Expansion of Girls Hostel and Construction of New Boys Hostel: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਲੜਕੀਆਂ ਦੇ ਹੋਸਟਲ ਦੇ ਵਿਸਤਾਰ ਅਤੇ ਲੜਕਿਆਂ ਲਈ ਨਵੇਂ ਹੋਸਟਲ ਦੀ ਉਸਾਰੀ ਵਾਸਤੇ ਸੂਬਾ ਸਰਕਾਰ ਜਲਦੀ ਤਕਰੀਬਨ 49 ਕਰੋੜ ਰੁਪਏ ਜਾਰੀ ਕਰੇਗੀ।
ਹੋਸਟਲਾਂ ਵਾਲੀ ਥਾਂ ਦਾ ਦੌਰਾ ਕਰਨ ਪਹੁੰਚੇ ਮੁੱਖ ਮੰਤਰੀ ਨੇ ਕਿਹਾ ਕਿ ਲੜਕੀਆਂ ਦੇ ਦੋ ਮੰਜ਼ਿਲਾ ਹੋਸਟਲ ਉਤੇ ਪੰਜ ਮੰਜ਼ਿਲਾਂ ਦਾ ਹੋਰ ਨਿਰਮਾਣ ਕੀਤਾ ਜਾਵੇਗਾ, ਜਦੋਂ ਕਿ ਲੜਕਿਆਂ ਲਈ ਛੇ ਮੰਜ਼ਿਲਾ ਹੋਸਟਲ ਦੀ ਉਸਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਭਵਿੱਖੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਹੋਸਟਲਾਂ ਦਾ ਨਿਰਮਾਣ ਕੀਤਾ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਦਾ ਧਿਆਨ ਯੂਨੀਵਰਸਿਟੀ ਵਿੱਚ ਪੜ੍ਹਾਈ ਦੌਰਾਨ ਆਪਣੇ ਲਈ ਪੇਇੰਗ ਗੈਸਟ ਜਾਂ ਰਹਿਣ ਲਈ ਕੋਈ ਹੋਰ ਥਾਂ ਲੱਭਣ ਦੀ ਬਜਾਏ ਸਿੱਖਿਆ ‘ਤੇ ਕੇਂਦਰਤ ਕਰਨ ਲਈ ਇਹ ਹੋਸਟਲ ਸਮੇਂ ਦੀ ਲੋੜ ਹਨ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਸੂਬੇ ਦੀ ਸ਼ਾਨਾਮੱਤੀ ਵਿਰਾਸਤ ਦਾ ਹਿੱਸਾ ਹੈ ਅਤੇ ਇਸ ਨੇ ਕਈ ਅਹਿਮ ਹਸਤੀਆਂ ਪੈਦਾ ਕੀਤੀਆਂ ਹਨ, ਜਿਨ੍ਹਾਂ ਨੇ ਵੱਖ-ਵੱਖ ਖ਼ੇਤਰਾਂ ਵਿੱਚ ਆਪਣੀ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਸਟਾਫ਼, ਵਿਦਿਆਰਥੀਆਂ ਤੇ ਸੈਨੇਟ ਮੈਂਬਰਾਂ ਨੇ ਉਨ੍ਹਾਂ ਨੂੰ ਇੱਥੇ ਸੱਦਿਆ ਸੀ ਅਤੇ ਇਨ੍ਹਾਂ ਹੋਸਟਲਾਂ ਦੇ ਨਿਰਮਾਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦਿਆਂ ਇਨ੍ਹਾਂ ਹੋਸਟਲਾਂ ਦੀ ਉਸਾਰੀ ਆਧੁਨਿਕ ਲੀਹਾਂ ਉਤੇ ਕੀਤੀ ਜਾਵੇਗੀ।
ਅਸੀਂ ਪੰਜਾਬ ਯੂਨੀਵਰਸਿਟੀ ਦੇ ਕੁੜੀਆਂ ਤੇ ਮੁੰਡਿਆਂ ਦੇ ਹੋਸਟਲਾਂ ਦਾ ਨਵੀਨੀਕਰਨ ਕਰਨ ਜਾ ਰਹੇ ਹਾਂ, ਜਿਸ ਦਾ ਬਜਟ ₹50 ਕਰੋੜ ਹੈ
ਕੁੜੀਆਂ ਦੇ ਹੋਸਟਲ ਨੂੰ 2 ਮੰਜ਼ਿਲਾਂ ਤੋਂ 7 ਮੰਜ਼ਿਲ ਕਰਨ ਜਾ ਰਹੇ ਹਾਂ
ਮੇਰੇ ਇੱਥੇ ਆਉਣ ਦਾ ਮਕਸਦ ਇਹੀ ਹੈ ਕਿ ਸਟੂਡੈਂਟਸ,ਸਟਾਫ਼ ਤੇ Senate ਮੈਂਬਰਾਂ ਨਾਲ ਗੱਲ-ਬਾਤ ਕਰਕੇ ਸਾਰੀਆਂ ਸਹੂਲਤਾਂ ਨਾਲ ਲੈਸ ਹੋਸਟਲ… pic.twitter.com/hhCrzADFca
— AAP Punjab (@AAPPunjab) July 25, 2023
ਪੰਜਾਬ ਸੀਐਮ ਨੇ ਕਿਹਾ ਕਿ ਯੂਨੀਵਰਸਿਟੀ ਦੇ ਸਮੁੱਚੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ ਕਿਉਂਕਿ ਸੂਬੇ ਦੇ 175 ਕਾਲਜ ਇਸ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ। ਉਨ੍ਹਾਂ ਕਿਹਾ ਕਿ ਇਹ ਵੀ ਵੱਡੇ ਮਾਣ ਵਾਲੀ ਗੱਲ ਹੈ ਕਿ ਸਾਡੀ ਪਾਰਟੀ ਦੇ ਕਈ ਵਿਧਾਇਕਾਂ ਨੇ ਵੀ ਇਸ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਹੋਸਟਲ ਸਿਰਫ਼ ਚਾਰ ਕੰਧਾਂ ਵਾਲੇ ਕਮਰੇ ਹੀ ਨਹੀਂ ਹੋਣਗੇ, ਸਗੋਂ ਇਹ ਸਿੱਖਿਆ ਪ੍ਰਾਪਤ ਕਰਨ ਲਈ ਅਨੁਕੂਲ ਮਾਹੌਲ ਵੀ ਮੁਹੱਈਆ ਕਰਨਗੇ।
ਭਗਵੰਤ ਮਾਨ ਨੇ ਕਿਹਾ ਕਿ ਇਸ ਹੋਸਟਲ ਵਿੱਚ ਸਾਫ਼-ਸੁਥਰੇ ਪਖਾਨਿਆਂ ਦੇ ਨਾਲ-ਨਾਲ ਡਾਈਨਿੰਗ ਹਾਲ ਤੇ ਕਾਮਨ ਰੂਮ ਹੋਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਹਰੇਕ ਛੇ ਕਮਰਿਆਂ ਪਿੱਛੋਂ ਪਖ਼ਾਨੇ ਬਣਾਉਣ ਦੀ ਰਵਾਇਤ ਦੇ ਉਲਟ ਹੁਣ ਹਰੇਕ ਚਾਰ ਕਮਰਿਆਂ ਮਗਰੋਂ ਪਖ਼ਾਨਿਆਂ ਦਾ ਨਿਰਮਾਣ ਕੀਤਾ ਜਾਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਸਹੂਲਤ ਮਿਲੇ। ਭਗਵੰਤ ਮਾਨ ਨੇ ਕਿਹਾ ਕਿ ਖੋਜਾਰਥੀਆਂ ਤੇ ਹੋਰਾਂ ਲਈ 38 ਕਮਰੇ ਅਟੈਚਡ ਬਾਥਰੂਮਾਂ ਵਾਲੇ ਬਣਾਏ ਜਾਣਗੇ।
ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਨਿਰਮਾਣ ਮੁਕੰਮਲ ਹੋਣ ਮਗਰੋਂ ਇਹ ਹੋਸਟਲ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਸਾਲਾਂ ਦੌਰਾਨ ਘਰ ਵਰਗੀ ਠਹਿਰ ਦੇਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਆਪਣੇ ਹੋਸਟਲ ਵਾਲੇ ਕਮਰਿਆਂ ਨਾਲ ਖ਼ਾਸ ਭਾਵੁਕ ਸਾਂਝ ਹੁੰਦੀ ਹੈ, ਖ਼ਾਸ ਤੌਰ ਉਤੇ ਉਦੋਂ, ਜਦੋਂ ਉਨ੍ਹਾਂ ਦੇ ਮਾਪੇ ਜਾਂ ਦਾਦਾ-ਦਾਦੀ ਵੀ ਇੱਥੇ ਰਹਿ ਕੇ ਪੜ੍ਹੇ ਹੋਣ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਖ਼ੇਤਰ ਨੂੰ ਵਿਸ਼ੇਸ਼ ਤਵੱਜੋ ਦੇ ਰਹੀ ਹੈ, ਚਾਹੇ ਉਹ ਸਕੂਲ ਤੇ ਕਾਲਜ ਪੱਧਰ ਦੀ ਸਿੱਖਿਆ ਹੋਵੇ ਜਾਂ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਹੋਵੇ।
ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਹੈ…ਸਾਡੀ ਸਰਕਾਰ ਯੂਨੀਵਰਸਿਟੀ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦੇਵੇਗੀ…
ਪੰਜਾਬ ਯੂਨੀਵਰਸਿਟੀ ‘ਚ ਬਣਨ ਵਾਲੇ ਹੋਸਟਲ ਦਾ ਨਿਰੀਖਣ ਕਰਨ ਪਹੁੰਚੇ ਹਾਂ…ਚੰਡੀਗੜ੍ਹ ਤੋਂ Live https://t.co/phW4JJnK0c
— Bhagwant Mann (@BhagwantMann) July 25, 2023
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸੂਬੇ ਦੇ ਸੱਭਿਆਚਾਰ, ਸਾਹਿਤ ਤੇ ਅਮੀਰ ਵਿਰਾਸਤ ਦਾ ਹਿੱਸਾ ਹੋਣ ਦੀ ਗੱਲ ਆਖਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਹਰਿਆਣਾ ਦੇ ਕਿਸੇ ਵੀ ਕਾਲਜ ਨੂੰ ਯੂਨੀਵਰਸਿਟੀ ਤੋਂ ਮਾਨਤਾ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਯੂਨੀਵਰਸਿਟੀ ਦਾ ਦਰਜਾ ਬਦਲਣ ਲਈ ਬਾਕਾਇਦਾ ਕੋਸ਼ਿਸ਼ਾਂ ਹੋ ਰਹੀਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਵਿਦਿਆਰਥੀਆਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਅਜਿਹੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ।
ਵਿਧਾਨ ਸਭਾ ਸੈਸ਼ਨ ਦੀ ਕਾਨੂੰਨੀ ਪ੍ਰਮਾਣਕਿਤਾ ਬਾਰੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਬਿਆਨ ਉਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਚੇਤੇ ਕਰਵਾਇਆ ਕਿ ਤੁਹਾਡੇ ਨਜ਼ਰੀਏ ਤੋਂ ਤਾਂ ਬਜਟ ਸੈਸ਼ਨ ਵੀ ਗ਼ੈਰ-ਕਾਨੂੰਨੀ ਸੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਰਾਜਪਾਲ ਨੂੰ ਕਾਨੂੰਨੀ ਪਹਿਲੂਆਂ ਬਾਰੇ ਯਾਦ ਕਰਵਾਉਣ ਤੋਂ ਬਾਅਦ ਹੀ ਉਨ੍ਹਾਂ ਇਸ ਸੈਸ਼ਨ ਦੀ ਪ੍ਰਵਾਨਗੀ ਦਿੱਤੀ ਸੀ। ਭਗਵੰਤ ਮਾਨ ਨੇ ਕਿਹਾ ਕਿ ਇਹ ਸੈਸ਼ਨ ਭਾਰਤ ਦੇ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਦੇ ਅਨੁਕੂਲ ਸੀ ਅਤੇ ਇਹ ਪੂਰੀ ਤਰ੍ਹਾਂ ਜਾਇਜ਼ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h