ ਕੇ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਨੂੰ ਇੱਕੋ ਹੀ ਬਾਟੇ ‘ਚੋਂ ਅੰਮ੍ਰਿਤ ਛਕਾਇਆ ਅਤੇ ਊਚ-ਨੀਚ ਤੇ ਭੇਦ-ਭਾਵ ਨੂੰ ਸਦਾ ਲਈ ਮਿਟਾ ਦਿੱਤਾ। ਗੁਰੂ ਸਾਹਿਬ ਜੀ ਦੀ ਹੋਰ ਵਡਿਆਈ ਵੇਖੋ। ਉਨ੍ਹਾਂ ਨੇ ਅੰਮ੍ਰਿਤ ਛਕਾਉਣ ਮਗਰੋਂ ਪੰਜ ਪਿਆਰਿਆਂ ਨੂੰ ਕਿਹਾ ਕਿ ਹੁਣ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ। ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਅੰਕਿਤ ਹੈ, ‘ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥’ ਇਸ ਤੋਂ ਪਹਿਲਾਂ ਧਰਮ ਇਤਿਹਾਸ ਅੰਦਰ ਅਜਿਹਾ ਕਿਧਰੇ ਵੀ ਸਾਹਮਣੇ ਨਹੀਂ ਸੀ ਕਿ ਕਿਸੇ ਧਰਮ ਆਗੂ ਨੇ ਆਪਣੇ ਅਨੁਯਾਈਆਂ ਨੂੰ ਆਪਣੇ ਤੋਂ ਉੱਪਰ ਰੱਖਿਆ ਹੋਵੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹਾ ਕਰਕੇ ਖਾਲਸੇ ਵੀ ਵਡਿਆਈ ਬਖਸ਼ੀ। ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿਚ ਵੀ ਖਾਲਸੇ ਨੂੰ ਮਹਾਨ ਦੱਸਿਆ ਹੈ। ਦਸਮ ਪਿਤਾ ਜੀ ਖ਼ਾਲਸੇ ਦੀ ਮਹਿਮਾ ਦਾ ਜ਼ਿਕਰ ਕਰਦੇ ਹਨ:
ਜੁੱਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ॥
ਅਘ ਅਉਘ ਟਰੈ ਇਨਹੀ ਕੇ ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ॥
ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ॥
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀ ਮੋ ਸੇ ਗਰੀਬ ਕਰੋਰ ਪਰੇ॥
ਖਾਲਸਾ ਸਾਜਣਾ ਦੇ ਇਤਿਹਾਸ ’ਤੇ ਝਾਤ ਮਾਰੀਏ ਤਾਂ ਇਸ ਕਾਰਜ ਦੀ ਸੰਪੂਰਨਤਾ ਲਈ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਮੇਂ ਦੀ ਰਾਜਸੀ, ਸਮਾਜਿਕ ਤੇ ਧਾਰਮਿਕ ਪੜਚੋਲ ਤੋਂ ਪਿੱਛੋਂ 1699 ਈ. ਦੀ ਵੈਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੇ ਇਕੱਠ ਲਈ ਸੰਗਤਾਂ ਨੂੰ ਵਿਸ਼ੇਸ਼ ਸੱਦੇ ਭੇਜੇ। ਗੁਰੂ ਜੀ ਦੇ ਇਸ ਸੱਦੇ ‘ਤੇ ਵੱਡੀ ਗਿਣਤੀ ਵਿਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੀਆਂ। ਭਰੇ ਦੀਵਾਨ ਵਿਚ ਗੁਰੂ ਜੀ ਨੇ ਵਾਰੀ ਵਾਰੀ ਪੰਜ ਸੀਸ ਮੰਗੇ, ਜਿਸ ‘ਤੇ ਖਰਾ ਉਤਰਦਿਆਂ ਪੰਜ ਮਰਜੀਵੜਿਆਂ ਨੇ ਆਪਣੇ ਸੀਸ ਭੇਟ ਕੀਤੇ। ਦਸਮ ਪਾਤਸ਼ਾਹ ਜੀ ਨੇ ਇਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਨਾਮ ਨਾਲ ‘ਸਿੰਘ’ ਲਾਇਆ ਅਤੇ ਕਿਹਾ ਕਿ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ, ਤੁਹਾਡੀਆਂ ਪਿਛਲੀਆਂ ਜਾਤਾਂ-ਗੋਤਾਂ ਸਭ ਖ਼ਤਮ। ਹੁਣ ਤੁਸੀਂ ਵਾਹਿਗੁਰੂ ਜੀ ਦਾ ਖ਼ਾਲਸਾ ਹੋ। ਇਸ ਤਰ੍ਹਾਂ ਖ਼ਾਲਸਾ ਪੰਥ ਦੀ ਸਿਰਜਣਾ ਆਤਮਿਕ ਏਕਤਾ ਤੇ ਇਕਸੁਰਤਾ ਦੇ ਨਾਲ-ਨਾਲ ਸਮਾਜਿਕ ਬਰਾਬਰੀ ਅਤੇ ਸਦਭਾਵਨਾ ਦੀ ਪ੍ਰਤੀਕ ਮੰਨੀ ਜਾਂਦੀ ਹੈ।
ਗੁਰੂ ਸਾਹਿਬ ਜੀ ਨੇ ਖਾਲਸੇ ਨੂੰ ਰਹਿਣੀ ਵੀ ਨਿਰਾਲੀ ਬਖਸ਼ਿਸ਼ ਕੀਤੀ ਹੈ, ਜਿਸ ਨੂੰ ਅਪਣਾ ਕੇ ਖ਼ਾਲਸਾ ਪੰਥ ਹਮੇਸ਼ਾ ਆਤਮਕ ਏਕਤਾ ਅਤੇ ਇਕਸੁਰਤਾ, ਸਮਾਜਿਕ ਬਰਾਬਰੀ ਅਤੇ ਸਦਭਾਵਨਾ, ਸਭਿਆਚਾਰਕ ਚੇਤਨਾ ਤੇ ਰਾਜਨੀਤਕ ਜਥੇਬੰਦੀ ਪ੍ਰਤੀ ਸਮਰਪਿਤ ਰਿਹਾ। ਇਸ ਪੈਂਡੇ ’ਤੇ ਚੱਲਦਿਆਂ ਇਸ ਨੂੰ ਸਮੇਂ-ਸਮੇਂ ਧਾਰਮਿਕ, ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਕ ਚਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ। ਇਨ੍ਹਾਂ ਚਣੌਤੀਆਂ ਵਿਚੋਂ ਖ਼ਾਲਸਾ ਪੰਥ ਹਮੇਸ਼ਾਂ ਉੱਜਲ ਮੁੱਖ ਅਤੇ ਸਵੈਮਾਨ ਨਾਲ ਨਿਕਲਿਆ ਅਤੇ ਲਗਾਤਾਰ ਨਿਆਰੀ ਚਾਲੇ ਤੁਰਦਾ ਜਾ ਰਿਹਾ ਹੈ।
ਖ਼ਾਲਸਾ-ਪੰਥ ਦਾ ਸਾਜਨਾ ਦਿਹਾੜਾ ਮਨਾਉਂਦਿਆਂ ਖ਼ਾਲਸੇ ਦੇ ਬੋਲਬਾਲੇ ਅਤੇ ਸਰਬੱਤ ਦੇ ਭਲੇ ਦੀ ਸੋਚ ਦੇ ਪਾਸਾਰ ਵਾਸਤੇ ਗੁਰੂ ਆਸ਼ੇ ਅਨੁਕੂਲ ਗੁਰਮਤਿ ਫਲਸਫੇ ਦੀ ਰੌਸ਼ਨੀ ਵਿਚ ਆਦਰਸ਼ਕ ਜੀਵਨ ਜਾਚ ਅਪਨਾਉਣ ਦੀ ਅੱਜ ਵੱਡੀ ਲੋੜ ਹੈ। ਨੈਤਿਕ ਗੁਣਾ ਦੇ ਧਾਰਨੀ ਹੋ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਗੁਰੂ ਪਾਤਸ਼ਾਹ ਦੁਆਰਾ ਬਖਸ਼ਿਸ਼ ਕੀਤੀ ਜੀਵਨ-ਜਾਂਚ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜ ਹਿੱਸਾ ਬਣਾ ਆਪਣਾ ਜੀਵਨ ਬਤੀਤ ਕਰੀਏ, ਸਾਡੀ ਇਹ ਪਹਿਲ ਬਣਨੀ ਚਾਹੀਦੀ ਹੈ। ਇਸ ਮੁਬਾਰਕ ਅਵਸਰ ‘ਤੇ ਮੈਂ ਪ੍ਰਤੀਨਿਧ ਸਿੱਖ ਸੰਸਥਾ ਦੀ ਇਕ ਨਿਮਾਣੀ ਸੇਵਾਦਾਰ ਦੇ ਰੂਪ ਵਿਚ ਸੰਸਾਰ ‘ਚ ਪਸਰੇ ਖਾਲਸਾ ਪੰਥ ਅਤੇ ਸੰਸਾਰ ਦੀਆਂ ਸਰਬੱਤ ਸੰਗਤਾਂ ਨੂੰ ਲੱਖ-ਲੱਖ ਵਧਾਈ ਦਿੰਦੀ ਹੋਈ ਸਿੱਖ ਸੰਗਤਾਂ ਨੂੰ ਅਪੀਲ ਕਰਦੀ ਹਾਂ ਕਿ ਆਓ! ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਦੇ ਸੰਦੇਸ਼ ਨੂੰ ਹਿਰਦੇ ਵਿਚ ਵਸਾ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਬਖਸ਼ਿਸ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੀਏ ਅਤੇ ਬਾਣੀ-ਬਾਣੇ ਵਿਚ ਪਰਪੱਕ ਹੋ ਕੇ ਗੁਰੂ ਸਾਹਿਬ ਜੀ ਦੇ ਲਾਡਲੇ ਪੁੱਤਰ ਹੋਣ ਦਾ ਮਾਣ ਹਾਸਲ ਕਰੀਏ।