ਪੰਜਾਬ ਦੀ ਵਿਧਾਨਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖੇ ਸ਼ਬਦਾਂ ਦੇ ਹਮਲੇ ਕੀਤੇ ਹਨ। ਉਨ੍ਹਾਂ ਵੱਲੋਂ ਸੀਐਮ ਮਾਨ ‘ਤੇ ਤਿੱਖੇ ਤੰਜ ਕੱਸੇ ਗਏ ਹਨ। ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਸਵਾਲ ਚੁੱਕਦਿਆਂ ਕਿਹਾ ਕਿ ਭਗਵੰਤ ਮਾਨ ਤੋਂ ਬੇਅਦਬੀ ਮਾਮਲੇ ਵਿੱਚ ਇਨਸਾਫ ਨੂੰ ਲੈ ਕੇ ਜ਼ਿਆਦਾ ਆਸ ਨਹੀਂ ਜਤਾਈ ਜਾ ਸਕਦੀ ਕਿਉਂਕਿ ਉਨ੍ਹਾਂ ਦੀ ਦਸਤਾਰ ਦੇ ਥੱਲੇ ਨਾ ਹੀ ਵਾਲ ਹਨ ਅਤੇ ਨਾ ਹੀ ਨਾਮ ਦੇ ਅੱਗੇ ਸਿੰਘ ਹੈ। ਇੰਨਾਂ ਹੀ ਨਹੀਂ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੈੱਗ ਵੰਤ ਸਿੰਘ ਮਾਨ ਦੱਸਿਆ। ਬਾਜਵਾ ਨੇ ਕਿਹਾ ਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਪੰਜਾਬ ਦਾ ਭਵਿੱਖ ਬੰਦ ਹੋ ਜਾਂਦਾ ਹੈ। ਇਸ ਲਈ ਇਨ੍ਹਾਂ ਤੋਂ ਜ਼ਿਆਦਾ ਉਮੀਦ ਨਹੀਂ ਕੀਤੀ ਜਾ ਸਕਦੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਚੇਤ ਕਰਦਿਆਂ ਕਿਹਾ ਸੀ ਕਿ ਉਹ ਆਪਣੇ ਭ੍ਰਿਸ਼ਟ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੀ ਖੱਲ ਬਚਾਉਣ ਲਈ ਕੋਈ ਵੀ ਕੋਸ਼ਿਸ਼ ਕਰਨ ਤੋਂ ਬਾਜ਼ ਆਉਣ। ਇਸ ਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਜਿਵੇਂ ਮਾਨ ਨੇ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਤੋਂ ਬਾਹਰ ਕਰ ਦਿੱਤਾ ਸੀ ਉਸ ਤਰ੍ਹਾਂ ਫੌਜਾ ਸਿੰਘ ਸਰਾਰੀ ਨੂੰ ਵੀ ਬਾਹਰ ਕੀਤਾ ਜਾਵੇ।