ਅੱਜ ਫਰੀਦਕੋਟ ਬਸ ਅੱਡੇ ‘ਤੇ ਬੱਸਾਂ ਦੇ ਟਾਈਮ ਟੇਬਲ ਬਣਾਉਣ ਨੂੰ ਲੈ ਕੇ ਨਿੱਜੀ ਬਸ ਕੰਪਨੀ ਮਾਲਕ ਅਤੇ ਪੀ.ਆਰ.ਟੀ.ਸੀ. ਮੁਲਾਜ਼ਮਾਂ ‘ਚ ਕਾਫੀ ਤਕਰਾਰ ਹੋਇਆ। ਜਿਸ ਦੌਰਾਣ ਪੀ.ਆਰ.ਟੀ.ਸੀ. ਮੁਲਾਜ਼ਮਾਂ ਨੇ ਇਲਜ਼ਾਮ ਲਗਾਏ ਕੇ ਬੱਸਾਂ ਦੇ ਟਾਈਮ ਟੇਬਲ ਬਣਾਉਣ ਸਮੇਂ ਨਿੱਜੀ ਬਸ ਮਾਲਕ ਖੁਦ ਆਪਣੇ ਦਖਲ ਨਾਲ ਆਪਣੀ ਮਰਜ਼ੀ ਨਾਲ ਬੱਸਾਂ ਦਾ ਸਮਾਂ ਤੈਅ ਕਰਵਾਉਂਦੇ ਹਨ। ਜਿਸ ਨਾਲ ਸਰਕਾਰੀ ਬੱਸਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ ਅਤੇ RTA ਜਿਸ ਦਾ ਕੰਮ ਇਸ ਟਾਈਮ ਟੇਬਲ ਨੂੰ ਦੋਨਾਂ ਧਿਰਾਂ ਦੀ ਸਹਿਮਤੀ ਨਾਲ ਸੈੱਟ ਕਰਨਾ ਹੁੰਦਾ ਹੈ, ਉਥੇ ਟ੍ਰਾਂਸਪੋਰਟ ਮਾਫੀਆ ਹਾਵੀ ਹੋਣ ਨਾਲ ਨਿੱਜੀ ਬੱਸ ਚਾਲਕਾਂ ਦਾ ਹੀ ਪੱਖ ਲਿਆ ਜਾਂਦਾ ਹੈ।
ਦੂਜੇ ਪਾਸੇ ਨਿੱਜੀ ਬਸ ਮਾਲਕਾਂ ਦਾ ਕਹਿਣਾ ਹੈ ਕਿ ਹਮੇਸ਼ਾ ਟਾਈਮ ਟੇਬਲ ਬਣਾਉਣ ਸਮੇਂ ਨਿੱਜੀ ਬਸ ਮਾਲਕਾਂ ਅਤੇ ਸਰਕਾਰੀ ਬਸ ਦੇ ਮੁਲਾਜ਼ਮ ਸਾਂਝੇ ਤੌਰ ‘ਤੇ ਮਿਲ ਕੇ ਸਹਿਮਤੀ ਨਾਲ ਟਾਈਮ ਟੇਬਲ ਸੈੱਟ ਕਰਦੇ ਹਨ। ਜਿਸ ਨੂੰ ਬਾਅਦ ‘ਚ RTA ਵੱਲੋਂ ਫਾਈਨਲ ਕੀਤਾ ਜਾਂਦਾ ਹੈ ਪਰ ਪੀ.ਆਰ.ਟੀ.ਸੀ. ਮੁਲਾਜ਼ਮ ਗਲਤ ਇਲਜ਼ਾਮ ਲਗਾ ਕੇ ਇਤਰਾਜ਼ ਜਤਾ ਰਹੇ ਹਨ।
ਉਥੇ ਜਦੋਂ ਟਾਈਮ ਟੇਬਲ ਇੰਸਪੈਕਟਰ ਨਾਲ ਇਸ ਸਬੰਧੀ ਗਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਂਝੀ ਸਮਾਂ ਸਾਰਨੀ ਨਿੱਜੀ ਬਸ ਮਾਲਕਾਂ ਅਤੇ ਸਰਕਾਰੀ ਬੱਸਾਂ ਦੇ ਹਿਸਾਬ ਨਾਲ ਸੈੱਟ ਕਰ ਸਾਡੇ ਵਲੋਂ RTA ਨੂੰ ਭੇਜ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਹੀ ਆਪਣੇ ਹਿਸਾਬ ਨਾਲ ਬਦਲਾਅ ਕੀਤਾ ਜਾਂਦਾ ਹੈ ਤੇ ਸਾਡਾ ਇਸ ‘ਚ ਕੋਈ ਰੋਲ ਨਹੀਂ ਹੁੰਦਾ।