ਪੰਜਾਬ ‘ਚ ਇੱਕ ਵਾਰ ਫਿਰ ਤੋਂ ਲਾਕਡਾਊਨ ਵਰਗੇ ਹਾਲਾਤ ਪੈਦਾ ਹੋਣ ਜਾ ਰਹੇ ਹਨ।ਲਾਕਡਾਊਨ ਜਿਸਦਾ ਭਾਵ ਸਭ ਕੁਝ ਬੰਦ ਹੁੰਦਾ ਹੈ, ਸੋਮਵਾਰ ਨੂੰ ਪੰਜਾਬ ‘ਚ ਅਜਿਹਾ ਹੀ ਕੁਝ ਹੋਵੇਗਾ, ਜਾਂ ਫਿਰ ਸਿੱਧੇ ਸ਼ਬਦਾਂ ‘ਚ ਕਹੀਏ ਤਾਂ ਕਿਸਾਨ ਭਲਕੇ ਪੰਜਾਬ ਬੰਦ ਕਰਵਾਉਣ ਜਾ ਰਹੇ ਹਨ।ਇਸ ਦੌਰਾਨ ਕਿਸਾਨਾਂ ਵੱਲੋਂ ਸਾਰੇ ਸਕੂਲ, ਕਾਲਜ, ਦਫ਼ਤਰ ਤੇ ਹਰ ਤਰ੍ਹਾਂ ਦੇ ਅਦਾਰੇ ਇੱਥੋਂ ਤੱਕ ਕਿ ਸੜਕੀ ਤੇ ਰੇਲ ਆਵਾਜਾਈ ਵੀ ਠੱਪ ਕੀਤੀ ਜਾਵੇਗੀ।
ਇਹ ਐਲਾਨ ਬੀਤੇ ਦਿਨੀਂ ਖਨੌਰੀ ਬਾਰਡਰ ਬੈਠੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਕੀਤਾ ਗਿਆ ਸੀ।ਪੰਧੇਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਸੀ ਕਿ 30 ਦਸੰਬਰ ਨੂੰ ਪੰਜਾਬ ਦੇ ਸਾਰੇ ਦਫ਼ਤਰ ਬੰਦ ਕਰਵਾਏ ਜਾਣਗੇ।ਇਸ ਸਬੰਧੀ ਸਾਰੇ ਦਫ਼ਤਰਾਂ ਨੂੰ ਕਿਸਾਨ ਅਗਾਊਂ ਸੂਚਨਾ ਦੇ ਰਹੇ ਹਨ।ਉਨ੍ਹਾਂ ਦੱਸਿਆ ਕਿ ਅਸੀਂ ਮੁਲਜ਼ਮ ਜਥੇਬੰਦੀਆਂ ਨਾਲ ਗੱਲਬਾਤ ਕਰ ਰਹੇ ਹਾਂ।ਜਥੇਬੰਦੀਆਂ ਨੂੰ ਬੰਦ ਦੇ ਸੱਦੇ ਨੂੰ ਸਮਰਥਣ ਦੇਣ ਲਈ ਅਪੀਲ ਕੀਤੀ ਗਈ।ਜ਼ਿਆਦਾਤਰ ਜਥੇਬੰਦੀਆਂ ਤਾਂ ਪਹਿਲਾਂ ਹੀ ਕਿਸਾਨਾਂ ਨੂੰ ਸਮਰਥਨ ਦੇ ਚੁੱਕੀਆਂ ਹਨ।ਇਸਦੇ ਨਾਲ ਹੀ ਕਿਸਾਨ ਆਗੂਆਂ ਨੇ ਭੁੱਖ ਹੜਤਾਲ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਗੱਲ ਕਰਦਿਆਂ ਆਖਿਆ ਕਿ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਪਰ ਸਮੇਂ ਦੀਆਂ ਸਰਕਾਰਾਂ ਕੋਈ ਧਿਆਨ ਨਹੀਂ ਦੇ ਰਹੀਆਂ।
ਕਿਸਾਨ ਆਗੂਆਂ ਨੇ ਦੱਸਿਆ ਕਿ 30 ਦਸੰਬਰ ਨੂੰ ਸਿਰਫ ਦੁਕਾਨਾਂ, ਦਫਤਰ, ਸਕੂਲ ਕਾਲਜ ਹੀ ਨਹੀਂ ਬੰਦ ਰਹਿਣਗੇ ਸਗੋਂ ਇਸ ਤੋਂ ਇਲਾਵਾ ਸੜਕੀ ਆਵਾਜਾਈ ਵੀ ਠੱਪ ਕੀਤੀ ਜਾਵੇਗੀ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬੰਦ ਦੇ ਸਮਰਥਣ ‘ਚ ਪਿੰਡਾਂ ਅੰਦਰ ਅਨਾਊਸਮੈਂਟ ਕਰਵਾ ਦਿੱਤੀ ਜਾਵੇ।ਸੋਮਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੂਰਾ ਪੰਜਾਬ ਮੁਕੰਮਲ ਬੰਦ ਕਰਵਾਇਆ ਜਾਵੇਗਾ।