ਲੰਡਨ- ਬ੍ਰਿਟੇਨ ‘ਚ ਪ੍ਰਧਾਨ ਮੰਤਰੀ ਦੀ ਦੌੜ ਦੀ ਲੜਾਈ ਦਿਲਚਸਪ ਹੁੰਦੀ ਜਾ ਰਹੀ ਹੈ। ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਦੋ ਦੌਰ ਤੋਂ ਬਾਅਦ ਚੰਗੀ ਬੜ੍ਹਤ ਬਣਾਈ ਰੱਖੀ ਹੈ ਪਰ ਉਨ੍ਹਾਂ ਦੇ ਰਾਹ ਵਿਚ ਚੁਣੌਤੀਆਂ ਹਨ। ਇੱਕ ਚੁਣੌਤੀ ਤਾਂ ਸਿਰਫ਼ ਬੋਰਿਸ ਜਾਨਸਨ ਹੈ ਜੋ ਰਿਸ਼ੀ ਸੁਨਕ ਨੂੰ ਪ੍ਰਧਾਨ ਮੰਤਰੀ ਵਜੋਂ ਨਹੀਂ ਦੇਖਣਾ ਚਾਹੁੰਦੇ।
ਦੱਸਿਆ ਜਾ ਰਿਹਾ ਹੈ ਕਿ ਬੋਰਿਸ ਜਾਨਸਨ ਸੁਨਕ ਨੂੰ ਛੱਡ ਕੇ ਕਿਸੇ ਹੋਰ ਉਮੀਦਵਾਰ ਨੂੰ ਸਮਰਥਨ ਦੇਣ ਲਈ ਤਿਆਰ ਹਨ। ਉਨ੍ਹਾਂ ਵੱਲੋਂ ਹੋਰ ਉਮੀਦਵਾਰਾਂ ਨੂੰ ਕਿਸੇ ਵੀ ਕੀਮਤ ’ਤੇ ਸੁਨਕ ਦੀ ਹਮਾਇਤ ਨਾ ਕਰਨ ਲਈ ਕਿਹਾ ਜਾ ਰਿਹਾ ਹੈ। ਹੁਣ ਬੋਰਿਸ ਦੇ ਇਸ ਸਟੈਂਡ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਰਿਸ਼ੀ ਨੂੰ ਆਪਣੀ ਸੱਤਾ ਗੁਆਉਣ ਦਾ ਮੁੱਖ ਕਾਰਨ ਮੰਨ ਰਹੇ ਹਨ।
ਬੋਰਿਸ ਜਾਨਸਨ ਦਾ ਮੰਨਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਰਿਸ਼ੀ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਰਿਸ਼ੀ ਦੇ ਕਾਰਨ ਹੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਇਕ ਰਿਪੋਰਟ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਬੋਰਿਸ ਜਾਨਸਨ ਸੱਤਾ ਦੇ ਨੁਕਸਾਨ ਲਈ ਸਾਜਿਦ ਜਾਵੇਦ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦੇ।
ਪੈਨੀ ਮੋਰਡੌਂਟ ਤੇ ਰਿਸ਼ੀ ਸੁਨਕ
ਬੋਰਿਸ ਜਾਨਸਨ ਸਿਰਫ ਰਿਸ਼ੀ ਸੁਨਕ ਨੂੰ ਆਪਣੀ ਸੱਤਾ ਗੁਆਉਣ ਲਈ ਜ਼ਿੰਮੇਵਾਰ ਮੰਨ ਰਹੇ ਹਨ। ਉਨ੍ਹਾਂ ਦਾ ਸਾਰਾ ਗੁੱਸਾ ਰਿਸ਼ੀ ਵੱਲ ਹੈ। ਇਸ ਗੱਲ ਦਾ ਗੁੱਸਾ ਜ਼ਿਆਦਾ ਹੈ ਕਿ ਬੋਰਿਸ ਨੂੰ ਇਕ ਤੈਅ ਰਣਨੀਤੀ ਤਹਿਤ ਸੱਤਾ ਤੋਂ ਲਾਂਭੇ ਕੀਤਾ ਗਿਆ। ਵੱਡੀ ਗੱਲ ਇਹ ਹੈ ਕਿ ਬੋਰਿਸ ਜਾਨਸਨ ਰਿਸ਼ੀ ਸੁਨਕ ਦਾ ਵਿਰੋਧ ਕਰ ਰਹੇ ਹਨ, ਪਰ ਉਹ ਵਿਦੇਸ਼ ਸਕੱਤਰ ਲਿਜ਼ ਟਰਸ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਵੀ ਕਾਫੀ ਜ਼ੋਰ ਲਗਾ ਰਹੇ ਹਨ।
ਰਿਸ਼ੀ ਦਾ ਵਿਰੋਧ ਇੰਨਾ ਜ਼ਿਆਦਾ ਹੈ ਕਿ ਉਹ ਇਸ ਸਮੇਂ ਜੂਨੀਅਰ ਵਪਾਰ ਮੰਤਰੀ ਪੈਨੀ ਮੋਰਡੌਂਟ ਦਾ ਸਮਰਥਨ ਕਰਨ ਲਈ ਤਿਆਰ ਜਾਪਦਾ ਹੈ। ਜਦੋਂ ਇਸ ਬਾਰੇ ਜਾਂਨਸਨ ਦੇ ਇੱਕ ਸਹਿਯੋਗੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਮੰਨਿਆ ਹੈ ਕਿ ਕੇਅਰਟੇਕਰ ਪੀਐਮ ਰਿਸ਼ੀ ਨੂੰ ਲੈ ਕੇ ਜ਼ਿਆਦਾ ਉਤਸ਼ਾਹਿਤ ਨਹੀਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ ਪਰ ਅਜਿਹਾ ਨਹੀਂ ਹੈ ਕਿ ਉਹ ਰਿਸ਼ੀ ਤੋਂ ਇਲਾਵਾ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਬਣਦੇ ਦੇਖ ਸਕਦੇ ਹਨ।
ਫਿਲਹਾਲ ਰਿਸ਼ੀ ਸੁਨਕ ਦੀ ਸਥਿਤੀ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ। ਉਸ ਨੂੰ ਲਗਾਤਾਰ ਦੋ ਗੇੜਾਂ ਵਿਚ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਦੂਜੇ ਗੇੜ ਦੀ ਗੱਲ ਕਰੀਏ ਤਾਂ ਟੋਰੀ ਪਾਰਟੀ ਦੀ ਲੀਡਰਸ਼ਿਪ ਦੀ ਇਸ ਦੌੜ ਵਿਚ ਭਾਰਤੀ ਮੂਲ ਦੀ ਸੁਏਲਾ ਬ੍ਰੇਵਮੈਨ ਨੂੰ ਸਭ ਤੋਂ ਘੱਟ ਵੋਟਾਂ ਮਿਲੀਆਂ ਅਤੇ ਉਹ ਇਸ ਦੌਰ ਵਿਚੋਂ ਬਾਹਰ ਹੋ ਗਈ। ਰਿਸ਼ੀ ਸੁਨਕ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ। ਸੁਨਕ ਨੂੰ 101 ਵੋਟਾਂ ਅਤੇ ਦੂਜੇ ਸਥਾਨ ‘ਤੇ ਰਹਿਣ ਵਾਲੇ ਪੈਨੀ ਮੋਰਡੌਂਟ ਨੂੰ 83 ਵੋਟਾਂ ਮਿਲੀਆਂ। ਲਿਜ਼ ਟਰਸ ਨੂੰ 64 ਵੋਟਾਂ, ਕੈਮੀ ਬੇਡੋਨੋਚ ਨੂੰ 49 ਅਤੇ ਟੌਮ ਤੁਗੇਨਧਾਤ ਨੂੰ 32 ਵੋਟਾਂ ਮਿਲੀਆਂ।