ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਮਾਮਲੇ ‘ਚ SIT ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦਿਆਂ ਪੁਲਸ ਕਮਿਸ਼ਨਰ ਅੰਮ੍ਰਿਤਸਰ ਅਰੁਣਪਾਲ ਸਿੰਘ ਨੇ ਕਿਹਾ ਕਿ ਸੁਧੀਰ ਸੂਰੀ ਕਤਲਕਾਂਡ ਗੰਭੀਰਤਾ ਨੂੰ ਮੁੱਖ ਰੱਖਦਿਆਂ SIT ਦਾ ਗਠਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਡੀ. ਜੀ. ਪੀ. ਵੱਲੋਂ SIT ਨੂੰ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਕੋਈ ਵੀ ਇਸ ਮਾਮਲੇ ‘ਚ ਮੁਲਜ਼ਮ ਪਾਇਆ ਜਾਂਦਾ ਹੈ ਤਾਂ ਉਸ ਨੂੰ ਨਾਮਜ਼ਦ ਕਰ ਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੁਲਸ ਕਮਿਸ਼ਨਰ ਨੇ ਖ਼ੁਲਾਸਾ ਕੀਤਾ ਕਿ ਮੁਲਜ਼ਮ ਸੰਦੀਪ ਸੰਨੀ ਸੋਸ਼ਲ ਮੀਡੀਆ ਤੋਂ ਕਾਫੀ ਪ੍ਰਭਾਵਿਤ ਸੀ ਅਤੇ ਉਸ ਨੇ ਹੇਟ ਕ੍ਰਾਈਮ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਫਿਲਹਾਲ ਇਸ ਮਾਮਲੇ ‘ਚ ਇਕ ਦੋਸ਼ੀ ਸੰਦੀਪ ਸਿੰਘ ਸੰਨੀ ਹੀ ਸਾਹਮਣੇ ਆਇਆ ਹੈ, ਜਿਸ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਕੇ ਹਥਿਆਰ ਬਰਾਮਦ ਕਰ ਲਿਆ ਹੈ। SIT ਵੱਲੋਂ ਹੁਣ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਅਤੇ ਵਿਗਿਆਨਕ ਤਰੀਕੀਆਂ ਅਤੇ ਤੱਤਾਂ ਦਾ ਆਧਾਰ ‘ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਟਕਸਾਲੀ ਦੇ ਕੌਮੀ ਪ੍ਰਧਾਨ ਅਤੇ ਹਿੰਦੂ ਨੇਤਾ ਸੁਧੀਰ ਸੂਰੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਅੱਜ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਿਰ ਸ਼ਿਵਪੁਰੀ ’ਚ ਸਥਿਤ ਸ਼ਮਸ਼ਾਨਘਾਟ ‘ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਦੱਸ ਦੇਈਏ ਕਿ ਅੰਮ੍ਰਿਤਸਰ ਵਿਖੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਬੀਤੇ ਦਿਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਵਾਰਦਾਤ ਤੋਂ ਬਾਅਦ ਪੰਜਾਬ ਦਾ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸੂਰੀ ਦੇ ਸਮਰਥਕਾਂ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਪ੍ਰਦਰਸ਼ਨ ਦੌਰਾਨ ਰੇਲਵੇ ਟ੍ਰੈਕ ਵੀ ਜਾਮ ਕੀਤੇ ਗਏ ਹਨ।
ਇਸ ਘਟਨਾ ‘ਤੇ ਸੂਧੀਰ ਸੂਰੀ ਦੇ ਬੇਟੇ ਮਾਨਿਕ ਸੂਰੀ ਵੱਲੋਂ ਤਿੱਖੀ ਪ੍ਰਤੀਕ੍ਰਿਰਿਆ ਦਿੱਤੀ ਗਈ ਹੈ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਹੁਣ ਵੀ ਧਮਕੀਆਂ (ਥ੍ਰੈੱਟ) ਭਰੀਆਂ ਫੋਨ ਕਾਲਸ ਆ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਵੱਡਾ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾ ਦੇ ਪਿਤਾ ਨੂੰ ਟ੍ਰੈਪ ਲਗਾਕੇ ਮੰਦਿਰ ਬੁਲਾਇਆ ਗਿਆ ਸੀ ਤਾਂ ਕਿ ਉਨ੍ਹਾਂ ਦਾ ਕਤਲ ਕੀਤਾ ਜਾ ਸਕੇ।
ਬੇਟੇ ਮਾਨਿਕ ਨੇ ਅੱਗੇ ਦੱਸਿਆ ਕਿ ਮੈਨੂੰ ਹੁਣ ਵੀ ਥ੍ਰੈੱਟ ਭਰੀਆਂ ਕਾਲਾਂ ਆ ਰਹੀਆਂ ਹਨ ਅੱਜ ਆਈ ਕਾਲ ‘ਚ ਧਮਕੀ ਦੇਣ ਵਾਲਿਆਂ ਨੇ ਮੇਰੇ ਤੋਂ ਪੁੱਛਿਆ ਕਿ ਸੂਰੀ ਦਾ ਸੰਸਕਾਰ ਹੋ ਗਿਆ ਹੈ ਜਦੋਂ ਮੈ ਕਿਹਾ ਹੋ ਗਿਆ ਹੈ ਤਾਂ ਉਹ ਕਹਿਣ ਲੱਗਾ ਮੈਂ ਉਸਨੂੰ ਪਹਿਲਾਂ ਸਮਝਾਇਆ ਸੀ ਪਰ ਉਹ ਨਹੀਂ ਸਮਝਿਆ। ਮੇਰਾ ਉਨ੍ਹਾਂ ਨੂੰ ਜਵਾਬ ਸੀ ਕਿ ਤੁਸੀਂ ਹੁਣ ਮੈਨੂੰ ਕਿਉਂ ਕਾਲ ਕਰ ਰਹੇ ਹੋ ਤੁਸੀਂ ਜੋ ਕਰਨਾ ਸੀ ਉਹ ਕਰ ਲਿਆ ਹੁਣ ਤੁਸੀਂ ਮੈਨੂੰ ਕਾਲ ਕਰ ਤੰਗ ਕਿਉਂ ਕਰ ਰਹੇ ਹੋ। ਇਸਤੋਂ ਬਾਅਦ ਵੀ ਮੈਨੂੰ ਕਾਲ ਆ ਰਹੇ ਹਨ ਤੇ ਧਮਕੀਆਂ ਦਿੰਦਿਆਂ ਅਗਲਾ ਨੰਬਰ ਮੇਰੇ ਪਰਿਵਾਰ ਦਾ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮੈਂ ਇਹ ਥ੍ਰੈੱਟ ਭਰਿਆ ਨੰਬਰ ਡੀ.ਸੀ.ਪੀ. ਤੇ ਏ.ਸੀ.ਪੀ. ਨੂੰ ਦੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਵੀ ਪੋਸਟਮਾਰਟਮ ਦੌਰਾਨ ਮੈਨੂੰ ਧਮਕੀਆਂ ਦੀਆਂ ਕਾਲਾਂ ਆਈਆਂ।