ਪਾਕਿਸਤਾਨ ਵਿੱਚ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਪਾਕਿਸਤਾਨ ਦੇ ਲਾਹੌਰ ‘ਚ ਰਾਸ਼ਟਰੀ ਪੱਧਰ ਦੀ ਮੀਟਿੰਗ ਹੋਈ, ਜਿਸ ‘ਚ ਇਸ ਸਾਲ 8,000 ਵਿਦੇਸ਼ੀ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਦੁਨੀਆ ਭਰ ਤੋਂ ਸ਼ਰਧਾਲੂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਧਾਮਾਂ ‘ਚ ਮੱਥਾ ਟੇਕਣ ਲਈ ਪਾਕਿਸਤਾਨ ਆ ਸਕਣ।
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 533ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ ਲਾਹੌਰ ਵਿੱਚ ਬੁਲਾਈ ਗਈ ਮੀਟਿੰਗ ਦੀ ਪ੍ਰਧਾਨਗੀ ਮੁਟੱਕਾ ਵਕਫ਼ ਪ੍ਰਾਪਰਟੀ ਬੋਰਡ ਦੇ ਚੇਅਰਮੈਨ ਹਬੀਬੁਰ ਰਹਿਮਾਨ ਗਿਲਾਨੀ ਨੇ ਕੀਤੀ।
ਇਸ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ.ਐੱਸ.ਜੀ.ਪੀ.ਸੀ.) ਦੇ ਪ੍ਰਧਾਨ ਅਮੀਰ ਸਿੰਘ, ਬੋਰਡ ਦੀ ਉਪ ਸਕੱਤਰ ਸ਼ਿਰੀਨ ਸੈਫੁੱਲਾ ਖੋਖਰ ਤੋਂ ਇਲਾਵਾ ਪਾਕਿਸਤਾਨ ਰੇਂਜਰਾਂ ਅਤੇ ਪਾਕਿ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ, ਸਿਹਤ ਵਿਭਾਗ ਦੇ ਅਧਿਕਾਰੀ, ਰੇਲਵੇ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਵੀ ਪਹੁੰਚੇ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਦਾ ਅਟਾਰੀ-ਵਾਹਗਾ ਸਰਹੱਦ ’ਤੇ ਸਵਾਗਤ ਕੀਤਾ ਜਾਵੇਗਾ।
22 ਹਜ਼ਾਰ ਸ਼ਰਧਾਲੂਆਂ ਦੇ ਮੱਥਾ ਟੇਕਣ ਦੀ ਉਮੀਦ
ਬੋਰਡ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਾਲ ਪਾਕਿਸਤਾਨ 8000 ਵਿਦੇਸ਼ੀ ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਦੇਣ ਜਾ ਰਿਹਾ ਹੈ। ਇਨ੍ਹਾਂ ਵਿਚੋਂ 3 ਹਜ਼ਾਰ ਸ਼ਰਧਾਲੂ ਭਾਰਤ ਤੋਂ ਅਤੇ 5 ਹਜ਼ਾਰ ਵਿਸ਼ਵ ਭਰ ਤੋਂ ਹੋਣਗੇ। ਇਸ ਤੋਂ ਇਲਾਵਾ ਪਾਕਿਸਤਾਨ ਵਿੱਚ ਵਸੇ 14 ਹਜ਼ਾਰ ਸਿੱਖ ਸ਼ਰਧਾਲੂ ਵੱਖ-ਵੱਖ ਗੁਰੂਧਾਮਾਂ ਦੇ ਦਰਸ਼ਨ ਕਰਨਗੇ।
10 ਦਿਨਾਂ ਦਾ ਵੀਜ਼ਾ ਦਿੱਤਾ ਜਾਵੇਗਾ
ਮੀਟਿੰਗ ਵਿੱਚ ਦੱਸਿਆ ਗਿਆ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ 10 ਦਿਨਾਂ ਦਾ ਵੀਜ਼ਾ ਦਿੱਤਾ ਜਾਵੇਗਾ, ਜੋ ਕਿ 6 ਨਵੰਬਰ ਤੋਂ ਸ਼ੁਰੂ ਹੋਵੇਗਾ। ਭਾਰਤ ਤੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦਾ ਅਟਾਰੀ-ਵਾਹਗਾ ਸਰਹੱਦ ‘ਤੇ ਸਵਾਗਤ ਕੀਤਾ ਜਾਵੇਗਾ। 10 ਦਿਨਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਇਲਾਵਾ ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਆਦਿ ਗੁਰਦੁਆਰਿਆਂ ਦੇ ਦਰਸ਼ਨ ਵੀ ਕਰਨਗੇ।