ਬੇਅਦਬੀ ਤੇ ਗੋਲੀ ਕਾਂਡ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਉੱਪਰ ਹਮਲਾ ਬੋਲਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਬੀਤੇ ਦਿਨ ਬਰਗਾੜੀ ਬੇਅਦਬੀ ਕਾਂਡ ਮਾਮਲੇ ‘ਚ SIT ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਮਨ ਜਾਰੀ ਕੀਤਾ ਹੈ। ਇਸ ਮਾਮਲੇ ‘ਤੇ ਲੋਕਾਂ ਵੱਲੋਂ ਪੰਜਾਬ ਸਰਕਾਰ ਨੂੰ ਸਵਾਲ ਕੀਤੇ ਜਾ ਰਹੇ ਸਨ ਕਿ ਉਹ ਚੁੱਪ ਕਿਉਂ ਹਨ? ਇਸ ਦਾ ਜਵਾਬ ਦਿੰਦਿਆਂ ਮੰਤਰੀ ਧਾਲੀਵਾਲ ਨੇ ਕਿਹਾ ਕਿ ਅਸੀਂ ਚੁੱਪ ਨਹੀਂ ਸੀ ਬਲਕਿ ਪੂਰੀ ਕਾਨੂੰਨੀ ਕਾਰਵਾਈ ਕਰ ਰਹੇ ਸੀ। ਪਿਛਲੀਆਂ ਸਰਕਾਰਾਂ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਇਸ ਨੂੰ ਗੰਭੀਰਤਾ ਨਾਲ ਲੈਂਦੇ ਤਾਂ ਹੁਣ ਤੱਕ ਇਨਸਾਫ਼ ਮਿਲ ਜਾਣਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਦੱਸਦਾ ਹੈ ਕਿ ਇਹ ਪਾਰਟੀ ਧਰਮ ਦੇ ਨਾਂ ‘ਤੇ ਵੋਟਾਂ ਲੈਂਦੀ ਆਈ ਹੈ ਅਤੇ ਜਦੋਂ ਇਹ ਘਟਨਾ ਵਾਪਰੀ ਸੀ ਉਸ ਵੇਲੇ ਅਕਾਲੀ ਦਲ ਦੀ ਸਰਕਾਰ ਸੀ। ਉਸ ਵੇਲੇ ਉਨ੍ਹਾਂ ਦਾ ਢਾਈ ਸਾਲਾਂ ਦਾ ਕਾਰਜਕਾਲ ਪਿਆ ਸੀ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ 5 ਸਾਲਾਂ ‘ਚ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਕਾਂਗਰਸ ਦੇ ਕਾਰਜਕਾਲ ਦੌਰਾਨ ਕੋਟਕਪੂਰਾ ਗੋਲ਼ੀਕਾਂਡ ਦੇ ਦੋਸ਼ੀ, ਜਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਜੇਲ੍ਹ ‘ਚ ਮੌਤ ਹੋ ਗਈ ਸੀ ਪਰ ਉਸ ਸੰਬੰਧੀ ਵੀ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ ਸੀ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ। ਮੰਤਰੀ ਨੇ ਕਿਹਾ ਕਿ ਇਹ ਸਭ ਰਲੇ-ਮਿਲੇ ਸਨ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਕਤਲ ਦਾ ਧੁਆਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੱਕ ਪੁੱਜਾ…
ਉਨ੍ਹਾਂ ਕਿਹਾ ਕਿ ਬੇਅਦਬੀ ਹੋਣ ਸਮੇਂ ਸੁਖਬੀਰ ਬਾਦਲ ਗ੍ਰਹਿ ਮੰਤਰੀ ਸਨ , ਉਹ ਸਾਰੇ ਪੰਜਾਬੀਆਂ ਅਤੇ ਸਿੱਖਾਂ ਨੂੰ ਜਵਾਬ ਦੇਣ ਕਿ ਕੋਟਕਪੂਰਾ ਅਤੇ ਬਹਿਬਲ ਕਲਾਂ ‘ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸਿੱਖਾਂ ‘ਤੇ ਗੋਲ਼ੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ?, ਕਿਸ ਅਫ਼ਸਰ ਨੂੰ ਇਹ ਹੁਕਮ ਦਿੱਤੇ ਗਏ ਸਨ ਅਤੇ ਇਹ ਗੋਲ਼ੀ ਕਿਸ ਤਰ੍ਹਾਂ ਚਲ ਗਈ? ਉਨ੍ਹਾਂ ਸਵਾਲ ਕਰਦਿਆਂ ਪੁੱਛਿਆ ਕਿ ਜਿਸ ਥਾਂ ਗੋਲ਼ੀ ਚੱਲੀ ਸੀ ਉਸ ਥਾਂ ਅਕਾਲੀ ਦਲ ਦੇ ਆਗੂ ਕਿਉਂ ਨਹੀਂ ਪਹੁੰਚੇ ਸਨ? ਉਨ੍ਹਾਂ ਕਿਹਾ ਕਿ ਇਹ ਸਾਰੇ ਸਵਾਲਾਂ ਦਾ ਜਵਾਬ ਦੇਣਾ ਲਾਜ਼ਮੀ ਹੈ। ਮੰਤਰੀ ਨੇ ਸਖ਼ਤ ਸ਼ਬਦਾਂ ‘ਚ ਕਿਹਾ ਕਿ ਗੋਲ਼ੀ ਚਲਾਉਣ ਦਾ ਹੁਕਮ ਦੇਣ ਵਾਲਾ ਅਤੇ ਗੋਲ਼ੀ ਚਲਾਉਣ ਵਾਲਾ ਇਸ ਘਟਨਾ ਦਾ ਮੁੱਖ ਦੋਸ਼ੀ ਹੈ।
ਇਹ ਵੀ ਪੜ੍ਹੋ : ਸਰਹੱਦੀ ਇਲਾਕਿਆਂ ‘ਚ 24 ਘੰਟੇ ਲੱਗਣਗੇ ਹਥਿਆਰਬੰਦ ਨਾਕੇ..
ਮੰਤਰੀ ਧਾਲੀਵਾਲ ਨੇ ਕਿਹਾ ਕਿ ਜਿਸ ਉਮੀਦ ਨਾਲ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਮਤ ਨਾਲ ਜਿਤਾਇਆ ਹੈ, ਉਸ ਲਈ ਸਰਕਾਰ ਹਰ ਵਾਅਦਾ ਪੂਰਾ ਕਰੇਗੀ ਅਤੇ ਇਨਸਾਫ਼ ਦਵਾਏਗੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਤਾਂ ਸਾਢੇ 7 ਸਾਲ ਸਮਾਂ ਕੱਢ ਕੇ ਚੱਲ ਗਈ ਪਰ ਇਨਸਾਫ਼ ਨਹੀਂ ਮਿਲਿਆ। ਮਾਨ ਸਰਕਾਰ ਆਪਣੇ ਪਹਿਲੇ 5 ਸਾਲਾਂ ‘ਚ ਉਹ ਸਭ ਕਰੇਗੀ ਜੋ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ। ਸਾਡੇ ਗੁਰੂ ਦੀ ਬੇਅਦਬੀ ਕਰਨ ਵਾਲਿਆਂ ਨੂੰ ਬਖ਼ਸ਼ਿਆਂ ਨਹੀਂ ਜਾਵੇਗਾ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ ਦੇ ਦੋਸ਼ੀਆਂ ਨੂੰ ਵੀ ਜੇਲ੍ਹਾਂ ‘ਚ ਬੰਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੰਤਰੀ ਧਾਲੀਵਾਲ ਨੇ ਕਿਹਾ ਇਸ ਵਿੱਚ ਥੋੜ੍ਹਾ ਸਮਾਂ ਲੱਗ ਸਕਦਾ ਹੈ ਪਰ ਪੰਜਾਬ ਸਰਕਾਰ ਦੀ ਨੀਤੀ ਅਤੇ ਨੀਅਤ ਸਾਫ਼ ਹੈ। ਉਨ੍ਹਾਂ ਵੱਲੋਂ ਵੋਟਾਂ ਤੋਂ ਪਹਿਲਾਂ ਕੀਤੇ ਹਰ ਵਾਅਦੇ ‘ਤੇ ਪਹਿਰਾ ਦਿੱਤਾ ਜਾਵੇਗਾ। ਇਹ ਹਿਸਾਬ ਪੰਜਾਬੀਆਂ ਨੂੰ ਹੀ ਨਹੀਂ ਸਗੋਂ ਅਸੀਂ ਗੁਰੂ ਸਾਹਿਬ ਨੂੰ ਦੇਣ ਜਾ ਰਹੇ ਹਾਂ। ਮਾਨ ਸਰਕਾਰ ਦੋਸ਼ੀਆਂ ਨੂੰ ਬਰਦਾਸ਼ਤ ਅਤੇ ਮੁਆਫ਼ ਨਹੀਂ ਕਰੇਗੀ ।