Imran Khan Disqualified: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖਿਲਾਫ ਚੋਣ ਕਮਿਸ਼ਨ ਨੇ ਵੱਡੀ ਕਾਰਵਾਈ ਕੀਤੀ ਹੈ। ਚੋਣ ਕਮਿਸ਼ਨ ਨੇ ਤੋਸ਼ਾਖਾਨਾ ਮਾਮਲੇ ‘ਚ ਇਮਰਾਨ ਨੂੰ ਅਯੋਗ ਕਰਾਰ ਦਿੱਤਾ ਹੈ ਅਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਸਿਫਾਰਿਸ਼ ਵੀ ਕੀਤੀ ਹੈ। ਕਮਿਸ਼ਨ ਵੱਲੋਂ ਇਹ ਕਾਰਵਾਈ ਅਜਿਹੇ ਸਮੇਂ ਵਿੱਚ ਕੀਤੀ ਗਈ ਹੈ ਜਦੋਂ ਸਾਬਕਾ ਪ੍ਰਧਾਨ ਮੰਤਰੀ ਨੇ ਪਾਕਿਸਤਾਨ ਵਿੱਚ ਆਜ਼ਾਦੀ ਮਾਰਚ ਕੱਢਣ ਦਾ ਐਲਾਨ ਕੀਤਾ ਹੈ।
ਚੋਣ ਕਮਿਸ਼ਨ ਦੀ ਕਾਰਵਾਈ ਤੋਂ ਬਾਅਦ ਇਮਰਾਨ ਖ਼ਾਨ ਚੋਣ ਨਹੀਂ ਲੜ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੇ ਦਫਤਰ ਦੇ ਬਾਹਰ ਵੀ ਗੋਲੀਬਾਰੀ ਹੋਈ ਹੈ। ਸਥਿਤੀ ਤਣਾਅਪੂਰਨ ਬਣੀ ਹੋਈ ਹੈ।
ਇਮਰਾਨ ਖ਼ਾਨ ‘ਤੇ ਕੀ ਹਨ ਦੋਸ਼?
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਮੁਖੀ ਇਮਰਾਨ ਖ਼ਾਨ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਸੱਤਾ ‘ਚ ਰਹਿੰਦੇ ਹੋਏ ਵਿਦੇਸ਼ੀ ਨੇਤਾਵਾਂ ਤੋਂ ਮਿਲੇ ਤੋਹਫ਼ਿਆਂ ਬਾਰੇ ਅਧਿਕਾਰੀਆਂ ਨੂੰ ਗੁੰਮਰਾਹ ਕੀਤਾ ਸੀ। ਦੋਸ਼ ਹੈ ਕਿ ਇਮਰਾਨ ਖ਼ਾਨ ਨੇ ਤੋਸ਼ਾਖਾਨਾ ਨੂੰ ਤੋਹਫੇ ਵਿਚ ਦਿੱਤੀਆਂ ਕਈ ਘੜੀਆਂ ਇੱਕ ਘੜੀ ਡੀਲਰ ਨੂੰ 15.4 ਕਰੋੜ ਰੁਪਏ ਤੋਂ ਵੱਧ ਵਿਚ ਵੇਚੀਆਂ ਹਨ।
ਅਗਸਤ ਵਿੱਚ, ਗੱਠਜੋੜ ਸਰਕਾਰ ਨੇ ਤੋਸ਼ਾਖਾਨਾ ਤੋਹਫ਼ਿਆਂ ਦੇ “ਵੇਰਵੇ ਸਾਂਝੇ ਨਾ ਕਰਨ” ਅਤੇ ਉਨ੍ਹਾਂ ਦੀ ਕਥਿਤ ਵਿਕਰੀ ਤੋਂ ਪ੍ਰਾਪਤ ਕਮਾਈ ਲਈ ਇਮਰਾਨ ਖਾਨ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਸੀ।
ਆਜ਼ਾਦੀ ਮਾਰਚ ਲਈ ਇਮਰਾਨ ਨੇ ਪਾਰਟੀ ਨੂੰ ਦਿੱਤੇ 72 ਘੰਟੇ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ‘ਆਜ਼ਾਦੀ ਮਾਰਚ’ ਲਈ ਆਪਣੀ ਪਾਰਟੀ ਨੂੰ 72 ਘੰਟਿਆਂ ਦਾ ਸਮਾਂ ਦਿੱਤਾ ਹੈ। ਇਮਰਾਨ ਖ਼ਾਨ ਨੇ 72 ਘੰਟਿਆਂ ਦੇ ਅੰਦਰ ਆਪਣਾ ਕੰਟੇਨਰ ਤਿਆਰ ਕਰਨ ਲਈ ਕਿਹਾ ਹੈ। ਪਾਰਟੀ ਨੇ ਇਸ ਕੰਟੇਨਰ ਵਿੱਚ ਏਅਰ ਕੰਡੀਸ਼ਨਰ, ਪੱਖੇ, ਏਅਰ ਕੂਲਰ, ਐਲਈਡੀ, ਟਾਇਲਟ ਅਤੇ ਹੀਟਰ ਲਗਾਉਣ ਦੀ ਵੀ ਮੰਗ ਕੀਤੀ ਹੈ। ਇਸ ਦੇ ਤਿਆਰ ਹੋਣ ਤੋਂ ਬਾਅਦ ਪਾਰਟੀ ਫੈਸਲਾ ਕਰੇਗੀ ਕਿ ਕੰਟੇਨਰ ਨੂੰ ਲਾਹੌਰ ਜਾਂ ਪੇਸ਼ਾਵਰ ਲਿਜਾਇਆ ਜਾਵੇਗਾ।
ਦੱਸ ਦਈਏ ਕਿ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਇਹ ਮਾਰਚ ਅਕਤੂਬਰ ‘ਚ ਹੀ ਸ਼ੁਰੂ ਕੀਤਾ ਜਾਵੇਗਾ, ਕਿਉਂਕਿ ਇਸ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਰਕਾਰ ਨੇ ਨਵੀਆਂ ਚੋਣਾਂ ਦਾ ਐਲਾਨ ਨਾ ਕੀਤਾ ਤਾਂ ਅਕਤੂਬਰ ਵਿੱਚ ਹੀ ਆਜ਼ਾਦੀ ਮਾਰਚ ਕੱਢਿਆ ਜਾਵੇਗਾ।