ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ‘ਮੋਰਚਾ ਗੁਰੂ ਕਾ ਬਾਗ’ ਦੀ ਪਹਿਲੀ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਅੱਜ ਗੁਰਦੁਆਰਾ ਗੁਰੁ ਕਾ ਬਾਗ ਵਿੱਚ ਅੰਤ੍ਰਿੰਗ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਮੈਂਬਰ ਸ਼੍ਰੋਮਣੀ ਕਮੇਟੀ ਸੁਰਜੀਤ ਸਿੰਘ ਭਿੱਟੇਵੱਡ ਅਤੇ ਬੀਬੀ ਸਵਰਨ ਕੌਰ ਤੇੜਾ ਦੀ ਸਾਂਝੀ ਅਗਵਾਈ ਹੇਠ ਇਲਾਕੇ ਦੇ ਮੋਹਤਬਰਾਂ ਦੀ ਇਕੱਤਰਤਾ ਕੀਤੀ ਗਈ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਅਤੇ ਮੈਨੇਜਰ ਜਗਜੀਤ ਸਿੰਘ ਵਰਨਾਲੀ ਨੇ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਦੌਰਾਨ 6 ਅਗਸਤ ਨੂੰ ਅਖੰਡ ਪਾਠ ਦੀ ਆਰੰਭਤਾ ਮਗਰੋਂ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦਰਮਿਆਨ ਧਾਰਮਿਕ ਮੁਕਾਬਲੇ ਕਰਵਾਏ ਜਾਣਗੇ ਤੇ 7 ਨੂੰ ਅੰਮ੍ਰਿਤ ਸੰਚਾਰ ਹੋਵੇਗਾ ਜਦਕਿ 8 ਅਗਸਤ ਨੂੰ ਮੁੱਖ ਸਮਾਗਮ ਹੋਵੇਗਾ।
ਸਮਾਗਮਾਂ ਦੀ ਸਮਾਪਤੀ ਉਪਰੰਤ ਗੁਰੂ ਕਾ ਬਾਗ਼ ਦੇ ਮੋਰਚੇ ਦੌਰਾਨ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਿੰਘ ਸਿੰਘਣੀਆਂ ਦੇ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ।