ਇਸਲਾਮਾਬਾਦ ਹਾਈ ਕੋਰਟ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਤਵਾਦ ਨਾਲ ਸਬੰਧਤ ਇਕ ਮਾਮਲੇ ਵਿਚ ਵੀਰਵਾਰ ਤੱਕ ਸੁਰੱਖਿਅਤ ਜ਼ਮਾਨਤ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸਲਾਮਾਬਾਦ ‘ਚ ਸ਼ਨੀਵਾਰ ਨੂੰ ਇਕ ਰੈਲੀ ‘ਚ ਪੁਲਸ, ਨਿਆਂਪਾਲਿਕਾ ਅਤੇ ਹੋਰ ਸਰਕਾਰੀ ਅਦਾਰਿਆਂ ਨੂੰ ਧਮਕਾਉਣ ਦੇ ਦੋਸ਼ ‘ਚ ਖਾਨ ਖਿਲਾਫ ਅੱਤਵਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ। ਖਾਨ ਖਿਲਾਫ ਐਤਵਾਰ ਨੂੰ ਅੱਤਵਾਦ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਖਾਨ ਨੇ ਅੱਜ ਅਦਾਲਤ ਨੂੰ ਅਗਾਊਂ ਜ਼ਮਾਨਤ ਦੀ ਬੇਨਤੀ ਕੀਤੀ ਸੀ।
ਇਹ ਵੀ ਪੜ੍ਹੋ : ਅਜ਼ਬ-ਗਜ਼ਬ: ਪਾਤਾਲ ਲੋਕ ’ਚ ਵਸਿਆ ਹੈ ਇਹ ਪਿੰਡ, ਜ਼ਮੀਨ ਤੋਂ 3000 ਫੁੱਟ ਹੇਠਾਂ ਰਹਿੰਦੇ ਹਨ ਲੋਕ!
ਡਾਨ ਅਖ਼ਬਾਰ ਦੀ ਖ਼ਬਰ ਅਨੁਸਾਰ, ਖਾਨ ਦੇ ਵਕੀਲਾਂ ਬਾਬਰ ਅਵਾਨ ਅਤੇ ਫੈਜ਼ਲ ਚੌਧਰੀ ਵੱਲੋਂ ਦਿੱਤੀ ਗਈ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ “ਸੱਤਾਧਾਰੀ ਪੀ.ਡੀ.ਐੱਮ. (ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ) ਨੂੰ ਖਾਨ ਨੂੰ ਭ੍ਰਿਸ਼ਟਾਚਾਰ ਅਤੇ ਭ੍ਰਿਸ਼ਟ ਨੇਤਾਵਾਂ ਦੀ ਨਿਡਰ ਆਲੋਚਨਾ ਅਤੇ ਬਹੁਤ ਸਪੱਸ਼ਟ ਅਤੇ ਬੇਬਾਕ ਰੁਖ਼ ਕਾਰਨ ਨਿਸ਼ਾਨਾ ਬਣ ਰਿਹਾ ਹੈ।” ਅਰਜ਼ੀ ਵਿੱਚ ਕਿਹਾ ਗਿਆ ਹੈ, “ਇਸ ਭੈੜੇ ਏਜੰਡੇ ਦੇ ਤਹਿਤ, ਮੌਜੂਦਾ ਸਰਕਾਰ ਦੇ ਇਸ਼ਾਰੇ ‘ਤੇ ਇਸਲਾਮਾਬਾਦ ਕੈਪੀਟਲ ਰੀਜਨ ਪੁਲਸ ਨੇ ਉਨ੍ਹਾਂ (ਖਾਨ) ਦੇ ਖਿਲਾਫ ਇੱਕ ਝੂਠਾ ਅਤੇ ਬੇਬੁਨਿਆਦ ਮਾਮਲਾ ਦਰਜ ਕੀਤਾ ਹੈ।” ਅਰਜ਼ੀ ਵਿਚ ਕਿਹਾ ਗਿਆ ਹੈ ਕਿ ਸਰਕਾਰ ਨੇ ਝੂਠੇ ਦੋਸ਼ਾਂ ਤਹਿਤ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨ ਲਈ “ਸਾਰੀਆਂ ਹੱਦਾਂ ਪਾਰ ਕਰਨ” ਦਾ ਫੈਸਲਾ ਕੀਤਾ ਹੈ ਅਤੇ “ਕਿਸੇ ਵੀ ਕੀਮਤ ‘ਤੇ ਪਟੀਸ਼ਨਕਰਤਾ (ਖਾਨ) ਅਤੇ ਉਨ੍ਹਾਂ ਦੀ ਪਾਰਟੀ ਨੂੰ ਫਸਾਉਣਾ ਚਾਹੁੰਦੀ ਹੈ।”