Taliban Journalists Lost Job: ਅਗਸਤ 2021 ‘ਚ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ 50 ਪ੍ਰਤੀਸ਼ਤ ਤੋਂ ਵੱਧ ਅਫਗਾਨ ਪੱਤਰਕਾਰ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। ਟੋਲੋ ਨਿਊਜ਼ ਨੇ ਅਫਗਾਨਿਸਤਾਨ ਨੈਸ਼ਨਲ ਜਰਨਲਿਸਟ ਯੂਨੀਅਨ (ANJU) ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ।
TOLO News ਨੇ ਰਿਪੋਰਟ ਦਿੱਤੀ ਕਿ ਤਾਲਿਬਾਨ ਦੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਦੇ 18 ਮਹੀਨਿਆਂ ਵਿੱਚ 50 ਪ੍ਰਤੀਸ਼ਤ ਤੋਂ ਵੱਧ ਪੱਤਰਕਾਰਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਤੇ ਅੱਧੇ ਮੀਡੀਆ ਆਉਟਲੇਟ ਵਿੱਤੀ ਮੁੱਦਿਆਂ ਸਮੇਤ ਕਈ ਕਾਰਨਾਂ ਕਰਕੇ ਬੰਦ ਹੋ ਗਏ। ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਅਫਗਾਨਿਸਤਾਨ ਵਿਚ ਜ਼ਿਆਦਾਤਰ ਮੀਡੀਆ ਕਰਮਚਾਰੀ ਅਫਗਾਨਿਸਤਾਨ ਛੱਡ ਚੁੱਕੇ ਹਨ। ਮੀਡੀਆ ਭਾਈਚਾਰੇ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੱਤਰਕਾਰਾਂ ਨੇ ਆਰਥਿਕ ਤੰਗੀ ‘ਤੇ ਚਿੰਤਾ ਪ੍ਰਗਟਾਈ
ਰਿਪੋਰਟ ‘ਚ ਅਫਗਾਨਿਸਤਾਨ ਨੈਸ਼ਨਲ ਜਰਨਲਿਸਟਸ ਯੂਨੀਅਨ ਦੇ ਮੈਂਬਰ ਮਸਰੂਰ ਲੁਤਫੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਫਗਾਨਿਸਤਾਨ ‘ਚ ਮੀਡੀਆ ਦੀਆਂ ਗਤੀਵਿਧੀਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਮੀਡੀਆ ਭਾਈਚਾਰੇ ਦੀ ਸੁਰੱਖਿਆ ਕਰਨ ਵਾਲੇ ਕਾਨੂੰਨਾਂ ਨੂੰ ਮੁਅੱਤਲ ਜਾਂ ਬੰਦ ਕਰਨਾ ਇੱਕ ਵੱਡੀ ਚੁਣੌਤੀ ਹੈ। ਇਸ ਦੌਰਾਨ, ਟੋਲੋ ਨਿਊਜ਼ ਮੁਤਾਬਕ ਰਾਸ਼ਟਰੀ ਪੱਤਰਕਾਰ ਦਿਵਸ ‘ਤੇ ਕਈ ਪੱਤਰਕਾਰਾਂ ਨੇ ਜਾਣਕਾਰੀ ਦੀ ਘਾਟ ਤੇ ਆਰਥਿਕ ਮੁਸ਼ਕਲਾਂ ਬਾਰੇ ਚਿੰਤਾ ਜ਼ਾਹਰ ਕੀਤੀ।
ਪੱਤਰਕਾਰ ਰਕੀਬ ਫਯਾਜ਼ ਨੇ ਕਿਹਾ ਕਿ ਪੱਤਰਕਾਰ ਦਿਵਸ ਉਦੋਂ ਮਨਾਇਆ ਜਾਂਦਾ ਹੈ ਜਦੋਂ ਜਾਣਕਾਰੀ ਤੱਕ ਪਹੁੰਚ ਦੀ ਘਾਟ ਨੂੰ ਇੱਕ ਮੁਸ਼ਕਲ ਮੰਨਿਆ ਜਾਂਦਾ ਹੈ ਅਤੇ ਭਾਈਚਾਰਾ ਅਜੇ ਵੀ ਵੱਡੇ ਆਰਥਿਕ ਮੁੱਦਿਆਂ ਨਾਲ ਨਜਿੱਠ ਰਿਹਾ ਹੈ। ਪੱਤਰਕਾਰ ਮੁਸਤਫਾ ਸ਼ਹਿਰਯਾਰ ਨੇ ਕਿਹਾ ਕਿ ਅਸੀਂ ਸਰਕਾਰੀ ਅਧਿਕਾਰੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਪੱਤਰਕਾਰਾਂ ਦੀਆਂ ਸਮੱਸਿਆਵਾਂ ਵੱਲ ਗੰਭੀਰਤਾ ਨਾਲ ਧਿਆਨ ਦੇਣ ਅਤੇ ਉਨ੍ਹਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਮੰਗ ਕਰਦੇ ਹਾਂ।
ਤਾਲਿਬਾਨ ਮੰਤਰਾਲੇ ਨੇ ਕਿਹਾ- ਅਸੀਂ ਪੱਤਰਕਾਰਾਂ ਦੇ ਅਧਿਕਾਰਾਂ ਲਈ ਵਚਨਬੱਧ
ਟੋਲੋ ਨਿਊਜ਼ ਨੇ ਦੱਸਿਆ ਕਿ ਤਾਲਿਬਾਨ ਦੇ ਸੂਚਨਾ ਅਤੇ ਸੱਭਿਆਚਾਰ ਮੰਤਰਾਲੇ ਨੇ ਕਿਹਾ ਕਿ ਉਹ ਪੱਤਰਕਾਰਾਂ ਦੇ ਅਧਿਕਾਰਾਂ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹਨ ਤੇ ਉਨ੍ਹਾਂ ਲਈ ਉਪਲਬਧ ਸਹੂਲਤਾਂ ਨੂੰ ਵਧਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਸੰਯੁਕਤ ਰਾਸ਼ਟਰ ਦੇ ਅਨੁਸਾਰ, 2022 ਵਿੱਚ, ਅਫਗਾਨਿਸਤਾਨ ਵਿੱਚ ਪੱਤਰਕਾਰਾਂ ਵਿਰੁੱਧ ਉਲੰਘਣਾ ਦੇ 200 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮਨਮਾਨੇ ਗ੍ਰਿਫਤਾਰੀਆਂ, ਬਦਸਲੂਕੀ, ਪਰੇਸ਼ਾਨੀ, ਧਮਕੀਆਂ ਅਤੇ ਡਰਾਉਣਾ ਸ਼ਾਮਲ ਹੈ। ਅਫਗਾਨਿਸਤਾਨ ਵਿੱਚ ਮੀਡੀਆ ਦੀ ਆਜ਼ਾਦੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਸੱਤਾਧਾਰੀ ਸ਼ਾਸਨ ਵਿੱਚ ਪੱਤਰਕਾਰਾਂ ਦਾ ਮਨੋਬਲ ਟੁੱਟ ਗਿਆ ਹੈ।
ਖਾਮਾ ਪ੍ਰੈਸ ਰਿਪੋਰਟ ਕਰਦੀ ਹੈ ਕਿ ਸੰਵੇਦਨਸ਼ੀਲ ਮੁੱਦਿਆਂ ‘ਤੇ ਰਿਪੋਰਟ ਕਰਨ ਲਈ ਬਹੁਤ ਸਾਰੇ ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਪਰੇਸ਼ਾਨ ਕੀਤਾ ਗਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਬਹੁਤ ਸਾਰੇ ਰੇਡੀਓ, ਟੀਵੀ ਸਟੇਸ਼ਨਾਂ ਅਤੇ ਨਿਊਜ਼ ਏਜੰਸੀਆਂ ਨੇ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ। ਕੁਝ ਅੰਦਾਜ਼ਿਆਂ ਮੁਤਾਬਕ 6,000 ਤੋਂ ਵੱਧ ਪੱਤਰਕਾਰ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ।
ਅਫਗਾਨ ਮਹਿਲਾ ਪੱਤਰਕਾਰ ਦੋਹਰੇ ਦਬਾਅ ਦਾ ਕਰ ਰਹੀਆਂ ਸਾਹਮਣਾ
ਮਹਿਲਾ ਅਫਗਾਨ ਪੱਤਰਕਾਰ ਦੋਹਰੇ ਦਬਾਅ ਦਾ ਸ਼ਿਕਾਰ ਹਨ। ਖਾਮਾ ਪ੍ਰੈਸ ਦੇ ਅਨੁਸਾਰ, ਤਾਲਿਬਾਨ ਦੁਆਰਾ ਔਰਤਾਂ ਨੂੰ ਯੂਨੀਵਰਸਿਟੀ ਵਿੱਚ ਜਾਣ, ਸਰਕਾਰੀ ਜਾਂ ਗੈਰ-ਸਰਕਾਰੀ ਸਹਾਇਤਾ ਸੰਸਥਾਵਾਂ ਨਾਲ ਕੰਮ ਕਰਨ ਅਤੇ ਜਨਤਕ ਥਾਵਾਂ ‘ਤੇ ਦਿਖਾਈ ਦੇਣ ‘ਤੇ ਪਾਬੰਦੀ ਲਗਾਉਣ ਵਾਲੀਆਂ ਤਾਜ਼ਾ ਪਾਬੰਦੀਆਂ ਨੇ ਵੀ ਮਹਿਲਾ ਪੱਤਰਕਾਰਾਂ ਨੂੰ ਪ੍ਰਭਾਵਿਤ ਕੀਤਾ ਹੈ।
ਟੋਲੋ ਨਿਊਜ਼ ਨੇ ਹਾਲ ਹੀ ਵਿੱਚ ਰਿਪੋਰਟ ਦਿੱਤੀ ਹੈ ਕਿ ਅਫਗਾਨਿਸਤਾਨ ਵਿੱਚ ਪੱਤਰਕਾਰਾਂ ਅਤੇ ਮੀਡੀਆ ਕਰਮਚਾਰੀਆਂ ‘ਤੇ ਤਾਲਿਬਾਨ ਦੀ ਕਾਰਵਾਈ ਜਾਰੀ ਹੈ। ਪਕਤੀਆ ਸੂਬੇ ਦੇ ਕਈ ਪੱਤਰਕਾਰਾਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਤੱਕ ਸੀਮਤ ਪਹੁੰਚ ਦੀ ਆਲੋਚਨਾ ਕਰਦੇ ਹੋਏ ਦਾਅਵਾ ਕੀਤਾ ਕਿ ਇਸ ਨੇ ਉਨ੍ਹਾਂ ਦੇ ਕੰਮਕਾਜ ਨੂੰ ਨਕਾਰਾਤਮਕ ਤੌਰ ‘ਤੇ ਪ੍ਰਭਾਵਿਤ ਕੀਤਾ ਹੈ। ਸੰਸਥਾ ਦੇ ਸ਼ਾਸਨ ਅਧੀਨ ਕੰਮ ਕਰਨ ਦੇ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।
ਦੋਸ਼ ਹੈ ਕਿ ਉਨ੍ਹਾਂ ਨੂੰ ਅਧਿਕਾਰੀਆਂ ਤੋਂ ਸਮੇਂ ਸਿਰ ਸੂਚਨਾ ਨਹੀਂ ਮਿਲ ਰਹੀ। ਪੱਤਰਕਾਰ ਅਬਦੁਲ ਰਹਿਮਾਨ ਵਾਇੰਡ ਨੇ ਕਿਹਾ ਕਿ ਮੀਡੀਆ ਨੂੰ ਸਹੀ ਅਤੇ ਸਮੇਂ ਸਿਰ ਸੂਚਨਾ ਮੁਹੱਈਆ ਕਰਵਾਉਣਾ ਅਧਿਕਾਰੀਆਂ ਅਤੇ ਸਬੰਧਤ ਸੰਸਥਾਵਾਂ ਦੀ ਜ਼ਿੰਮੇਵਾਰੀ ਹੈ। ਪੱਤਰਕਾਰਾਂ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੂਚਨਾ ਤੱਕ ਪਹੁੰਚ ਪ੍ਰਦਾਨ ਕਰਨ ਦਾ ਆਪਣਾ ਫਰਜ਼ ਨਿਭਾਉਣ। ਟੋਲੋ ਨਿਊਜ਼ ਮੁਤਾਬਕ ਕੁਝ ਵਿਭਾਗਾਂ ਨੇ ਕੁਝ ਮਾਮਲਿਆਂ ‘ਤੇ ਮੀਡੀਆ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h