ਪੀ.ਐਸ.ਟੀ.ਸੀ.ਐਲ ਨੇ ਖਰੜ ਅਤੇ ਤਲਵੰਡੀ ਸਾਬੋ ਵਿਖੇ 160 ਐਮਵੀਏ ਅਤੇ 100 ਐਮਵੀਏ ਟਰਾਂਸਫਾਰਮਰ ਲਗਾਏ: ਹਰਭਜਨ ਸਿੰਘ ਈਟੀਓ
17.3 ਕਰੋੜ ਰੁਪਏ ਦੀ ਲਾਗਤ ਨਾਲ ਚਾਲੂ ਕੀਤੇ ਗਏ ਨਵੇਂ ਪਾਵਰ ਟਰਾਂਸਫਾਰਮਰ
ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇਥੇ ਦੱਸਿਆ ਕਿ ਪੰਜਾਬ ਰਾਜ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਟੀ.ਸੀ.ਐਲ) ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਸੂਬੇ ਦੇ ਲੋਕਾਂ ਨੂੰ ਭਰੋਸੇਯੋਗ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਸਾਲ 2024 ਦੇ ਪਹਿਲੇ 11 ਦਿਨਾਂ ਵਿੱਚ ਹੀ ਖਰੜ ਅਤੇ ਤਲਵੰਡੀ ਸਾਬੋ ਵਿਖੇ 17.3 ਕਰੋੜ ਰੁਪਏ ਦੀ ਲਾਗਤ ਨਾਲ ਕ੍ਰਮਵਾਰ 160 ਮੈਗਾਵੋਲਟ ਐਂਪੀਅਰ (ਐਮ.ਵੀ.ਏ.), 220/66 ਕਿਲੋਵਾਟ (ਕੇ.ਵੀ.) ਅਤੇ 100 ਮੈਗਾਵੋਲਟ ਐਂਪੀਅਰ (ਐਮ.ਵੀ.ਏ.) 220/66 ਕਿਲੋਵਾਟ (ਕੇ.ਵੀ.) ਪਾਵਰ ਟਰਾਂਸਫਾਰਮਰ ਚਾਲੂ ਕੀਤੇ ਗਏ ਹਨ।
ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਪੀ.ਐਸ.ਟੀ.ਸੀ.ਐਲ ਨੇ ਮੌਜੂਦਾ 100 ਐਮ.ਵੀ.ਏ, 220/66 ਕੇਵੀ ਪਾਵਰ ਟਰਾਂਸਫਾਰਮਰ ਨੂੰ ਬਦਲਣ ਲਈ 220 ਕੇਵੀ ਸਬਸਟੇਸ਼ਨ ਖਰੜ ਵਿਖੇ 9.88 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ 160 ਐਮਵੀਏ, 220/66 ਕੇਵੀ ਪਾਵਰ ਟਰਾਂਸਫਾਰਮਰ ਲਗਾਇਆ ਹੈ, ਜਦੋਂ ਕਿ 220 ਕੇਵੀ ਸਬਸਟੇਸ਼ਨ ਤਲਵੰਡੀ ਸਾਬੋ ਵਿਖੇ 7.42 ਕਰੋੜ ਰੁਪਏ ਦੀ ਲਾਗਤ ਨਾ 100 ਐਮ.ਵੀ.ਏ., 220/66 ਕੇ.ਵੀ ਸਮਰੱਥਾ ਦਾ ਵਾਧੂ ਪਾਵਰ ਟ੍ਰਾਂਸਫਾਰਮਰ ਚਾਲੂ ਕੀਤਾ ਗਿਆ ਹੈ।
ਬਿਜਲੀ ਮੰਤਰੀ ਨੇ ਕਿਹਾ ਕਿ ਖਰੜ ਖੇਤਰ ਵਿੱਚ ਸਥਾਪਿਤ ਉਦਯੋਗ ਪਿਛਲੇ 2-3 ਸਾਲਾਂ ਤੋਂ ਖਰੜ ਸਬਸਟੇਸ਼ਨ ਵਿਖੇ ਬਿਜਲੀ ਟਰਾਂਸਫਾਰਮਰ ਦੀ ਸਮਰੱਥਾ ਵਧਾਉਣ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਮੌਜੂਦਾ ਬਿਜਲੀ ਟਰਾਂਸਫਾਰਮਰ ਦੀ ਸਮਰੱਥਾ ਨਾਲੋਂ 60 ਐਮ.ਵੀ.ਏ ਵੱਧ ਸਮਰੱਥਾ ਵਾਲਾ ਟਰਾਂਸਫਾਰਮਰ ਲੱਗਣ ਨਾਲ ਹੁਣ ਇਸ ਖੇਤਰ ਦੀ ਸਨਅਤ ਨੂੰ ਆਉਣ ਵਾਲੇ ਸਮੇਂ ਵਿੱਚ ਬਿਜਲੀ ਸਬੰਧੀ ਕੋਈ ਸਮੱਸਿਆ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਇੰਨ੍ਹਾਂ ਟਰਾਂਸਫਾਰਮਰਾਂ ਦੇ ਚਾਲੂ ਹੋਣ ਨਾਲ ਖਰੜ ਅਤੇ ਤਲਵੰਡੀ ਸਬਸਟੇਸ਼ਨਾਂ ਤੋਂ ਬਿਜਲੀ ਪ੍ਰਾਪਤ ਕਰਨ ਵਾਲੇ ਖੇਤਰਾਂ ਦੇ ਉਦਯੋਗਾਂ ਅਤੇ ਆਮ ਲੋਕਾਂ ਨੂੰ ਭਰੋਸੇਯੋਗਤਾ ਅਤੇ ਮਿਆਰੀ ਬਿਜਲੀ ਸਪਲਾਈ ਦੇ ਪੱਖੋਂ ਲਾਭ ਮਿਲੇਗਾ।
ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ, ਸਸਤੀ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ।