ਪਿਆਰੇ ਮੁਰਸ਼ਦ
ਤੁਸੀਂ ਕਿਹਾ ਹੈ :
ਜਦੋਂ ਤਕ ਲਫ਼ਜ਼ ਜਿਉਂਦੇ ਨੇ
ਸੁਖ਼ਨਵਰ ਜਿਉਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ
ਜੋ ਸਿਵਿਆਂ ਵਿਚ ਸਵਾਹ ਹੁੰਦੇ
ਇਸ ਸੱਚੇ ਸ਼ੇਅਰ ਅਨੁਸਾਰ ਤੁਸੀਂ ਸਦਾ ਸਾਡੇ ਸੰਗ ਹੋ , ਸੰਗ ਹੀ ਰਹੋਗੇ ।
ਪੰਜਾਂ ਤੱਤਾਂ ਤੋਂ ਮੁਕਤ ਹੋ ਕੇ ਵੀ ਤੁਸੀਂ ਆਪਣੇ ਲਫ਼ਜ਼ਾਂ ਰਾਹੀਂ, ਆਪਣੀ ਸੁਹਣੀ ਸੁਖ਼ਨਵਰੀ ਰਾਹੀਂ ਸਾਡੇ ਪ੍ਰੇਰਨਾ ਸਰੋਤ ਬਣੇ ਰਹੋਗੇ ।
ਤੁਹਾਡਾ ਦੁਨੀਆਂ ‘ਤੇ ਆਉਣਾ, ਅਤੇ ਸੁਹਣਾ, ਸਿਰਜਣਾਤਮਕ, ਤੇਜਸੱਵੀ,ਜੀਵਨ ਜਿਉਂ ਕੇ ਬਿਨਾਂ ਕਿਸੇ ਕਸ਼ਟ ਤੋਂ ਬਿਨਾਂ ਕਿਸੇ ਆਹਟ ਤੋਂ ਆਪਣੇ ਸਹਿਜ ਸੁਭਾਅ ਵਾਂਗ , ਇਸ ਫ਼ਾਨੀ ਜਹਾਨ ਤੋਂ ਵਿਦਾ ਹੋ ਜਾਣਾ ਵੀ ਕੁਦਰਤ ਦੀ ਕਿਸੇ ਅਸੀਸ ਵਰਗਾ ਹੀ ਜਾਪਦਾ ਹੈ । ਜਿਉਂਦੇ ਜੀਅ ਵੀ ਕੁਦਰਤ ਨੇ ਤੁਹਾਨੂੰ ਮੋਹ-ਮਾਣ ਦੇ ਫੁੱਲਾਂ ਨਾਲ ਨਿਵਾਜ਼ੀ ਰੱਖਿਆ ਤੇ ਲਿਜਾਣ ਵੇਲੇ ਵੀ ਫੁੱਲਾਂ ਵਾਂਗ ਬੋਚ ਕੇ ਲੈ ਗਈ ।ਕੰਡੇ ਦੀ ਚੋਭ ਜਿੰਨਾਂ ਵੀ ਦਰਦ ਨਹੀਂ ਹੋਣ ਦਿੱਤਾ…।ਅਜਿਹੀ ਜ਼ਿੰਦਗੀ ਅਤੇ ਅਜਿਹੀ ਰੁਖ਼ਸਤੀ ਉਸ ਦੀ ਰਹਿਮਤ ਸਦਕਾ ਹੀ ਨਸੀਬ ਹੁੰਦੀ ਹੈ ।
ਹੇ ਸੁਖ਼ਨਵਰ, ਕਾਇਆ ਸਰੂਪ ਵਿਚ ਤੁਹਾਡਾ ਇਸ ਜਹਾਨ ‘ਤੇ ਹੋਣਾ ਤੁਹਾਡੇ ਪਾਠਕਾਂ-ਮੁਰੀਦਾਂ ਲਈ ਬਹੁਤ ਵੱਡਾ ਧਰਵਾਸ ਸੀ । ਅੱਜ ਕੋਈ ਸੰਘਣੀ ਛਾਂ ਸਾਡੇ ਸਿਰਾਂ ਤੋਂ ਉਠ ਗਈ ਹੈ…ਮਈ ਦੇ ਮਹੀਨੇ ਦੀ ਤਿੱਖੀ ਧੁੱਪ ਅਚਾਨਕ ਹੋਰ ਤਿੱਖੀ ਹੋ ਗਈ ਹੈ । ਕਵਿਤਾ ਦਾ ਮੂੰਹ ਮਸੋਸਿਆ ਗਿਆ ਹੈ । ਸ਼ਬਦ ਪੀਲੇ ਪੈ ਗਏ ਜਾਪਦੇ ਨੇ…। ਚੁਫੇਰੇ ਸੁੰਨ ਜਿਹੀ ਪਸਰ ਗਈ ਹੈ …ਜਿਵੇਂ ਵਕਤ ਤੁਰਦਾ ਤੁਰਦਾ ਥੱਕ ਗਿਆ ਹੋਵੇ । ਪਰ ਤੁਸੀਂ ਤਾਂ ਕਿਹਾ ਸੀ__’ ਮੈਂ ਤਾਂ ਸੂਰਜ ਹਾਂ ਛੁਪ ਕੇ ਵੀ ਬਲਦਾਂ, ਸ਼ਹਿਰ ਦੀ ਸ਼ਾਮ ਮੇਰੀ ਸ਼ਾਮ ਨਹੀਂ ‘ । ਹੇ ਸ਼ਬਦਾਂ ਦੇ ਜਾਦੂਗਰ ! ਤੁਹਾਡੇ ਇਸ ਹਕੀਕੀ ਸ਼ੇਅਰ ਤੋਂ ਅਤੇ ਤੁਹਾਡੀ ਅਮਰ ਸੁਖ਼ਨਵਰੀ ਤੋਂ ਕੌਣ ਮੁਨਕਰ ਹੋ ਸਕਦਾ ਹੈ ! ਸੱਚਮੁਚ ਤੁਹਾਡਾ ਜਲੌਅ, ਤੁਹਾਡਾ ਚਾਨਣ ਸਦੀਵੀ ਹੈ….।
ਪਿਆਰੇ ਮੁਰਸ਼ਦ,ਤੁਹਾਡੀ ਵਿਦਾ ਦੇ ਉਦਾਸ ਵਕਤ ਮੈਂ ਆਪਣੇ ਪਿਆਰਿਆਂ ਨਾਲ ਉਹ ਮੁਰਸ਼ਦਨਾਮਾ ਸਾਂਝਾ ਕਰ ਰਹੀ ਹਾਂ, ਜੋ ਮੈਂ ਤੁਹਾਡੀ ਅਕੀਦਤ ਵਿਚ ਡੁੱਬ ਕੇ ਬਹੁਤ ਸ਼ਰਧਾ ਨਾਲ ਲਿਖਿਆ ਹੈ ਤੇ ਤੁਹਾਨੂੰ ਬਹੁਤ ਪਸੰਦ ਹੈ….
ਮੁਰਸ਼ਦਨਾਮਾ__
ਮੁਹੱਬਤ ਵੇਦਨਾ ਨੇਕੀ ਹਲੀਮੀ ਤੇ ਵਫ਼ਾ ਪਾਤਰ
ਮਿਲਾ ਕੇ ਪੰਜ ਤੱਤ ਇਕ ਸਾਰ ਰੱਬ ਨੇ ਸਿਰਜਿਆ ਪਾਤਰ
ਸਮੇਂ ਦੇ ਗੰਧਲੇ ਪਾਣੀ ‘ਤੇ ਉਹ ਤਰਿਆ ਫੁੱਲ ਦੇ ਵਾਂਗੂੰ
ਸਮੇਂ ਦੇ ਸ਼ੋਰ ‘ਚੋਂ ਇਕ ਤਰਜ਼ ਬਣ ਕੇ ਉਭਰਿਆ ਪਾਤਰ
ਟਿਕੇ ਹੋਏ ਪਾਣੀਆਂ ਵਰਗਾ ਰਹੱਸਪੂਰਨ ਅਤੇ ਗਹਿਰਾ
ਹੈ ਚਿੰਤਨ ਦਾ ਸਮੁੰਦਰ ਤੇ ਤਰੱਨਮ ਦੀ ਹਵਾ ਪਾਤਰ
ਕਿਸੇ ਲਈ ਪੁਲ ਕਿਸੇ ਲਈ ਛਾਂ ਕਿਸੇ ਲਈ ਨੀਰ ਬਣ ਜਾਵੇ
ਕਿਸੇ ਦਾ ਰਹਿਨੁਮਾ ਬਣਿਆਂ ਕਿਸੇ ਦੀ ਆਸਥਾ ਪਾਤਰ
ਉਹ ਕੋਮਲ-ਮਨ ਹੈ ਤਾਂ ਹੀ ਹਰ ਕਿਸੇ ਨੂੰ ਆਪਣਾ ਲੱਗੇ
ਉਹ ਰੌਸ਼ਨ-ਰੂਹ ਹੈ ਤਾਂ ਹੀ ਨ੍ਹੇਰਿਆਂ ਵਿਚ ਜਗ ਰਿਹਾ ਪਾਤਰ
ਉਹਦੇ ਲਫ਼ਜ਼ਾਂ ‘ਚ ਉਹ ਲੱਜ਼ਤ ਉਹਦੇ ਬੋਲਾਂ ਦਾ ਉਹ ਲਹਿਜਾ
ਹਵਾ ਸਾਹ ਰੋਕ ਕੇ ਸੁਣਦੀ ਜਦੋਂ ਕੁਝ ਆਖਦਾ ਪਾਤਰ
ਖਿੜੇ ਗੁੰਚੇ ਜਗੇ ਦੀਵੇ ਤਰੰਗਿਤ ਹੋ ਗਏ ਪਾਣੀ
ਇਹ ਅਨਹਦ ਨਾਦ ਵਜਦਾ ਹੈ ਜਾਂ ਕਿਧਰੇ ਗਾ ਰਿਹਾ ਪਾਤਰ
ਉਹਦਾ ਬਿਰਖਾਂ ਨੂੰ ਸਿਜਦਾ ਹੈ ਉਹ ਸਾਜ਼ਾਂ ਦਾ ਹੈ ਸ਼ੈਦਾਈ
ਕਿਸੇ ਕੁਰਸੀ ਦੇ ਮੂਹਰੇ ਵੇਖਿਆ ਨਾ ਝੁਕ ਰਿਹਾ ਪਾਤਰ
ਕਦੇ ਵਿਹੜੇ ਦਾ ਬੂਟਾ ਹੈ ਗਯਾ ਦਾ ਰੁੱਖ ਕਦੇ ਜਾਪੇ
ਸ਼ਨਾਖ਼ਤ ਹੈ ਉਹ ਸਹਿਰਾ ਦੀ ਤੇ ਪਾਣੀ ਦਾ ਪਤਾ ਪਾਤਰ
ਕਿਸੇ ਜੋਗੀ ਦੀ ਧੂਣੀ ਹੈ ਕਿਸੇ ਕੁਟੀਆ ਦਾ ਦੀਵਾ ਹੈ
ਕਿਸੇ ਰਾਂਝੇ ਦੀ ਵੰਝਲੀ ਹੈ ਤੇ ਹਉਕੇ ਦੀ ਕਥਾ ਪਾਤਰ
ਕਦੇ ਉਹ ਤਪ ਰਹੇ ਸਹਿਰਾ ‘ਤੇ ਕਣੀਆਂ ਦੀ ਇਬਾਰਤ ਹੈ
ਕਦੇ ਧੁਖਦੇ ਹੋਏ ਜੰਗਲ ਦਾ ਲੱਗੇ ਤਰਜੁਮਾ ਪਾਤਰ
ਕਹੇ ਹਰ ਰੁੱਖ : ਮੇਰੇ ਦੁੱਖ ਦਾ ਨਗ਼ਮਾ ਬਣਾ ਪਿਆਰੇ
ਕਹੇ ਹਰ ਵੇਲ : ਮੈਨੂੰ ਆਪਣੇ ਗਲ਼ ਨਾਲ ਲਾ ਪਾਤਰ
ਪੜ੍ਹੇ ਜੋ ਵੀ ਇਹੀ ਆਖੇ : ਇਹ ਮੇਰੇ ਦੁੱਖ ਦਾ ਚਿਹਰਾ ਹੈ
ਡੁਬੋ ਕੇ ਖ਼ੂਨ ਵਿਚ ਕਾਨੀ ਜੋ ਅੱਖਰ ਲਿਖ ਰਿਹਾ ਪਾਤਰ
ਸਮੇਂ ਦੇ ਪੰਨਿਆਂ ‘ਤੇ ਜਗ ਰਿਹਾ ਸਿਰਤਾਜ ਹਸਤਾਖ਼ਰ
ਜ਼ਖ਼ੀਰਾ ਜਜ਼ਬਿਆਂ ਦਾ ਹੈ ਖ਼ਿਆਲਾਂ ਦੀ ਘਟਾ ਪਾਤਰ
ਹਵਾ ਵਿਚ ਹਰਫ਼ ਲਿਖਦਾ ਹੈ ਸੁਲਗਦਾ ਹੈ ਹਨੇਰੇ ਵਿਚ
ਕੋਈ ਦਰਗਾਹ ਹੈ ਲਫ਼ਜ਼ਾਂ ਦੀ ਤੇ ਬਿਰਖਾਂ ਦੀ ਦੁਆ ਪਾਤਰ
ਉਹਦੀ ਕਵਿਤਾ ‘ਚੋਂ ਉਸ ਦੀ ਆਤਮਾ ਦੇ ਨਕਸ਼ ਦਿਸਦੇ ਨੇ
ਕਿ ਜਿਸ ਨੇ ਭਾਲ਼ਿਆ ਕਵਿਤਾ ‘ਚੋਂ ਉਸ ਨੂੰ ਮਿਲ ਗਿਆ ਪਾਤਰ
(ਸੁਖਵਿੰਦਰ ਅੰਮ੍ਰਿਤ)