ਮੂਲ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਵਾਲੇ ਪਾਲ ਸਿੰਘ ਪੁਰੇਵਾਲ ਦਾ ਦਿਹਾਂਤ ਹੋ ਗਿਆ ਹੈ। ਮੂਲ ਨਾਨਕਸ਼ਾਹੀ ਕੈਲੰਡਰ (ਜਿਸ ਨੂੰ ਇਸ ਦੇ ਮੈਂਬਰਾਂ ਦੇ ਇਕ ਵੱਡੇ ਹਿੱਸੇ ਨੇ ਸਿੱਖ ਕੌਮ ਦੇ ਵੱਖਰੇ ਕੈਲੰਡਰ ਵਜੋਂ ਸਵੀਕਾਰ ਕੀਤਾ ਸੀ) ਤਿਆਰ ਕਰਨ ਵਾਲੇ 90 ਸਾਲਾ ਸਿੱਖ ਵਿਦਵਾਨ ਅਤੇ ਸਾਬਕਾ ਇੰਜੀਨੀਅਰ ਪਾਲ ਸਿੰਘ ਪੁਰੇਵਾਲ ਦਾ ਵੀਰਵਾਰ ਦੁਪਹਿਰ (ਭਾਰਤ ਸਮੇਂ) ਨੂੰ ਕੈਨੇਡਾ ਵਿਖੇ ਦਿਹਾਂਤ ਹੋ ਗਿਆ।
ਇਹ ਵੀ ਪੜ੍ਹੋ- ਮੈਕਸੀਕੋ ਦੇ ਬਾਰ ’ਚ ਹਮਲਾਵਰ ਵੱਲੋਂ ਅੰਨ੍ਹੇਵਾਹ ਗੋਲੀਬਾਰੀ, 10 ਲੋਕਾਂ ਦੀ ਮੌਤ, ਵੇਖੋ ਖੌਫ਼ਨਾਕ ਵੀਡੀਓ
ਦੱਸ ਦੇਈਏ ਕਿ ਉਨ੍ਹਾਂ ਦੀ ਮੌਤ ਦੀ ਅਫ਼ਵਾਹ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ’ਤੇ ਵੀ ਫੈਲੀ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਸਨ ਪਰ ਉਨ੍ਹਾਂ ਨੇ ਵੀਰਵਾਰ (ਕੈਨੇਡਾ ਸਮੇਂ) ਤੜਕੇ ਆਖਰੀ ਸਾਹ ਲਿਆ। ਉਨ੍ਹਾਂ ਦਾ ਦਿਹਾਂਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪਣਾਏ ਗਏ ਮੂਲ ਨਾਨਕਸ਼ਾਹੀ ਕੈਲੰਡਰ ਦੇ ਸਮਰਥਕਾਂ ਲਈ ਇਕ ਵੱਡਾ ਝਟਕਾ ਹੈ। ਉਹ ਇਕ ਸੇਵਾਮੁਕਤ ਇੰਜੀਨੀਅਰ, ਲੇਖਕ, ਵਿਦਵਾਨ ਅਤੇ ਇਕ ਅਧਿਆਪਕ ਸਨ।
ਉਹ 1965 ’ਚ ਯੂਨਾਈਟਿਡ ਕਿੰਗਡਮ ਚਲੇ ਗਏ ਸਨ ਅਤੇ ਉਨ੍ਹਾਂ ਟੈਕਸਾਸ ਇੰਸਟਰੂਮੈਂਟਸ ’ਚ ਇਕ ਸੀਨੀਅਰ ਇੰਜੀਨੀਅਰ ਵਜੋਂ ਕੰਮ ਕੀਤਾ। ਉਹ 1974 ’ਚ ਕੈਨੇਡਾ ਚਲੇ ਗਏ। ਉਨ੍ਹਾਂ 1960 ਦੇ ਦਹਾਕੇ ਤੋਂ ਸਿੱਖ ਕੈਲੰਡਰ ਦੀ ਪ੍ਰਮਾਣਿਕਤਾ ਨੂੰ ਸਥਾਪਿਤ ਕਰਨ ਵਾਲੇ ਵੱਖ-ਵੱਖ ਖੋਜ ਪੱਤਰ ਲਿਖੇ। ਉਨ੍ਹਾਂ ਦੀਆਂ ਪ੍ਰਕਾਸ਼ਿਤ ਲਿਖਤਾਂ ’ਚ ਜੰਤਰੀ 500 ਸਾਲ-ਇਕ ਅਲਮੈਨਕ (ਨਵੰਬਰ 1994 ’ਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰਕਾਸ਼ਿਤ) ਅਤੇ ਹਿਜਰੀ ਕੈਲੰਡਰ-ਇਕ ਕਿਤਾਬ ਲਈ ਉਨ੍ਹਾਂ ਨੂੰ ‘ਲਾਈਫਟਾਈਮ ਅਚੀਵਮੈਂਟ ਐਵਾਰਡ’ ਮਿਲਿਆ।