ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) 23 ਸਤੰਬਰ ਨੂੰ ਕਿਸਾਨ ਮੇਲੇ ਦੇ ਪਹਿਲੇ ਦਿਨ ਪੰਜ ਕਿਸਾਨਾਂ ਨੂੰ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਵਿੱਚ ਉੱਤਮਤਾ ਲਈ ਸਨਮਾਨਿਤ ਕਰੇਗੀ। ਡਾ: ਸਤਬੀਰ ਸਿੰਘ ਗੋਸਲ, ਵਾਈਸ-ਚਾਂਸਲਰ ਨੇ ਕਿਹਾ ਕਿ ਇਹ ਪ੍ਰੇਰਣਾਦਾਇਕ ਪੁਰਸਕਾਰ ਹਨ ਜੋ ਅਗਾਂਹਵਧੂ ਅਤੇ ਛੋਟੇ ਕਿਸਾਨਾਂ ਅਤੇ ਕਿਸਾਨ ਔਰਤਾਂ ਨੂੰ ਖੇਤੀਬਾੜੀ ਵਿੱਚ ਹੋਰ ਉਚਾਈਆਂ ਨੂੰ ਛੂਹਣ ਲਈ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਚਾਰ ਪੁਰਸ਼ ਅਤੇ ਇੱਕ ਔਰਤ ਅਗਾਂਹਵਧੂ ਕਿਸਾਨ ਨੂੰ ਸਨਮਾਨਿਤ ਕੀਤਾ ਜਾਵੇਗਾ।
ਡਾ: ਅਸ਼ੋਕ ਕੁਮਾਰ, ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਚੁਣੇ ਗਏ ਅਗਾਂਹਵਧੂ ਕਿਸਾਨਾਂ ਨੂੰ ਤਖ਼ਤੀਆਂ, ਪ੍ਰਸ਼ੰਸਾ ਪੱਤਰ ਅਤੇ ਨਕਦ ਇਨਾਮ ਦਿੱਤੇ ਜਾਣਗੇ।
ਲੁਧਿਆਣਾ ਦੇ ਪਿੰਡ ਸਵੱਦੀ ਕਲਾਂ ਦੇ ਵਸਨੀਕ ਸਤਪਾਲ ਸਿੰਘ ਤੂਰ ਨੂੰ ਫਸਲੀ ਵਿਭਿੰਨਤਾ ਵਿੱਚ ਅਹਿਮ ਯੋਗਦਾਨ ਪਾਉਣ ਲਈ “ਪਰਵਾਸੀ ਭਾਰਤੀ ਪੁਰਸਕਾਰ 2022” ਨਾਲ ਸਨਮਾਨਿਤ ਕੀਤਾ ਜਾਵੇਗਾ।
ਹੁਸ਼ਿਆਰਪੁਰ ਦੇ ਪਿੰਡ ਫੁਗਲਾਣਾ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਰੰਧਾਵਾ ਨੂੰ ਫਸਲੀ ਵਿਭਿੰਨਤਾ ਵਿੱਚ ਵੱਡੀਆਂ ਮੱਲਾਂ ਮਾਰਨ ਲਈ “ਪਰਵਾਸੀ ਭਾਰਤੀ ਪੁਰਸਕਾਰ 2022” ਨਾਲ ਸਨਮਾਨਿਤ ਕੀਤਾ ਜਾਵੇਗਾ।
ਬਠਿੰਡਾ ਦੇ ਪਿੰਡ ਬੁਰਜ ਥਰੋੜ ਦੇ ਵਸਨੀਕ ਸਤਨਾਮ ਸਿੰਘ ਨੂੰ ਇੱਕ ਛੋਟੇ ਕਿਸਾਨ ਵਜੋਂ ਖੇਤੀਬਾੜੀ ਵਿੱਚ ਉਚਾਈਆਂ ਹਾਸਲ ਕਰਨ ਲਈ “ਸੁਰਜੀਤ ਸਿੰਘ ਢਿੱਲੋਂ ਐਵਾਰਡ 2022” ਨਾਲ ਸਨਮਾਨਿਤ ਕੀਤਾ ਜਾਵੇਗਾ।ਮਾਨਸਾ ਦੇ ਪਿੰਡ ਕਰੰਘਣਾ ਦੇ ਵਸਨੀਕ ਮਨਜੀਤ ਸਿੰਘ ਨੂੰ ਸਬਜ਼ੀਆਂ ਦੀ ਕਾਸ਼ਤ ਵਿੱਚ ਉੱਤਮਤਾ ਲਈ “ਸਰਦਾਰ ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ 2022” ਨਾਲ ਸਨਮਾਨਿਤ ਕੀਤਾ ਜਾਵੇਗਾ।
ਫਰੀਦਕੋਟ ਦੇ ਪਿੰਡ ਰੋਮਾਣਾ ਅਲਬੇਲ ਸਿੰਘ ਦੀ ਵਸਨੀਕ ਵੀਰਪਾਲ ਕੌਰ ਨੂੰ ਖੇਤੀਬਾੜੀ ਨਾਲ ਸਬੰਧਤ ਕਿੱਤਿਆਂ ਵਿੱਚ ਨਾਮਣਾ ਖੱਟਣ ਲਈ “ਸਟੇਟ ਐਵਾਰਡੀ ਸਰਦਾਰਨੀ ਜਗਬੀਰ ਕੌਰ ਯਾਦਗਾਰੀ ਪੁਰਸਕਾਰ 2022” ਨਾਲ ਸਨਮਾਨਿਤ ਕੀਤਾ ਜਾਵੇਗਾ।