ਦੁਨੀਆ ਭਰ ਵਿੱਚ ਕਰੋਨਾ ਵਾਇਰਸ ਦੇ ਓਮਾਈਕ੍ਰੋਨ ਵੇਰੀਐਂਟ ਨੇ ਸਾਰਿਆਂ ਨੂੰ ਪ੍ਰੇਸ਼ਾਨ ਕਰ ਰੱਖਿਆ ਹੈ। ਹਰ ਦੇਸ਼ ਵਿੱਚ ਕਰੋਨਾ ਮਹਾਮਾਰੀ ਨੂੰ ਰੋਕਣ ਲਈ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਹਿਦਾਇਤ ਦਿੱਤੀ ਜਾ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਕੈਨੇਡਾ ਤੋਂ ਮੈਕਸੀਕੋ ਜਾ ਰਹੇ ਇੱਕ ਚਾਰਟਿਡ ਫਲਾਈਟ ਵਿਚ ਲੋਕ ਸ਼ਰਾਬ ਪੀਂਦੇ, ਸਿਗਰੇਟ ਪੀਂਦੇ ਅਤੇ ਪਾਰਟੀ ਕਰਦੇ ਦਿਖਾਈ ਦਿੰਦੇ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਫੀ ਪ੍ਰੇਸ਼ਾਨ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਇੱਕ ਪ੍ਰੈਸ ਕਾਨਫਰੰਸ ਕਰ ਚਾਰਟਟਿਡ ਫਲਾਈਟ ਵਿੱਚ ਪਾਰਟੀ ਕਰ ਰਹੇ ਲੋਕਾਂ ਨੂੰ ‘ਬੇਵਕੂਫ’ ਕਿਹਾ ਹੈ।
ਯੂ.ਐਸ.ਏ. ਟੂਡੇ ਰਿਪੋਰਟ ਦੇ ਅਨੁਸਾਰ ਫਲਾਈਟ ਵਿੱਚ ਪਾਰਟੀ ਕਰਨ ਵਾਲਿਆਂ ਦੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਕਈ ਏਅਰਲਾਈਨਾਂ ਨੇ ਉਨ੍ਹਾਂ ਨੂੰ ਕੈਨਕਨ ਤੋਂ ਵਾਪਸ ਉਡਾਣ ਭਰਨ ਤੋਂ ਮਨਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਪਾਰਟੀ ਟ੍ਰਿਪ ਦਾ ਆਯੋਜਨ 111 ਪ੍ਰਾਈਵੇਟ ਕਲੱਬ ਦੇ ਸੰਸਥਾਪਕ ਜੇਮਸ ਅਵਦ ਨੇ ਕੀਤਾ ਸੀ, ਜਿਨ੍ਹਾਂ ਨੇ ਚਾਰਟਿਡ ਸਨਵਿੰਗ ਫਲਾਈਟ ਤੋਂ 30 ਦਸੰਬਰ ਨੂੰ ਇਕ ਗਰੁੱਪ ਨਾਲ ਮੈਕਸੀਕੋ ਲਈ ਉਡਾਣ ਭਰੀ ਸੀ।