ਥੋੜ੍ਹੀ ਦੇਰ ‘ਚ ਅਕਾਲੀ ਦਲ ਅਨੁਸ਼ਾਸਨੀ ਕਮੇਟੀ ਦੀ ਬੈਠਕ ਕਰਨ ਜਾ ਰਿਹਾ ਹੈ।ਦੱਸ ਦੇਈਏ ਕਿ ਬੀਬੀ ਜਗੀਰ ਕੌਰ ਨੇ ਖੁੱਲ੍ਹ ਕੇ ਬਾਗੀ ਤੇਵਰ ਨੇ ਦਿਖਾਏ ਹਨ।ਬੀਬੀ ਜਗੀਰ ਕੌਰ ਨੇ ਐਸਜੀਪੀਸੀ ਪ੍ਰਧਾਨ ਦੀ ਚੋਣ ਲੜਨ ਦਾ ਐਲਾਨ ਕੀਤਾ।ਜਦਕਿ ਪਾਰਟੀ ਵਲੋਂ ਮਨਾਉਣ ਦੀਆਂ ਕੋਸ਼ਿਸ਼ ਕੀਤੀਆਂ ਗਈਆਂ ਪਰ ਬੇਕਾਰ ਰਹੀਆਂ।ਅਨੁਸ਼ਾਸਨੀ ਕਮੇਟੀ ‘ਚ ਬਾਗੀ ਤੇਵਰ ਦਿਖਾ ਰਹੀ ਬੀਬੀ ਜਗੀਰ ‘ਤੇ ਐਕਸ਼ਨ ਲੈਣ ‘ਤੇ ਚਰਚਾ ਹੋਵੇਗੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGOC ) ਦੇ ਪ੍ਰਧਾਨ ਅਤੇ ਕਾਰਜਕਾਰਨੀ ਮੈਂਬਰਾਂ ਦੀ ਚੋਣ 9 ਨਵੰਬਰ ਨੂੰ ਹੋਣ ਜਾ ਰਹੀ ਹੈ। ਅਕਾਲੀ ਦਲ ਦੀ ਸਮਰਥਕ ਅਤੇ ਤਿੰਨ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਰਹਿ ਚੁੱਕੀ ਬੀਬੀ ਜਗੀਰ ਕੌਰ ਇਸ ਵਾਰ ਆਪ ਪਾਰਟੀ ਵਿਰੁੱਧ ਚੋਣ ਲੜਨ ਜਾ ਰਹੀ ਹੈ ਪਰ ਬੀਬੀ ਜਗੀਰ ਕੌਰ ‘ਤੇ ਅਜਿਹਾ ਨਾ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ। ਅਕਾਲੀ ਦਲ 4 ਨਵੰਬਰ ਤੱਕ ਉਸ ਦੇ ਫੈਸਲੇ ਦੀ ਉਡੀਕ ਕਰ ਰਿਹਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੇ ਗਰਮ ਲੋਹੇ ’ਤੇ ਸੱਟ ਮਾਰਦਿਆਂ ਪਰਧਾਨ ਦੀ ਚੋਣ ਲਿਫਾਫਾ ਕਲਚਰ ਵਿਚੋਂ ਨਿਕਲਣ ਦੀ ਪਿਰਤ ਬੰਦ ਕਰਨ ਦੀ ਮੰਗ ਕਰ ਲਈ ਹੈ। ਇੱਥੇ ਹੀ ਨਹੀਂ ਉਨ੍ਹਾਂ ਨੇ ਪ੍ਰਧਾਨਗੀ ਲਈ ਦਾਅਵਾ ਵੀ ਪੇਸ਼ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਬੀਬੀ ਦੇ ਬੋਝੇ ਵਿਚ 40 ਤੋਂ 50 ਮੈਂਬਰ ਪੈ ਚੁੱਕੇ ਹਨ। ਸ਼੍ਰੋਮਣੀ ਕਮੇਟੀ ਦੇ 170 ਮੈਂਬਰਾਂ ਵਿਚੋਂ 160 ਬਾਦਲ ਗਰੁੱਪ ਦੇ ਕੋਟੇ ਵਿਚੋਂ ਜਿੱਤੇ ਸਨ। ਮੈਂਬਰਾਂ ਦੀ ਟੁੱਟ-ਭੱਜ ਦੇ ਹਿਸਾਬ ਨਾਲ ਬਾਦਲਾਂ ਲਈ ਵੱਡਾ ਸੰਕਟ ਤਾਂ ਖੜ੍ਹਾ ਨਹੀਂ ਹੋ ਰਿਹਾ ਪਰ ਪਾਰਟੀ ਅੰਦਰ ਮੁੜ ਤੋਂ ਉੱਠੀ ਬਗ਼ਾਵਤ ਨੇ ਬਾਦਲਾਂ ਨੂੰ ਕੰਬਣੀ ਜ਼ਰੂਰ ਛੇੜ ਰੱਖੀ ਹੈ। ਇਹੋ ਵਜ੍ਹਾ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਬੀ ਜਗੀਰ ਕੌਰ ਨੂੰ ਮਨਾਉਣ ਲਈ ਦੋ ਵਾਰ ਆਪਣੇ ਬੰਦੇ ਭੇਜੇ ਹਨ। ਸੂਤਰ ਤਾਂ ਇਹ ਵੀ ਦਾਅਵਾ ਕਰਦੇ ਹਨ ਬੀਬੀ ਜਗੀਰ ਕੌਰ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਕੇ ਆਪਣੀ ਇੱਛਾ ਦੱਸ ਚੁੱਕੇ ਹਨ।
ਸੂਤਰਾਂ ਦੀ ਮੰਨੀਏ ਤਾਂ ਬੀਬੀ ਜਗੀਰ ਕੌਰ ਨੇ ਵੱਡੇ ਬਾਦਲ ਕੋਲ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਦੀਆਂ ਸ਼ਿਕਾਇਤਾਂ ਵੀ ਲਾਈਆਂ ਸਨ। ਸੂਤਰ ਇਹ ਵੀ ਦਾਅਵਾ ਕਰਦੇ ਹਨ ਤੇ ਵੱਡੇ ਬਾਦਲ ਨੇ ਆਪਣੀ ਆਦਤ ਮੁਤਾਬਿਕ ਮੂੰਹ ਨਹੀਂ ਖੋਲ੍ਹਿਆ ਹੈ। ਦੱਸ ਦਈਏ ਕਿ ਬੀਬੀ ਜਗੀਰ ਕੌਰ ਇਸ ਤੋਂ ਪਹਿਲਾਂ ਬਾਦਲਾਂ ਦੇ ਲਿਫਾਫੇ ਵਿਚੋਂ ਸ਼੍ਰੋਮਣੀ ਕਮੇਟੀ ਦੇ ਚਾਰ ਵਾਰ ਪ੍ਰਧਾਨ ਬਣੇ ਸਨ। ਸ਼੍ਰੋਮਣੀ ਅਕਾਲੀ ਦਲ ਦਾ ਹਾਲੇ ਤਕ ਦੁਆਬੇ ਵਿੱਚ ਆਧਾਰ ਮਜ਼ਬੂਤ ਨਹੀਂ ਹੋ ਸਕਿਆ ਹੈ । ਜੇ ਬੀਬੀ ਜਗੀਰ ਕੌਰ ਬਗਾਵਤ ਕਰਕੇ ਸ਼੍ਰੋਮਣੀ ਕਮੇਟੀ ਦੀ ਚੋਣ ਲੜਦੇ ਹਨ ਤਾਂ ਬਾਦਲਾਂ ਨੂੰ ਦੁਆਬੇ ਵਿੱਚ ਹੋਰ ਮਾਰ ਪੈ ਸਕਦੀ ਹੈ। ਬੀਬੀ ਜਗੀਰ ਕੌਰ ਜੇ ਪ੍ਰਧਾਨਗੀ ਦੀ ਚੋਣ ਵਿੱਚ ਪਛੜ ਜਾਂਦੇ ਹਨ ਤਾਂ ਉਨ੍ਹਾਂ ਦੇ ਭਵਿੱਖ ਉੱਤੇ ਵੀ ਸਵਾਲ ਲੱਗ ਜਾਂਦਾ ਹੈ।