PU Election: ਐਤਵਾਰ ਸਵੇਰੇ 10 ਵਜੇ ਤੋਂ ਬਾਅਦ ਪੰਜਾਬ ਯੂਨੀਵਰਸਿਟੀ ‘ਚ ਪ੍ਰਚਾਰ ਬੰਦ ਕਰਵਾ ਦਿੱਤਾ ਗਿਆ ਸੀ ਕਿਉਂਕਿ ਚੋਣਾਂ ਦੇ 48 ਘੰਟਿਆਂ ਪਹਿਲਾਂ ਪ੍ਰਚਾਰ ਦੀ ਮਨਾਹੀ ਸੀ। ਭਲਕੇ 18 ਅਕਤੂਬਰ ਨੂੰ ਚੋਣਾਂ ਹਨ। ਜਿਸਦੀ ਤਿਆਰੀ ਵੀ ਕਰ ਲਈ ਗਈ ਹੈ।
ਪੀਯੂ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਲਈ ਕੁੱਲ 8, ਮੀਤ ਪ੍ਰਧਾਨ ਦੇ ਅਹੁਦੇ ਲਈ 3, ਸਕੱਤਰ ਲਈ 4 ਅਤੇ ਸੰਯੁਕਤ ਸਕੱਤਰ ਲਈ 6 ਉਮੀਦਵਾਰ ਮੈਦਾਨ ਵਿੱਚ ਹਨ। ਪੰਜਾਬ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (PUSU) ਨੇ ਪਹਿਲੀ ਵਾਰ ਪ੍ਰਧਾਨ ਲਈ ਇੱਕ ਮਹਿਲਾ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ। PUSU ਤੋਂ ਇਲਾਵਾ ਸਟੂਡੈਂਟਸ ਫਾਰ ਸੁਸਾਇਟੀ (SFS) ਨੇ ਵੀ ਇੱਕ ਮਹਿਲਾ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਚੰਡੀਗੜ੍ਹ ਵਿੱਚ ਯੂਨੀਵਰਸਿਟੀ ਦੇ ਨਾਲ ਇਸ ਦੇ 11 ਮਾਨਤਾ ਪ੍ਰਾਪਤ ਕਾਲਜਾਂ ਵਿੱਚ ਮਹਾਂਮਾਰੀ ਕਾਰਨ ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ 18 ਅਕਤੂਬਰ ਨੂੰ ਚੋਣਾਂ ਹੋਣਗੀਆਂ। ਇਸ ਦੌਰਾਨ ਚੰਡੀਗੜ੍ਹ ਪੁਲੀਸ ਦੇ ਜਵਾਨਾਂ ਨੇ ਐਤਵਾਰ ਸ਼ਾਮ ਨੂੰ PU ਕੈਂਪਸ ਵਿੱਚ ਫਲੈਗ ਮਾਰਚ ਕੱਢਿਆ। ਫਲੈਗ ਮਾਰਚ ਦੀ ਅਗਵਾਈ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਕੀਤੀ। ਫਲੈਗ ਮਾਰਚ ਵਿੱਚ ਤਿੰਨ ਐਸਐਚਓਜ਼ ਅਤੇ ਦੋ ਡੀਐਸਪੀ ਰੈਂਕ ਦੇ ਅਧਿਕਾਰੀਆਂ ਸਮੇਤ ਘੱਟੋ-ਘੱਟ 150 ਪੁਲੀਸ ਮੁਲਾਜ਼ਮ ਹਾਜ਼ਰ ਸਨ। ਇਸ ਦੌਰਾਨ ਪੀਸੀਆਰ ਜਿਪਸੀਆਂ, ਦੰਗਾ ਕੰਟਰੋਲ ਵਾਹਨ, ਵਾਟਰ ਕੈਨਨ ਵੀ ਦੇਖੇ ਗਏ।
ਵੋਟਰਾਂ ਨੂੰ ਲਭਾਉਣ ਲਈ ਵਿਦਿਆਰਥੀ ਜਥੇਬੰਦੀਆਂ ਨੇ ਕੀਤੀਆਂ ਪਾਰਟੀਆਂ
ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ ਦੀਆਂ ਚੋਣਾਂ ਲੜ ਰਹੀਆਂ ਪਾਰਟੀਆਂ ਨੇ ਵੋਟਰਾਂ ਨੂੰ ਲੁਭਾਉਣ ਲਈ ਸਾਰੇ ਤਰੀਕੇ ਅਪਣਾਏ। ਇਹਨਾਂ ਵਿੱਚੋਂ ਇੱਕ ਨੇ ਸ਼ਹਿਰ ਦੇ ਕਲੱਬਾਂ ਵਿੱਚ ਬੇਅੰਤ ਸਨੈਕਸ ਅਤੇ ਸਾਫਟ ਡਰਿੰਕਸ ਨਾਲ ਫਰੈਸ਼ਰ ਪਾਰਟੀਆਂ, ਹੋਸਟਲਾਂ ਵਿੱਚ ਡਿਨਰ ਪਾਰਟੀਆਂ ਦੀ ਮੇਜ਼ਬਾਨੀ, ਵਿਭਾਗਾਂ ਤੋਂ ਹੋਸਟਲਾਂ ਤੱਕ ਮੁਫਤ ਲਿਫਟਾਂ, ਪਹਾੜੀ ਸਟੇਸ਼ਨਾਂ ਦੀਆਂ ਯਾਤਰਾਵਾਂ ਅਤੇ ਪੀਜ਼ਾ ਪਾਰਟੀਆਂ। ਕਲੱਬਾਂ ‘ਚ ਦਿੱਤਿਆਂ ਗਈਆਂ ਪਾਰਟੀਆਂ ‘ਚ ਗਾਇਕਾਂ ਨੂੰ ਬੁਲਾ ਪਾਰਟੀ ਦਾ ਪ੍ਰਚਾਰ ਵੀ ਕੀਤਾ ਗਿਆ।
ਕਈ ਵਿਦਿਆਰਥੀ ਆਗੂਆਂ ਨੇ ਇਹ ਵੀ ਕਿਹਾ ਕਿ ਕਲੱਬਾਂ ਵਿੱਚ ਅਜਿਹੀਆਂ ਪਾਰਟੀਆਂ ਦਾ ਖਰਚਾ ਲੱਖਾਂ ਵਿੱਚ ਹੁੰਦਾ ਹੈ। ਇਹ ਅਜਿਹੇ ਵਿਦਿਆਰਥੀ ਸੰਗਠਨਾਂ ਦੇ ਫੰਡਾਂ ‘ਤੇ ਸਵਾਲ ਖੜ੍ਹੇ ਕਰਦਾ ਹੈ।