ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 75 ਹਜ਼ਾਰ ਕਰੋੜ ਰੁਪਏ ਦੇ ਸਿਹਤ ਪ੍ਰਾਜੈਕਟਾਂ ਨੂੰ ਲਾਂਚ ਕੀਤਾ। ਇਹ ਪ੍ਰਾਜੈਕਟ ਭਾਵੇਂ ਪੂਰੇ ਦੇਸ਼ ਵਿੱਚ ਲਾਗੂ ਹੋਣਗੇ ਪਰ ਸਰਕਾਰ ਨੇ ਉੱਤਰ ਪ੍ਰਦੇਸ਼ ਨੂੰ ਇਸ ਮਾਮਲੇ ਵਿੱਚ ਖਾਸ ਧਿਆਨ ਵਿੱਚ ਰੱਖਿਆ ਹੈ। ਉੱਤਰ ਪ੍ਰਦੇਸ਼ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਪ੍ਰਾਜੈਕਟਾਂ ਵਿੱਚ 64 ਹਜ਼ਾਰ ਕਰੋੜ ਦਾ ਆਯੂਸ਼ਮਾਨ ਭਾਰਤ ਹੈਲਥ ਇਨਫਰਾਸਟਰਕਚਰ ਮਿਸ਼ਨ ਵੀ ਸ਼ਾਮਲ ਹੈ। ਇਸ ਮਿਸ਼ਨ ਤਹਿਤ ਦੇਸ਼ ਭਰ ਵਿੱਚ ਸਿਹਤ ਸਹੂਲਤਾਂ ਸਬੰਧੀ ਬੁਨਿਆਦੀ ਢਾਂਚੇ ਨੂੰ ਵਿਕਸਤ ਕੀਤਾ ਜਾਵੇਗਾ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਲੋਕ ਸਭਾ ਖੇਤਰ ਵਾਰਾਨਸੀ ਵਿੱਚ ਵੀ 5200 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਨੂੰ ਲਾਂਚ ਕੀਤਾ। ਉਨ੍ਹਾਂ ਕਿਹਾ ਕਿ ਅੱਜ ਲਾਂਚ ਕੀਤੇ ਗਏ ਸਿਹਤ ਪ੍ਰਾਜੈਕਟਾਂ ਉੱਤੇ 75 ਸੌ ਕਰੋੜ ਦੀ ਲਾਗਤ ਆਵੇਗੀ ਤੇ ਭਵਿੱਖ ਵਿੱਚ ਕਰੋਨਾਵਾਇਰਸ ਵਰਗੀ ਮਹਾਮਾਰੀ ਨਾਲ ਨਜਿੱਠਣ ਵਿੱਚ ਮਦਦ ਮਿਲੇਗੀ।