ਫ਼ਤਹਿਗੜ੍ਹ ਸਾਹਿਬ – ਬੀਤੇ ਸਮੇਂ ਜਿਨ੍ਹਾਂ ਨੇ ਨਿਰਦੋਸ਼ ਅੰਗਰੇਜ਼ ਪੁਲਿਸ ਅਫ਼ਸਰ ਅਤੇ ਇਕ ਅੰਮ੍ਰਿਤਧਾਰੀ ਗੁਰਸਿੱਖ ਹੌਲਦਾਰ ਨੂੰ ਗੋਲੀ ਦਾ ਨਿਸ਼ਾਨਾਂ ਬਣਾਇਆ, ਉਨ੍ਹਾਂ ਦੀਆਂ ਫੋਟੋਆਂ ਪੰਜਾਬ ਦੇ ਹਰ ਸਰਕਾਰੀ ਦਫ਼ਤਰ ‘ਚ ਲਗਾਉਣ ਦੇ ਬਦੌਲਤ ਹੀ ਅੱਜ ਪੰਜਾਬ ਦੇ ਹਰ ਪਿੰਡ, ਸ਼ਹਿਰ ਵਿਚ ਅਪਰਾਧਿਕ ਕਾਰਵਾਈਆਂ ਵਧੀਆਂ ਅਤੇ ਉਹ ਬਗੈਰ ਕਿਸੇ ਡਰ ਜਾਂ ਬਗੈਰ ਕਿਸੇ ਕਾਨੂੰਨੀ ਸਜ਼ਾ ਦੇ ਡਰ ਵੱਡੇ ਪੱਧਰ ‘ਤੇ ਦਿਨ ਦਿਹਾੜੇ ਕਤਲੋਗਾਰਤ, ਲੁੱਟਾਂ ਖੋਹਾ, ਫਿਰੋਤੀਆ ਲੈਣ, ਧਮਕੀਆ ਦੇਣ ਆਦਿ ਦੇ ਮਾਮਲੇ ਨਜ਼ਰ ਆਏ। ਜਿਸ ਵਿਚ ਅਜਿਹੀਆ ਫੋਟੋਆਂ ਲਗਾਉਣ ਵਾਲੀ ਸਰਕਾਰ ਅਤੇ ਸਿਆਸਤਦਾਨ ਸਿੱਧੇ ਤੌਰ ‘ਤੇ ਅਪਰਾਧਿਕ ਕਾਰਵਾਈਆਂ ਵਧਾ ਰਹੇ ਹਨ।
ਇਹ ਬਿਆਨ ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਸਰਕਾਰੀ ਹੁਕਮਾਂ ਅਧੀਨ ਉਨ੍ਹਾਂ ਲੋਕਾਂ ਦੀਆਂ ਫੋਟੋਆਂ ਲਗਾਉਣ ਜਿਨ੍ਹਾਂ ਨੇ ਬੀਤੇ ਸਮੇਂ ਵਿਚ ਨਿਰਦੋਸ਼ ਪੁਲਿਸ ਅਧਿਕਾਰੀਆ ਨੂੰ ਗੋਲੀ ਦਾ ਨਿਸ਼ਾਨਾਂ ਬਣਾਇਆ ਅਤੇ ਅਸੈਬਲੀ ਵਿਚ ਬੰਬ ਸੁੱਟ ਕੇ ਮਨੁੱਖਤਾ ਦਾ ਕਤਲੇਆਮ ਕਰਨ ਦੀ ਸਾਜਿਸ਼ ਕੀਤੀ, ਉਨ੍ਹਾਂ ਦੀ ਫੋਟੋ ਲਗਾਉਣ ਦੇ ਗਲਤ ਸੰਦੇਸ਼ ਦੇਣ ਵਾਲੇ ਅਮਲਾਂ ਦੀ ਸਖ਼ਤ ਨਿੰਦਾ ਕਰਦੇ ਹੋਏ ਅਤੇ ਪੰਜਾਬ ਵਿਚ ਵੱਧ ਰਹੇ ਅਪਰਾਧਾਂ ਲਈ ਮੌਜੂਦਾ ਪੰਜਾਬ ਸਰਕਾਰ ਤੇ ਸਵਾਰਥੀ ਸਿਆਸਤਦਾਨਾਂ ਨੂੰ ਜਿ਼ੰਮੇਵਾਰ ਠਹਿਰਾਇਆ।
ਉਨ੍ਹਾਂ ਕਿਹਾ ਕਿ ਜਿਸ ਪੰਜਾਬ ਦੀ ਗੁਰੂਆਂ, ਪੀਰਾਂ, ਫਕੀਰਾਂ ਦੀ ਪਵਿੱਤਰ ਧਰਤੀ ਉਤੇ ਮਨੁੱਖਤਾ ਤੇ ਇਨਸਾਨੀਅਤ ਪੱਖੀ ਆਵਾਜ਼ ਬੁਲੰਦ ਹੋਣੀ ਚਾਹੀਦੀ ਹੈ, ਉਸ ਧਰਤੀ ਉਤੇ ਪਾਰਟੀਆ ਨੇ ਅਜਿਹੀਆ ਫੋਟੋਆਂ ਲਗਾਉਣ ਦਾ ਸੰਦੇਸ ਦੇ ਕੇ ਬੇਰੁਜਗਾਰ ਹੋਈ ਨੌਜਵਾਨੀ ਨੂੰ ਚੰਗਾ ਸੰਦੇਸ਼ ਨਹੀ ਦਿੱਤਾ।
ਜਦੋਂ ਕਿ ਇਹ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਗੁਰੂ ਸਾਹਿਬਾਨ ਨੇ ਹਰ ਤਰ੍ਹਾਂ ਦੇ ਸਮਾਜਿਕ, ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਇਨਸਾਨੀਅਤ ‘ਤੇ ਮਨੁੱਖਤਾ ਲਈ ਆਪਣੇ ਜੀਵਨ ਦੌਰਾਨ ਬਹੁਤ ਹੀ ਮਹੱਤਵਪੂਰਨ ਉੱਦਮ ਕੀਤੇ ਅਤੇ ਮਹਾਨ ਕੁਰਬਾਨੀਆਂ ਤੇ ਸ਼ਹਾਦਤਾਂ ਦੇ ਕੇ ਸਮੁੱਚੀ ਮਨੁੱਖਤਾ ਨੂੰ ਆਪਸ ਵਿਚ ਪਿਆਰ, ਸਦਭਾਵਨਾ, ਸਹਿਣਸ਼ੀਲਤਾਂ ਦੇ ਸੰਦੇਸ਼ ਦਿੱਤੇ।
ਸਰਕਾਰਾਂ ਉਨ੍ਹਾਂ ਦੀ ਵੱਡਮੁੱਲੀ ਸੋਚ ਨੂੰ ਅਮਲੀ ਰੂਪ ਦੇ ਕੇ ਪੰਜਾਬ ਵਰਗੇ ਸਰਹੱਦੀ ਸੂਬੇ ਦੇ ਸਮੁੱਚੇ ਮਾਹੌਲ ਨੂੰ ਸਾਜਗਰ ਬਣਾਉਣ ਵਿਚ ਭੂਮਿਕਾ ਨਿਭਾਉਂਦੀ ਅਤੇ ਇਥੇ ਵੱਡੇ-ਵੱਡੇ ਪ੍ਰੋਜੈਕਟ ਲਗਾ ਕੇ, ਪੜ੍ਹੀ-ਲਿਖੀ, ਬਗੈਰ ਟ੍ਰੇਨਿੰਗ ਦੇ 40 ਲੱਖ ਦੇ ਕਰੀਬ ਬੇਰੁਜ਼ਗਾਰ ਨੌਜਵਾਨੀ ਨੂੰ ਰੁਜ਼ਗਾਰ ਦੇਣ ਦੀ ਜ਼ਿੰਮੇਵਾਰੀ ਨਿਭਾਉਂਦੀ ਹੈ। ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸਰਹੱਦਾਂ ਰਾਹੀ ਵੱਡੇ ਪੱਧਰ ਤੇ ਨਸ਼ੀਲੀਆਂ ਵਸਤਾਂ ਦੇ ਹੁੰਦੇ ਆ ਰਹੇ ਵਪਾਰ ਦੀ ਸਮਾਜ ਵਿਰੋਧੀ ਕਾਰਵਾਈ ਨੂੰ ਰੋਕਣ ਦੀ ਬਜਾਏ ਸਮੱਗਲਰਾਂ, ਗੈਂਗਸਟਰਾਂ, ਅਪਰਾਧੀਆਂ ਨੂੰ ਉਤਸ਼ਾਹਿਤ ਕਰਨ ਦੀਆਂ ਕਾਰਵਾਈਆਂ ਹੋ ਰਹੀਆਂ ਹਨ।
ਫਿਰ ਕਾਨੂੰਨੀ ਵਿਵਸਥਾਂ ਦੀ ਹਾਲਤ ਤਾਂ ਇਥੋ ਤੱਕ ਨਿਘਰ ਗਈ ਹੈ ਕਿ ਦਿਨ ਦਿਹਾੜੇ ਅਪਰਾਧੀ ਲੋਕ ਨਿਰਦੋਸ਼ ਆਮ ਸ਼ਹਿਰੀਆਂ ਨੂੰ ਗੋਲੀਆਂ ਦਾ ਨਿਸ਼ਾਨਾਂ ਵੀ ਬਣਾ ਰਹੇ ਹਨ ਅਤੇ ਉਨ੍ਹਾਂ ਤੋ ਵੱਡੀਆਂ-ਵੱਡੀਆਂ ਫਿਰੌਤੀਆਂ ਵੀ ਪ੍ਰਾਪਤ ਕਰ ਰਹੇ ਹਨ।
ਕਿ ਜਿਨ੍ਹਾਂ ਬੁੱਧੀਜੀਵੀਆਂ, ਲੇਖਕਾਂ ਅਤੇ ਪੱਤਰਕਾਰਾਂ ਨੇ ਸਮਾਜ ਦੇ ਔਖੀ ਘੜੀ ਦੇ ਵਰਤਾਰੇ ‘ਚ ਸੂਝਵਾਨਤਾ ‘ਤੇ ਸੰਜਮ ਤੋਂ ਕੰਮ ਲੈਂਦੇ ਹੋਏ ਕਿਸੇ ਮੁਲਕ ਜਾਂ ਸੂਬੇ ਦੇ ਨਿਵਾਸੀਆਂ ਨੂੰ ਅਜਿਹੀਆਂ ਬਿਮਾਰੀਆਂ ਤੋਂ ਪਿੱਛਾ ਛਡਾਉਣ ਲਈ ਜ਼ਿੰਮੇਵਾਰ ਹੈ, ਜੋ ਬੀਤੇ ਸਮੇਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਆਪਣੇ ‘ਨਾਇਕ’ ਗਰਦਾਨਕੇ ਉਨ੍ਹਾਂ ਦੀਆਂ ਫੋਟੋਆਂ ਦਫਤਰਾਂ ‘ਚ ਲਗਾਉਣ ਅਤੇ ਉਨ੍ਹਾਂ ਨੂੰ ਭਾਰਤ ਰਤਨ ਦੇ ਖਿਤਾਬ ਦੇਣ ਦੇ ਦਿਸ਼ਾਹੀਣ ਬੇਨਤੀਜਾ ਮੰਗਾਂ ਕਰਦੇ ਦਿਖਾਈ ਦਿੱਤੇ, ਜੋ ਕਿ ਕਿਸੇ ਸਮਾਜ, ਮੁਲਕ ਤੇ ਸੂਬੇ ਲਈ ਵੱਡਾ ਕਲੰਕ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h