ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਇਤਿਹਾਸਕ 350ਵੇਂ ਸ਼ਹੀਦੀ ਸਮਾਗਮ (21 ਨਵੰਬਰ ਤੋਂ 29 ਨਵੰਬਰ) ਵਿੱਚ ਆਉਣ ਵਾਲੀ ਸੰਗਤ ਦੀ ਸੁਵਿਧਾ ਲਈ ਆਨਲਾਈਨ ‘ਟੈਂਟ ਸਿਟੀ ਬੁਕਿੰਗ ਪੋਰਟਲ’ ਸ਼ੁਰੂ ਕਰ ਦਿੱਤਾ ਹੈ। ਮੀਡੀਆ ਸੈਂਟਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਟੈਂਟ ਸਿਟੀਆਂ ਦੀ ਇਹ ਆਨਲਾਈਨ ਬੁਕਿੰਗ ਸਿਸਟਮ ਪੂਰੀ ਤਰ੍ਹਾਂ ਪਹਿਲਾਂ ਆਓ, ਪਹਿਲਾਂ ਪਾਓ (ਫਰਸਟ ਕਮ, ਫਰਸਟ ਸਰਵ) ਪ੍ਰਣਾਲੀ ਉੱਤੇ ਆਧਾਰਿਤ ਹੈ ਤਾਂ ਜੋ ਕਰੋੜਾਂ ਦੀ ਸੰਖਿਆ ਵਿੱਚ ਆਉਣ ਵਾਲੇ ਸ਼ਰਧਾਲੂਆਂ ਦੀ ਰਿਹਾਇਸ਼ ਸੁਚਾਰੂ, ਸੁਖਦਾਇਕ ਅਤੇ ਆਰਾਮਦਾਇਕ ਬਣਾਈ ਜਾ ਸਕੇ।
ਡਿਜੀਟਲ ਬੁਕਿੰਗ ਸੁਵਿਧਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਸੇਵਾ ਹੁਣ ਕਨੈਕਟ ਪੰਜਾਬ ਪੋਰਟਲ ਅਤੇ ਐੱਮ-ਸੇਵਾ ਮੋਬਾਈਲ ਐਪ ਰਾਹੀਂ ਹਰ ਨਾਗਰਿਕ ਲਈ ਉਪਲੱਬਧ ਹੈ। ਸੰਗਤ ਮੋਬਾਈਲ ਓਟੀਪੀ ਜਾਂ ਪਾਸਵਰਡ ਨਾਲ ਲਾਗਇਨ ਕਰ ਕੇ ਆਸਾਨੀ ਨਾਲ ਬੁਕਿੰਗ ਕਰ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰੀ ਸੇਵਾ ਕੇਂਦਰਾਂ ਰਾਹੀਂ ਵੀ ਕਮਰੇ ਬੁੱਕ ਕੀਤੇ ਜਾ ਸਕਦੇ ਹਨ।
ਬੈਂਸ ਨੇ ਕਿਹਾ ਕਿ ਸੰਗਤ ਆਪਣਾ ਪਛਾਣ ਪੱਤਰ/ਈ-ਕੇਵਾਈਸੀ ਅਪਲੋਡ ਕਰ ਕੇ ਰਿਹਾਇਸ਼ ਦੀ ਬੁਕਿੰਗ ਕਰ ਸਕਦੀ ਹੈ। ਪੰਜਾਬ ਸਰਕਾਰ ਨੇ ਪੂਰਾ ਬੁਕਿੰਗ ਸਿਸਟਮ ਇਸ ਤਰ੍ਹਾਂ ਤਿਆਰ ਕੀਤਾ ਹੈ ਕਿ ਹਰ ਸ਼ਰਧਾਲੂ ਨੂੰ ਉੱਚ ਪੱਧਰੀ ਸੁਵਿਧਾ ਮਿਲੇ। ਉਨ੍ਹਾਂ ਅਪੀਲ ਕੀਤੀ ਕਿ ਸਾਰੇ ਯਾਤਰੀ ਜੋ ਸ੍ਰੀ ਅਨੰਦਪੁਰ ਸਾਹਿਬ ਆਉਣ ਦੀ ਯੋਜਨਾ ਬਣਾ ਰਹੇ ਹਨ, ਉਹ ਸਮੇਂ-ਸਿਰ ਇਸ ਸੁਵਿਧਾ ਦਾ ਲਾਭ ਚੁੱਕਣ ਤਾਂ ਜੋ ਸਮਾਰੋਹ ਦੌਰਾਨ ਰਹਿਣ ਲਈ ਕੋਈ ਦਿੱਕਤ ਨਾ ਆਵੇ। ਪਿੰਡ ਚੰਡੇਸਰ, ਝਿੰਜੜੀ ਅਤੇ ਪਾਵਰਕਾਮ ਗ੍ਰਾਊਂਡ ਵਿੱਚ ਵੱਡੀ ਗਿਣਤੀ ਵਿੱਚ ਮਾਹਰ ਕਰਮਚਾਰੀ ਦਿਨ-ਰਾਤ ਕੰਮ ਕਰ ਰਹੇ ਹਨ ਤਾਂ ਜੋ ਦੇਸ਼ ਤੇ ਵਿਦੇਸ਼ ਤੋਂ ਆਉਣ ਵਾਲੀ ਸੰਗਤ ਨੂੰ ਸਭ ਤੋਂ ਵਧੀਆ ਸੁਵਿਧਾਵਾਂ ਦਿੱਤੀਆਂ ਜਾ ਸਕਣ। ਹਰ ਪਰਿਵਾਰ ਨੂੰ ਦੋ ਦਿਨ ਲਈ ਰਹਿਣ ਦੀ ਸੁਵਿਧਾ ਮਿਲੇਗੀ। ਟੈਂਟ ਸਿਟੀਆਂ ਤਿੰਨ ਮੁੱਖ ਥਾਵਾਂ—ਚੰਡੇਸਰ, ਝਿੰਜੜੀ ਅਤੇ ਪਾਵਰਕਾਮ ਗ੍ਰਾਊਂਡ—ਵਿੱਚ ਲਗਪਗ 80 ਏਕੜ ਖੇਤਰ ਵਿੱਚ ਬਣਾਈਆਂ ਜਾ ਰਹੀਆਂ ਹਨ।
ਬੈਂਸ ਨੇ ਦੱਸਿਆ ਕਿ ਲਗਪਗ 10 ਹਜ਼ਾਰ ਸਰਧਾਲੂ ਇਨ੍ਹਾਂ ਟੈਂਟ ਸਿਟੀਆਂ ਵਿੱਚ ਆਰਾਮ ਨਾਲ ਰਹਿ ਸਕਣਗੇ। ਰੂਪਨਗਰ ਜ਼ਿਲ੍ਹੇ ਤੋਂ ਇਲਾਵਾ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ਦੀ ਸੰਗਤ ਆਨਲਾਈਨ ਰੂਮ ਬੁੱਕ ਕਰ ਸਕਦੀ ਹੈ, ਜਦਕਿ ਇੱਥੋਂ ਦੇ ਰਹਿਣ ਵਾਲੇ ਲੋਕ ਦਰਸ਼ਨ ਕਰ ਕੇ ਆਪਣੇ ਘਰ ਆਸਾਨੀ ਨਾਲ ਵਾਪਸ ਜਾ ਸਕਦੇ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ 500 ਈ-ਰਿਕਸ਼ੇ ਅਤੇ ਗਾਲਫ ਕਾਰਟਾਂ ਦੀ ਸੇਵਾ ਵੀ ਮੁਹੱਈਆ ਕਰਵਾਈ ਜਾਵੇਗੀ। ਤਿੰਨੋ ਟੈਂਟ ਸਿਟੀਆਂ ਨੂੰ ਇਤਿਹਾਸਕ ਸ਼ਖਸੀਅਤਾਂ ਨੂੰ ਸਮਰਪਿਤ ਕੀਤਾ ਗਿਆ ਹੈ—ਚੰਡੇਸਰ ਟੈਂਟ ਸਿਟੀ ਨੂੰ ਮਾਤਾ ਚੱਕ ਨਾਨਕੀ ਜੀ, ਝਿੰਜੜੀ ਟੈਂਟ ਸਿਟੀ ਨੂੰ ਭਾਈ ਮਤੀ ਦਾਸ ਜੀ ਅਤੇ ਪਾਵਰਕਾਮ ਗ੍ਰਾਊਂਡ ਟੈਂਟ ਸਿਟੀ ਨੂੰ ਭਾਈ ਸਤੀ ਦਾਸ ਜੀ ਜੀ ਦੇ ਨਾਮ ਨਾਲ ਸਮਰਪਿਤ ਕੀਤਾ ਗਿਆ ਹੈ।







