ਅੱਜ ਸਵੇਰੇ ਸੋਮਵਾਰ ਤੜਕਸਾਰ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ ਦੀ 89 ਬਟਾਲੀਅਨ ਦੀ ਬੀਓਪੀ ਰੋਸਾ ਦੀ ਸਰਹੱਦ ‘ਤੇ ਤਾਇਨਾਤ ਜਵਾਨਾਂ ਵੱਲੋਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕੀਤੇ ਪਾਕਿਸਤਾਨੀ ਡ੍ਰੋਨ ‘ਤੇ ਫਾਇਰ ਤੇ ਰੌਸ਼ਨੀ ਕਰਨ ਲਈ ਈਲੂ ਬੰਬ ਦਾਗੇ ਗਏ। ਇਸ ਮੌਕੇ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਮੌਕੇ ਦਾ ਜਾਇਜ਼ਾ ਲੈਣ ਲਈ ਪੁੱਜੇ।
ਇਹ ਵੀ ਪੜ੍ਹੋ;ਸਿੱਧੂ ਮੂਸੇਵਾਲਾ ਦਾ ਕਤਲ :ਦੇਸ਼ ਦੇ ਕਈ ਹਿੱਸਿਆਂ ਵਿੱਚ ਵੱਡੀ ਪੱਧਰ ‘ਤੇ ਐਨਆਈਏ ਵੱਲੋਂ ਛਾਪੇਮਾਰੀ
ਜਿਕਰਯੋਗ ਹੈ ਕਿ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐੱਸਐੱਫ ਦੀ 89 ਹੈੱਡਕੁਆਰਟਰ ਸ਼ਿਕਾਰ ਮਾਛੀਆਂ ਬਟਾਲੀਅਨ ਦੀ ਬੀਓਪੀ ਰੋਸਾ ਦੇ ਡਿਊਟੀ ‘ਤੇ ਤਾਇਨਾਤ ਜਵਾਨਾਂ ਵੱਲੋਂ ਸੋਮਵਾਰ ਸਵੇਰੇ ਪੰਜ ਵਜੇ ਦੇ ਕਰੀਬ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰ ਰਹੇ ਪਾਕਿਸਤਾਨੀ ਡਰੋਨ ‘ਤੇ 9 ਗੋਲੀਆਂ ਚਲਾਈਆਂ ਤੇ ਰੋਸ਼ਨੀ ਛੱਡਣ ਵਾਲੇ 2 ਈਲੂ ਬੰਬ ਵੀ ਛੱਡੇ ਗਏ।
ਸਰਹੱਦ ‘ਤੇ ਮੁਸਤੈਦ ਜਵਾਨਾਂ ਵੱਲੋਂ ਪਾਕਿਸਤਾਨੀ ਡਰੋਨ ਦੀ ਭਾਰਤੀ ਖੇਤਰ ਵਿਚ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਸਬੰਧਤ ਏਰੀਏ ‘ਚ ਬੀਐਸਐਫ ਤੇ ਪੰਜਾਬ ਪੁਲਿਸ ਵਲੋਂ ਸਾਂਝਾ ਸਰਚ ਮੁਹਿੰਮ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਡੀਆਈਜੀ ਪ੍ਰਭਾਕਰ ਜੋਸ਼ੀ ਵੱਲੋਂ ਸਰਹੱਦੀ ਪਿੰਡ ਰੋਸਾ, ਚੰਦੂ ਵਡਾਲਾ ਆਦਿ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਖੇਤਾਂ ਵਿੱਚ ਚੈਕਿੰਗ ਤੇ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਬੀਐਸਐਫ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।