Patiala Heritage Festival-2023: ਪਟਿਆਲਾ ਪ੍ਰਸ਼ਾਸਨ ਵੱਲੋਂ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ ਅੱਜ ਪਟਿਆਲਾ ਸ਼ਹਿਰ ਦੇ 260ਵੇਂ ਸਥਾਪਨਾ ਦਿਵਸ ਮੌਕੇ ਪਟਿਆਲਾ ਦੀ ਨੌਜਵਾਨ ਪੀੜ੍ਹੀ ਅਤੇ ਆਮ ਲੋਕਾਂ ਨੂੰ ਸ਼ਹਿਰ ਦੇ ਵਿਰਾਸਤੀ ਤੇ ਪੁਰਾਣੇ ਸਥਾਨਾਂ ਦਾ ਦੌਰਾ ਕਰਵਾਉਣ ਲਈ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਿਰਾਸਤੀ ਸੈਰ (ਹੈਰੀਟੇਜ ਵਾਕ) ਕਰਵਾਈ ਗਈ।
ਇੱਥੇ ਸ਼ਾਹੀ ਸਮਾਧਾਂ ਵਿਖੇ ਇਸ ਵਿਰਾਸਤੀ ਸੈਰ ਨੂੰ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਪਿਛਲੀ ਸਰਕਾਰ ਸਮੇਂ ਪਟਿਆਲਾ ਦੀ ਵਿਰਾਸਤ ਨੂੰ ਵੀ ਸੰਭਾਲਿਆ ਨਹੀਂ ਜਾ ਸਕਿਆ, ਇਸ ਲਈ ਇਨ੍ਹਾਂ ਸਾਰੀਆਂ ਵਿਰਾਸਤੀ ਥਾਵਾਂ ਨੂੰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੰਭਾਲੇਗੀ।
ਹਰਮੀਤ ਸਿੰਘ ਪਠਾਣਮਾਜਰਾ ਨੇ ਪਟਿਆਲਾ ਪ੍ਰਸ਼ਾਸਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਰਾਸਤੀ ਉਤਸਵ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਿਰਾਸਤੀ ਸੈਰ ਦਾ ਇਹ ਉਪਰਾਲਾ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਤੇ ਨੌਜਵਾਨਾਂ ਸਮੇਤ ਆਮ ਲੋਕਾਂ ਨੂੰ ਆਪਣੇ ਸ਼ਹਿਰ ਦੀ 260 ਸਾਲਾਂ ਤੋਂ ਵੀ ਪੁਰਾਣੀ ਪੁਰਾਣੀ ਵਿਰਾਸਤੀ ਹੋਂਦ ਦਾ ਪਤਾ ਲੱਗਿਆ ਹੈ ਅਤੇ ਇਨ੍ਹਾਂ ਨੇ ਅੱਜ ਉਨ੍ਹਾਂ ਸਥਾਨਾਂ ਨੂੰ ਦੇਖਿਆ ਅਤੇ ਇਸ ਦਾ ਇਤਿਹਾਸ ਜਾਣਿਆ ਹੈ, ਜਿਸ ਤੋਂ ਸਾਰੇ ਲੋਕ ਜਾਣੂ ਨਹੀਂ ਹੁੰਦੇ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਵਿਰਾਸਤੀ ਸੈਰ ਦੇ ਸਥਾਨਾਂ ਉਪਰ ਨਗਰ ਨਿਗਮ ਨੇ ਪਟਿਆਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਕਿਊ ਆਰ ਕੋਡ ਵਾਲੇ ਬੋਰਡ ਲਗਾਏ ਹਨ, ਇਸ ਨਾਲ ਇਸ ਅਸਥਾਨ ਦੇ ਮਹੱਤਵ ਤੇ ਜਾਣਕਾਰੀ ਅੰਗਰੇਜ਼ੀ ਤੇ ਪੰਜਾਬੀ ਵਿੱਚ ਮਿਲ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੀ ਵਿਰਾਸਤੀ ਸੈਰ ਲਗਾਤਾਰ ਕਰਵਾਈ ਜਾਵੇਗੀ ਤਾਂ ਕਿ ਸਾਡੀ ਨਵੀਂ ਪੀੜ੍ਹੀ ਨੂੰ ਪਟਿਆਲਾ ਦੀ ਵਿਰਾਸਤ ਬਾਰੇ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਨਮਨ ਮੜਕਣ ਅਤੇ ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਰਵੀ ਆਹਲੂਵਾਲੀਆ ਸਮੇਤ ਹੋਰ ਪਤਵੰਤੇ ਮੌਜੂਦ ਸਨ।
ਇਸ ਵਿਰਾਸਤੀ ਸੈਰ ਨੇ ਪਟਿਆਲਾ ਦੀਆਂ ਸ਼ਾਹੀ ਸਮਾਧਾਂ ਤੋਂ ਕਿਲਾ ਮੁਬਾਰਕ ਤੱਕ ਸ਼ਹਿਰ ਦੇ ਅੰਦਰ-ਅੰਦਰ ਬਣੇ ਹੋਏ ਵਿਰਾਸਤੀ ਰਸਤੇ ਤੋਂ ਹੁੰਦੇ ਹੋਏ ਪੁਰਾਣੇ ਸ਼ਹਿਰ ਦੀ ਸੈਰ ਕੀਤੀ। ਇਸ ਵਿਰਾਸਤੀ ਸੈਰ ਦੇ ਕਾਫ਼ਲੇ ‘ਚ ਸਹਾਇਕ ਕਮਿਸ਼ਨਰ (ਯੂ.ਟੀ.) ਡਾ. ਅਕਸ਼ਿਤਾ ਗੁਪਤਾ, ਆਈ.ਏ.ਐਸ. ਅਧਿਕਾਰੀ ਮਾਨਸੀ, ਡੀ.ਐਸ.ਪੀ. ਸੰਜੀਵ ਸਿੰਗਲਾ, ਹੈਲਥ ਅਫ਼ਸਰ ਡਾ. ਜਸਬੀਰ ਕੌਰ, ਸਰਕਾਰੀ ਮਹਿੰਦਰਾ ਕਾਲਜ, ਡੀ.ਪੀ.ਐਸ. ਸਕੂਲ ਸਮੇਤ ਹੋਰ ਕਈ ਸਕੂਲਾਂ ਤੇ ਕਾਲਜਾਂ ਦੇ ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਸ਼ਹਿਰ ਵਾਸੀ ਪੁੱਜੇ।
ਵਿਰਾਸਤੀ ਸੈਰ ਸ਼ਾਹੀ ਸਮਾਧਾਂ ਤੋਂ ਸ਼ੁਰੂ ਹੋਕੇ ਹਵੇਲੀ ਮੁਹੱਲਾ, ਛੱਤਾ ਨਾਨੂੰਮਲ, ਬਰਤਨ ਬਾਜ਼ਾਰ, ਮਿਸ਼ਰੀ ਬਾਜ਼ਾਰ, ਰੂਪ ਚੰਦ ਮੁਹੱਲਾ, ਸੱਪਾਂ ਵਾਲੀ ਗਲੀ, ਰਾਜੇਸ਼ਵਰੀ ਸ਼ਿਵ ਮੰਦਰ, ਕੋਤਵਾਲੀ, ਦਰਸ਼ਨੀ ਡਿਊਡੀ ਤੋਂ ਹੁੰਦੀ ਹੋਈ ਕਿਲਾ ਮੁਬਾਰਕ ਵਿਖੇ ਜਾ ਕੇ ਸਮਾਪਤ ਹੋਈ। ਇਸ ਦੌਰਾਨ ਰਵੀ ਆਹਲੂਵਾਲੀਆ ਨੇ ਆਈਹੈਰੀਟੇਜ ਪ੍ਰਾਜੈਕਟ ਤਹਿਤ ਕਰਵਾਈ ਇਸ ਵਿਰਾਸਤੀ ਸੈਰ ਮੌਕੇ ਰਸਤੇ ‘ਚ ਆਏ ਹਰ ਸਥਾਨ ਦਾ ਮਹੱਤਵ ਦੱਸਿਆ। ਇਸ ਵਿਰਾਸਤੀ ਸੈਰ ਦਾ ਸਥਾਨਕ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਸ਼ਾਹੀ ਸਮਾਧਾਂ, ਜਿੱਥੇ ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਸਮੇਤ ਪਟਿਆਲਾ ਰਿਆਸਤ ਦੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਸਮਾਧੀਆਂ ਸਥਿਤ ਹਨ, ਦੀ ਵਿਰਾਸਤੀ ਇਮਾਰਤ ਨੂੰ ਸੈਰ ‘ਚ ਸ਼ਾਮਲ ਲੋਕਾਂ ਤੇ ਵਿਦਿਆਰਥੀਆਂ ਨੇ ਉਤਸੁਕਤਾ ਨਾਲ ਦੇਖਿਆ। ਇਸ ਉਪਰੰਤ ਦਾਲ ਦਲੀਆਂ ਚੌਕ, ਛੱਤਾ ਨਾਨੂੰਮਲ ਜੋ ਪਟਿਆਲਾ ਰਿਆਸਤ ਦੇ ਵਜ਼ੀਰ ਦਾ ਨਿਵਾਸ ਸਥਾਨ ਰਿਹਾ ਹੈ, ਬਰਤਨ ਬਾਜ਼ਾਰ ਜੋ ਸ਼ਹਿਰ ਦੀ ਸਥਾਪਨਾ ਸਮੇਂ ਹੀ ਹੋਂਦ ਵਿੱਚ ਆਇਆ ਤੇ ਕਰੀਬ 260 ਸਾਲ ਪੁਰਾਣਾ ਹੈ, ਇਥੇ ਪਿੱਤਲ ਦੇ ਭਾਂਡਿਆਂ ਨੂੰ ਕਲੀ ਕਰਨ ਬਾਰੇ ਦੱਸਿਆ ਗਿਆ।
ਇਸ ਤੋਂ ਬਿਨ੍ਹਾਂ ਰਾਜੇਸ਼ਵਰੀ ਸ਼ਿਵ ਮੰਦਰ ਜੋ ਕੇ ਇਤਿਹਾਸਕ ਮਹੱਤਤਾ ਰੱਖਦਾ ਹੈ, ਸੱਪਾਂ ਵਾਲੀ ਗਲੀ, ਦਰਸ਼ਨੀ ਗੇਟ ਜੋ ਪਟਿਆਲਾ ਸ਼ਹਿਰ ਵਿਚ ਦਾਖਲ ਹੋਣ ਲਈ ਰਸਤਾ ਸੀ, ਬਾਰੇ ਵੀ ਦੱਸਿਆ ਗਿਆ। ਅਖੀਰ ਵਿਚ ਜਿਥੋਂ ਪਟਿਆਲਾ ਰਿਆਸਤ ਦਾ ਮੁੱਢ ਬੰਨਿਆ ਗਿਆ ਅਤੇ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਦਾ ਨਿਵਾਸ ਸਥਾਨ ਰਿਹਾ ਹੈ, ਵਿਖੇ ਪਹੁੰਚ ਕੇ ਇਹ ਵਿਰਾਸਤੀ ਸੈਰ ਸਮਾਪਤ ਹੋਈ। ਇਸ ਮੌਕੇ ਐਸ.ਪੀ. ਚਾਂਦ, ਰਕੇਸ਼ ਬਧਵਾਰ, ਅਨਮੋਲਜੀਤ ਸਿੰਘ, ਹਰਪ੍ਰੀਤ ਸੰਧੂ, ਰਕੇਸ਼ ਗੋਇਲ, ਡਾ. ਨਿਧੀ ਸ਼ਰਮਾ, ਡਾ. ਅਭਿਨੰਦਨ ਬਸੀ, ਰਾਹੁਲ ਸ਼ਰਮਾ, ਵਿਕਰਮ ਮਲਹੋਤਰਾ, ਪਲਕ, ਹਰਦੀਪ ਕੌਰ, ਭਰਪੂਰ ਸਿੰਘ, ਨਿਤਿਕਾ ਜਿੰਦਲ, ਹਰਮਨਜੋਤ ਸਿੰਘ, ਸੰਯਮ ਮਿਤਲ, ਸਤਨਾਮ ਸਿੰਘ, ਹਰਪ੍ਰੀਤ ਸਿੰਘ, ਮੋਹਿਤ ਗੁਪਤਾ ਆਦਿ ਵਲੰਟੀਅਰ ਤੇ ਵੱਡੀ ਗਿਣਤੀ ਅਧਿਆਪਕ, ਵਿਦਿਆਰਥੀ ਅਤੇ ਸ਼ਹਿਰ ਵਾਸੀ ਮੌਜੂਦ ਰਹੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h