ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਮਿਤੀ 8 ਸਤੰਬਰ ਨੂੰ ਮੈਟਰੋ ਸਟੇਸ਼ਨ ਸੈਕਟਰ 21 ਦੁਆਰਕਾ ਦਿੱਲੀ ਪੁੱਜੇ ਤਾਂ ਉਹਨਾਂ ਨੂੰ ਸਫ਼ਰ ਕਰਨ ਤੋਂ ਇਸ ਕਰਕੇ ਮਨਾਂ ਕਰ ਦਿੱਤਾ ਗਿਆ ਕਿ ਉਨਾਂ ਕਿਰਪਾਨ ਪਹਿਨੀ ਹੋਈ ਹੈ। ਜਾਣਕਾਰੀ ਮੁਤਾਬਾਕ ਉਨਾਂ ਇਕ ਫੁਟ ਦੀ ਗਾਤਰਾ ਕਿਰਪਾਨ ਪਹਿਨੀ ਹੋਈ ਸੀ ਜਦ ਕਿ ਸੰਵਿਧਾਨ ਅਨੁਸਾਰ ਕਿਰਪਾਨ ਦੇ ਸਾਈਜ ‘ਤੇ ਕੋਈ ਪਾਬੰਦੀ ਨਹੀਂ ਹੈ।
ਇਸ ਮੌਕੇ ਕਨਵੀਨਰ ਜਸਵਿੰਦਰ ਸਿੰਘ ਐਡਵੋਕੇਟ ਨੇ ਘੱਟ ਗਿਣਤੀ ਕਮਿਸ਼ਨ ਨੂੰ ਇਸ ਬਾਬਤ ਪੱਤਰ ਲਿੱਖਦਿਆਂ ਕਿਹਾ ਕਿ ਭਾਰਤ ਦੀ ਧਾਰਾ 25 ਜ਼ਮੀਰ ਅਤੇ ਧਰਮ ਨੂੰ ਖੁੱਲੇਆਮ ਅਪਣਾਉਣ, ਮੰਨਣ ਅਤੇ ਪ੍ਰਚਾਰਨ ਦੀ ਆਜ਼ਾਦੀ ਦਿੰਦਿਆਂ ਕਹਿੰਦੀ ਹੈ ਕਿ ਜਨਤਕ ਵਿਵਸਥਾ, ਨੈਤਿਕਤਾ, ਅਤੇ ਸਿਹਤ ਅਤੇ ਇਸ ਦੀਆਂ ਹੋਰ ਧਾਰਾਵਾਂ ਦੇ ਅਧੀਨ ਰਹਿੰਦੇ ਹੋਏ, ਸਾਰੇ ਵਿਅਕਤੀਆਂ ਨੂੰ ਜ਼ਮੀਰ ਦੀ ਆਜ਼ਾਦੀ ਅਤੇ ਖੁੱਲੇਆਮ ਧਰਮ ਅਪਨਾਉਣ, ਮੰਨਣ ਅਤੇ ਪ੍ਰਚਾਰਨ ਦਾ ਬਰਾਬਰ ਹੱਕ ਹੋਏਗਾ। ਇਹ ਵੀ ਵਿਆਖਿਆ ਕੀਤੀ ਹੋਈ ਹੈ ਕਿ ਕਿ੍ਰਪਾਨਾਂ ਪਹਿਨਣੀਆਂ ਅਤੇ ਰੱਖਣੀਆਂ ਸਿੱਖ ਧਰਮ ਨੂੰ ਮੰਨਣ ਦਾ ਅੰਗ ਸਮਝੀਆਂ ਜਾਣਗੀਆਂ।
ਇਹ ਵੀ ਪੜ੍ਹੋ: ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਕਿਰਪਾਨ ਨਾਲ ਮੈਟਰੋ ‘ਚ ਸਫ਼ਰ ਕਰਨ ਤੋਂ ਰੋਕਿਆ
ਉਨਾ ਕਿਹਾ ਕਿ ਜਿਸ ਵਿਚ ਕਿ੍ਰਪਾਨ ਦਾ ਕੋਈ ਵੀ ਸਾਈਜ ਨਿਰਧਾਰਤ ਨਹੀਂ ਹੈ। ਸਿੱਖ ਗਾਤਰੇ ਵਿਚ ਕੋਈ ਵੀ ਕਿ੍ਰਪਾਨ ਪਾ ਸਕਦਾ ਹੈ ਅਤੇ ਹੱਥ ਵਿਚ ਤਿੰਨ ਫੁਟ ਦੀ ਕਿਰਪਾਨ ਰੱਖ ਸਕਦਾ ਹੈ। ਇਸ ਧਾਰਾ ਵਿਚ ਤਾਂ ਸਿੱਖਾਂ ਨੂੰ ਕਿ੍ਰਪਾਨ ਨਹੀਂ ਸਗੋਂ ਕਿ੍ਰਪਾਨਾਂ ਪਹਿਨਣ ਅਤੇ ਰੱਖਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ ਆਪਣੇ ਦੇਸ਼ ਅੰਦਰ ਜਦੋਂ 75 ਸਾਲਾ ਆਜ਼ਾਦੀ ਦਾ ਮਹਾਂਉਤਸਵ ਮਨਾਇਆ ਜਾ ਰਿਹਾ ਹੈ ਤਾਂ ਸੰਵਿਧਾਨ ਦੀ ਧਾਰਾ 25 ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ। ਸਿੱਖ ਅਤੇ ਘੱਟ-ਗਿਣਤੀਆਂ ਤੇ’ ਆਪਣੇ ਧਾਰਮਿਕ ਪਹਿਰਾਵੇ ਪਹਿਨਣ ‘ਤੇ ਅਣ-ਐਲਾਨੀ ਪਾਬੰਦੀ ਲੱਗੀ ਹੋਈ ਹੈ।
ਉਨਾ ਕਿਹਾ ਕਿ ਸਿੱਖ ਪੰਥ ਨੂੰ ਸੰਵਿਧਾਨ ਰਾਹੀਂ ਕਿਰਪਾਨ ਪਹਿਨਣ ਦੀ ਮਿਲੀ ਧਾਰਮਿਕ ਆਜ਼ਾਦੀ ਉੱਤੇ ਹਮਲਾ ਕਰਨ ਵਾਲੀਆਂ ਅਸਹਿ ਕਾਰਵਾਈਆਂ ਸਾਹਮਣੇ ਆ ਰਹੀਆਂ ਹਨ। ਅਜਿਹੀ ਅਣ-ਐਲਾਨੀ ਪਾਬੰਦੀ ਨੂੰ ਤੁਰੰਤ ਵਾਪਸ ਲਿਆ ਜਾਵੇ।ਅਪੀਲ ਹੈ ਕਿ ਇਸ ਮਾਮਲੇ ਦੀ ਪੂਰੀ ਗੰਭੀਰਤਾ ਨਾਲ ਜਾਂਚ ਕਰਵਾ ਕੇ ਸੰਵਿਧਾਨ ਦੀ ਉਲੰਘਣਾ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰਕੇ ਭਵਿੱਖ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ।