Shri Guru Hargobind Singh: ਸ੍ਰੀ ਗੁਰੂ ਹਰਗੋਬਿੰਦ ਜੀ ਸਿੱਖਾਂ ਦੇ ਛੇਵੇਂ ਗੁਰੂ ਸਨ ਆਪ ਦਾ ਸਿੱਖ ਧਰਮ ਦੀ ਪ੍ਰਫੁਲਤਾ ਲਈ ਬੜਾ ਵੱਡਾ ਯੋਗਦਾਨ ਹੈ। ਆਪ ਦਾ ਜਨਮ ਜੁਲਾਈ 1595 ਗੁਰੂ ਕੀ ਵਡਾਲੀ, ਅੰਮ੍ਰਿਤਸਰ, ਪੰਜਾਬ ਵਿਖੇ ਹੋਇਆ। ਆਪ ਜੀ ਦੇ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਸਨ।
ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ।।
ਅਰਜਨ ਕਾਇਆ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ।।
ਚਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ।।
ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ।।
ਗੁਰੂ ਹਰਗੋਬਿੰਦ ਸਾਹਿਬ ਦਾ ਜਨਮ 21 ਹਾੜ ਸੰਮਤ 1652 ਮੁਤਾਬਕ 19 ਜੂਨ 1595 (ਕੁੱਝ ਇਤਿਹਾਸਕਾਰਾਂ ਦੀ ਰਾਇ 9 ਤੇ 14 ਜੂਨ ਹੈ) ਨੂੰ ਅੰਮ੍ਰਿਤਸਰ ਨੇੜਲੇ ਨਗਰ ਗੁਰੂ ਕੀ ਵਡਾਲੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ। 1603 ਵਿੱਚ (ਗੁਰੂ) ਹਰਗੋਬਿੰਦ ਜੀ ਦੀ ਵਿਦਿਆ ਅਤੇ ਸ਼ਸਤਰਾਂ ਦੀ ਸਿਖਲਾਈ ਲਈ ਬਾਬਾ ਬੁਢਾ ਜੀ ਨੂੰ ਜ਼ਿੰਮੇਵਰੀ ਸੌਪੀ ਗਈ। ਸ਼ਸਤਰ ਵਿਦਿਆ ਵਿੱਚ ਆਪ ਨੂੰ ਬਹੁਤ ਸ਼ੋਕ ਸੀ ਅਤੇ ਜਲਦੀ ਹੀ ਨਿਪੁੰਨ ਹੁੰਦੇ ਗਏ।
ਗੁਰੂ ਹਰਗੋਬਿੰਦ ਸਾਹਿਬ ਜੀ ਅਜਿਹੀ ਸ਼ਖਸੀਅਤ ਹਨ ਜਿਨ੍ਹਾਂ ਨੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ‘ਚ ਨਵੀਂ ਰੂਹ ਫੂਕੀ। ਉਨ੍ਹਾਂ ਨੇ ਛੇਵੇਂ ਗੁਰੂ ਦੇ ਰੂਪ ‘ਚ ਗੁਰਗੱਦੀ ਸੰਭਾਲੀ। ਮੀਰੀ-ਪੀਰੀ ਦੀਆਂ ਕ੍ਰਿਪਾਨਾਂ ਧਾਰਨ ਕਰਨੀਆਂ, ਫੌਜਾਂ ਦੀ ਤਿਆਰੀ ਤੇ ਸ੍ਰੀ ਅਕਾਲ ਤਖ਼ਤ ਦੀ ਸਿਰਜਣਾ ਕਰਕੇ ਲੋਕ ਹਿਤ ‘ਚ ਫੈਸਲੇ ਕਰਨੇ ਕ੍ਰਾਂਤੀਕਾਰੀ ਬਦਲਾਅ ਸੀ।
ਮਈ 1606 ਦੇ ਆਖ਼ਰੀ ਹਫ਼ਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਤੇ ਹੋਰ ਸਿੱਖਾਂ ਨਾਲ ਚਰਚਾ ਕੀਤੀ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਿਆਈ ਦੀ ਜ਼ਿੰਮੇਵਾਰੀ ਗਰੂ ਹਰਗੋਬਿੰਦ ਜੀ ਨੂੰ ਸੌਂਪ ਦਿੱਤੀ। ਉਸ ਸਮੇਂ ਗੁਰੂ ਸਾਹਿਬ ਦੀ ਉਮਰ 11 ਕੁ ਸਾਲ ਦੀ ਸੀ।
ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ।
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ।
ਮੀਰੀ ਪੀਰੀ ਦਾ ਸਿਧਾਂਤ ਧਰਮ ਦੀ ਸ਼ਕਤੀ ਨੂੰ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਰਾਹ ਤੇ ਤੋਰਨਾ ਸੀ। ਸਤਿਗੁਰੂ ਸਾਹਿਬ ਨੇ ਆਪ ਵੀ ਦੋ ਤਲਵਾਰਾਂ ‘ਮੀਰੀ ਅਤੇ ਪੀਰੀ’ ਦੀਆਂ ਧਾਰਨ ਕਰ ਲਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਸੰਗਤਾਂ ਵਿੱਚ ਨਗਦ ਭੇਟਾ ਦੇਣ ਦੀ ਥਾਂ ਆਪਣੀ ਜੁਆਨੀ ਅਰਪਨ ਅਤੇ ਸ਼ਸਤ੍ਰ ‘ਤੇ ਘੋੜੇ ਭੇਟਾ ਕਰਨ ਲਈ ਸੰਦੇਸ਼ ਭੇਜ ਦਿੱਤੇ। ਅੰਮ੍ਰਿਤਸਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਸੀ। ਗੁਰੂ ਹਰਗੋਬਿੰਦ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਾਮ੍ਹਣੇ 1609 ਵਿੱਚ ਸ੍ਰੀ ਅਕਾਲ ਤਖਤ ਦੀ ਉਸਾਰੀ ਕੀਤੀ ਅਤੇ ਸੂਰਮਿਆ ਵਿੱਚ ਬੀਰ-ਰਸ ਭਰਨ ਲਈ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਸ਼ੁਰੂ ਕੀਤਾ। ਵਾਰਾਂ ਗਾਉਣ ਵਾਲੇ ਪਹਿਲੇ ਪਹਿਲੇ ਢਾਡੀ ਦਾ ਨਾਮ ਅਬਦੁੱਲਾ ਸੀ।
ਗਵਾਲੀਅਰ ਦੇ ਕਿਲੇ ‘ਚੋਂ ਰਿਹਾਅ ਹੋਣ ਅਤੇ ਜਹਾਂਗੀਰ ਵੱਲੋਂ ਨਜ਼ਰਬੰਦ ਕੀਤੇ ਗਏ 52 ਪਹਾੜੀ ਰਾਜਿਆਂ ਦੀ ਰਿਹਾਈ ਕਰਵਾਉਣ ਉਪ੍ਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਵਾਲੇ ਦਿਨ ਨੂੰ ਅਸੀਂ ਬੰਦੀ ਛੋੜ ਦਿਵਸ ਦਾ ਨਾਮ ਦੇ ਕੇ ਹਰ ਸਾਲ ਬੰਦੀ ਛੋੜ ਦਿਵਸ ਮਨਾਉਂਦੇ ਹਾਂ। ਹਰ ਸਿੱਖ ਨੂੰ ਸ਼ਬਦ ਗੁਰੂ ਦਾ ਗਿਆਨ ਦੇ ਕੇ ਕਰਮਕਾਂਡਾਂ, ਵਹਿਮਾਂ, ਭਰਮਾਂ ਦੀ ਕੈਦ ਵਿੱਚੋਂ ਵੀ ਮੁਕਤ ਕਰਵਾਇਆ ਸੀ, ਤਾਂ ਕੀ ਤੁਸੀਂ ਨਹੀਂ ਚਾਹੁੰਦੇ ਕਿ ਗੁਰੂ ਦੇ ਗਿਆਨ ਦੀ ਵਰਤੋਂ ਕਰ ਕੇ ਕਰਮਕਾਂਡਾਂ, ਵਹਿਮਾਂ, ਭਰਮਾਂ ਦੀ ਇਸ ਕੈਦ ਵਿੱਚੋਂ ਵੀ ਮੁਕਤ ਹੋਣਾ ਹੈ।
ਗੁਰੂ ਸਾਹਿਬ ਜੀ ਨੇ ਹਰ ਪਾਸੇ ਸਿੱਖੀ ਦਾ ਪਰਚਾਰ ਕੀਤਾ ਅਤੇ ਆਮ ਜਨਤਾ ਨੂੰ ਕਰਮ ਕਾਂਡਾਂ ਅਤੇ ਵਹਿਮਾਂ ਭਰਮਾਂ ਤੋਂ ਕਢਿਆ। 1635 ਵਿੱਚ ਦਾਰਾ ਸ਼ਿਕੋਹ ਪੰਜਾਬ ਦਾ ਗਵਰਨਰ ਬਣਿਆ ਅਤੇ ਜੋ ਧਾਰਮਿਕ ਪੱਖ ਤੋਂ ਤੰਗ ਦਿਲ ਨਹੀਂ ਸੀ। ਸੋ 1644 ਤੱਕ ਅਮਨ ਸ਼ਾਂਤੀ ਦੇ ਸਮੇਂ ਸਿੱਖ ਧਰਮ ਦਾ ਪਰਚਾਰ ਜਾਰੀ ਰਿਹਾ। ਅੰਤ ਵੇਲਾ ਨੇੜੇ ਜਾਣਕੇ ਗੁਰੂ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੋਤਰੇ (ਪੁੱਤਰ ਬਾਬਾ ਗੁਰ ਦਿਤਾ ਜੀ) ਹਰਿ ਰਾਏ ਜੀ ਨੂੰ ਸੌਂਪੀ ਅਤੇ ਸੰਨ 1644 ਨੂੰ 49 ਸਾਲ ਦੀ ਉਮਰ ਵਿੱਚ ਆਪ ਜੋਤੀ-ਜੋਤ ਸਮਾ ਗਏ।